ਪਿੰਡ ਢਿੱਲਵਾਂ ਕਲਾਂ ਦੇ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
ਫਰੀਦਕੋਟ/ਭਲੂਰ 27 ਜੁਲਾਈ (ਬੇਅੰਤ ਗਿੱਲ) ਕਿਸੇ ਵੀ ਵਿਅਕਤੀ ਦੀ ਸ਼ਖਸ਼ੀਅਤ ਨੂੰ ਨਿਖਾਰਨ ਅਤੇ ਸਮੇਂ ਦੀ ਸਿਰਜਣਾ ਕਰਨ ਵਿੱਚ ਮਾਂ-ਬਾਪ ਅਤੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਾ ਇਲਾਕੇ ਦੇ ਅੱਖਾਂ ਦੇ ਮਾਹਰ ਡਾ. ਪ੍ਰਭਦੇਵ ਸਿੰਘ ਬਰਾੜ ਨੇ ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਸ਼ਹੀਦ ਗੁਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ ਵਿਖੇ ਆਪਣੇ ਸਤਿਕਾਰਯੋਗ ਪਿਤਾ ਸਵ: ਜਗਦੇਵ ਸਿੰਘ ਬਰਾੜ ਸੇਵਾਮੁਕਤ ਅਧਿਆਪਕ ਦੀ ਨਿੱਘੀ ਯਾਦ ’ਚ ਕਰਵਾਏ ਗਏ ਸਨਮਾਨ ਸਮਾਗਮ ਸਮੇਂ ਆਪਣੇ ਸੰਬੋਧਨ ਵਿੱਚ ਕੀਤਾ। ਉਹਨਾਂ ਆਖਿਆ ਕਿ ਸਮੇਂ ਦੀ ਕਦਰ, ਅਨੁਸ਼ਾਸ਼ਨ ਦੀ ਪਾਲਣਾ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਹਾਂਪੱਖੀ ਨਜਰੀਆ ਰੱਖਣ ਵਾਲੇ ਬੱਚੇ ਹੀ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਪਾਉਂਦੇ ਹਨ। ਉਹਨਾਂ ਨਜਰ ਦੀਆਂ ਬੱਚਿਆਂ ਨੂੰ ਲੱਗ ਰਹੀਆਂ ਐਨਕਾਂ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕੁਝ ਅਹਿਮ ਨੁਕਤੇ ਵੀ ਸਾਂਝੇ ਕੀਤੇ। ਇਸੇ ਸਮਾਗਮ ਦੌਰਾਨ ਮਾ. ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਸੋਮਇੰਦਰ ਸੁਨਾਮੀ, ਪ੍ਰੇਮ ਚਾਵਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਮਨਦੀਪ ਸਿੰਘ ਮਿੰਟੂ ਗਿੱਲ, ਜਸਵਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਫੌਜੀ, ਸੁਰਿੰਦਰ ਸਿੰਘ ਸਦਿਓੜਾ, ਸੰਦੀਪ ਦਿਉੜਾ ਅਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਆਦਿ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੇ ਜੀਵਨ ’ਚ ਕੰਮ ਆਉਣ ਵਾਲੇ ਕਈ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਨੈਤਿਕਤਾ ਦਾ ਪਾਠ ਪੜਾਉਣ ਲਈ ਅਨੇਕਾਂ ਧਾਰਮਿਕ ਅਸਥਾਨ ਅਤੇ ਵਿਦਿਅਕ ਅਦਾਰੇ ਹੋਣ ਦੇ ਬਾਵਜੂਦ ਵੀ ਸਮਾਜਿਕ ਕੁਰੀਤੀਆਂ ਦਾ ਬੋਲਬਾਲਾ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਬੱਚਿਆਂ ਦੇ ਭਵਿੱਖ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨ ਮੌਕੇ ਅਨੇਕਾਂ ਉਸਾਰੂ ਸੁਝਾਅ ਦਿੱਤੇ ਅਤੇ ਵੱਖ ਵੱਖ ਉਦਾਹਰਨਾ ਦੇ ਕੇ ਦਲੀਲਾਂ ਨਾਲ ਸਮਝਾਉਣ ਦੀ ਕੌਸ਼ਿਸ਼ ਕੀਤੀ। ਸਕੂਲ ਮੁਖੀ ਮੈਡਮ ਮਿਤਰੇਸ਼ੀ ਗੁਪਤਾ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ ’ਤੇ ਡਾ. ਪ੍ਰਭਦੇਵ ਸਿੰਘ ਬਰਾੜ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਉਹਨਾਂ ਦਸਵੀਂ ਜਮਾਤ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਨੂੰ 15,000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨਿਸ਼ਾ ਕੌਰ ਪੁੱਤਰੀ ਜਸਵਿੰਦਰ ਸਿੰਘ ਨੂੰ 13,000 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਗੁਲਤਨਿਆ ਪੁੱਤਰੀ ਸਦੀਕ ਖਾਨ ਨੂੰ 10,000 ਰੁਪਏ ਦੇ ਨਗਦ ਇਨਾਮਾਂ, ਸਰਟੀਫਿਕੇਟਾਂ ਨਾਲ ਅਤੇ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੈਡਲ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸੁਸਾਇਟੀ ਵਲੋਂ ਮੁੱਖ ਮਹਿਮਾਨ ਡਾ. ਪ੍ਰਭਦੇਵ ਸਿੰਘ ਬਰਾੜ ਅਤੇ ਸਕੂਲ ਮੁਖੀ ਮੈਡਮ ਮਿਤਰੇਸ਼ੀ ਗੁਪਤਾ ਸਮੇਤ ਸਮੂਹ ਸਟਾਫ ਦਾ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਰਾਮਸਰ, ਵਿਨੋਦ ਕੁਮਾਰ ਧਵਨ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰਜ ਵੀ ਸ਼ਾਮਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly