ਸਿੱਧੂ ਜੋੜੀ ਨੇ ਪਟਿਆਲਾ ਤੇ ਧੀ ਰਾਬੀਆ ਨੇ ਅੰਮ੍ਰਿਤਸਰ ‘ਚ ਕੋਠੀ ‘ਤੇ ਲਾਇਆ ਕਾਲਾ ਝੰਡਾ, ਜਾਣੋ ਵਜ੍ਹਾ

ਪਟਿਆਲਾ ਅੰਮ੍ਰਿਤਸਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ: ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਸਥਿਤ ਆਪਣੀ ਨਿੱਜੀ ਰਿਹਾਇਸ਼ ਦੀ ਛੱਤ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨੀ ਮੋਰਚੇ ਦੇ ਹੱਕ ਵਿਚ ਕਾਲਾ ਝੰਡਾ ਲਗਾ ਦਿੱਤਾ ਹੈ। ਹਾਲਾਂਕਿ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੋਠੀ ‘ਤੇ ਕਾਲਾ ਝੰਡਾ ਉਨ੍ਹਾਂ ਦੀ ਬੇਟੀ ਰਾਬੀਆ ਨੇ ਲਗਾਇਆ।ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਦੀ ਸਵੇਰ ਟਵੀਟ ‘ਤੇ ਆਪਣੇ ਘਰ ‘ਤੇ ਕਾਲਾ ਝੰਡਾ ਲਹਿਰਾਉਣ ਦੀ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕਿਸਾਨ ਉਡੀਕ ਰਿਹਾ ਹੈ ਕਿ ਕਦੋਂ ਪੰਜਾਬ ਆਪਣੀ ਖ਼ੁਦਮੁਖਤਿਆਰੀ ਦੀ ਰਾਹ ‘ਤੇ ਚੱਲੇਗਾ।

ਸਿੱਧੂ ਨੇ ਕਿਹਾ ਕਿ ਕਰੀਬ ਪੱਚੀ ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਹੈ। ਆਮਦਨ ਅਤੇ ਉਪਜ ਦੋਵੇਂ ਘਟ ਰਹੇ ਹਨ ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਕਿਸਾਨ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ਤੇ ਪੰਜਾਬ ਵੀ ਪੱਛੜ ਕੇ ਰਹਿ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਅਤੇ ਜਦ ਤਕ ਸਿਸਟਮ ਬਦਲਿਆ ਨਹੀਂ ਜਾਂਦਾ ਉਦੋਂ ਤਕ ਉਨ੍ਹਾਂ ਦੇ ਘਰ ਦੀ ਛੱਤ ‘ਤੇ ਇਕ ਕਾਲਾ ਝੰਡਾ ਲਹਿਰਾਉਂਦਾ ਰਹੇਗਾ।

ਨਵਜੋਤ ਸਿੱਧੂ ਨੇ ਕੱਲ੍ਹ ਟਵੀਟ ਕਰ ਕੇ ਕਿਹਾ ਸੀ ਕਿ 25 ਮਈ ਨੂੰ ਸਵੇਰੇ 9:30 ਵਜੇ ਆਪਣੇ ਦੋਹਾਂ ਘਰਾਂ (ਅੰਮ੍ਰਿਤਸਰ ਤੇ ਪਟਿਆਲਾ) ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਾਲਾ ਝੰਡਾ ਲਹਿਰਾਉਣਗੇ I ਨਵਜੋਤ ਸਿੱਧੂ ਨੇ ਸਭ ਨੂੰ ਬੇਨਤੀ ਹੈ ਕਿ ਜਦ ਤਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖਰੀਦ ਤੇ ਜਿਣਸਾਂ ‘ਤੇ ਐਮਐਸਪੀ ਯਕੀਨੀ ਬਣਾਉਣ ਲਈ ਕੋਈ ਬਦਲਵਾਂ ਹੱਲ ਨਹੀਂ ਕੱਢਿਆ ਜਾਂਦਾ ਤਦ ਤਕ ਅਜਿਹਾ (ਹਰ ਛੱਤ ‘ਤੇ ਕਾਲਾ ਝੰਡਾ) ਕੀਤਾ ਜਾਵੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲ਼ਾ ਦਿਵਸ
Next article*ਤਫ਼ਸੀਲ – ਏ- ਨਜ਼ਰੀਆ*