(ਸਮਾਜ ਵੀਕਲੀ)
ਬਾਬਾ ਸ਼ੇਖ ਫਰੀਦ ਜੀ ਦਾ ਕਥਨ ਹੈ, ਮੈਂ ਜਣਿਆ ਦੁੱਖ ਮੁਝ ਕਉ ਦੁਖ ਸਵਾਇਆ ਜੱਗ ਕੋਠੇ ਚੜ ਕੈ ਦੇਖਿਆ ਘਰ ਦੇਹਾਂ ਅੱਗ। ਸਰਕਾਰੀ ਸਕੂਲਾਂ ਦੀ ਮਾਪੇ ਅਧਿਆਪਕ ਮਿਲਣੀ ਦੌਰਾਨ ਪਿੱਛੜੇ ਹੋਏ, ਗਰੀਬ ਤੇ ਮਜਬੂਰ ਮਾਪਿਆਂ ਦੀਆਂ ਸਮੱਸਿਆਵਾਂ ਸੁਨਣ ਨੂੰ ਮਿਲੀਆਂ ਲੋਕ ਕਿਸ ਹੱਦ ਤੱਕ ਅਤਿ ਦੁੱਖਦਾਈ ਹਾਲਤਾਂ ਵਿੱਚ ਰਹਿ ਰਿਹਾ ਹੈ। ਖਾਸ ਕਰਕੇ ਔਰਤਾਂ ਸਾਰੀ ਉਮਰ ਨਸ਼ੱਈ ਪਤੀ ਦੀ ਕੁੱਟਮਾਰ ਝੱਲਦਿਆਂ ਘਰ ਦੇ ਖਰਚੇ ਕਿਵੇਂ ਪੂਰੇ ਕਰਦੀਆਂ ਹਨ। ਉਨ੍ਹਾਂ ਦਾਂ ਅੱਖਾਂ ਵਿੱਚ ਇਹ ਡਰ ਸਾਫ ਸਾਫ ਦੇਖਣ ਨੂੰ ਮਿਲਿਆ ਕਿ ਉਸਦਾ ਪੁੱਤਰ ਵੀ ਪਿਉ ਵਾਗੂੰ ਨਸ਼ਿਆ ਦੀ ਦਲਦਲ ਵਿੱਚ ਨਾ ਫਸ ਜਾਵੇ। ਉਹ ਇਸ ਆਸ ਨਾਲ ਦਿਹਾੜੀ ਮਜਦੂਰੀ ਕਰ ਰਹੀਆਂ ਹਨ ਕਿ ਪੜਾਈ ਦੇ ਜਰੀਏ ਸ਼ਾਇਦ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਚੰਗੇ ਦਿਨ ਦਿਖਾਉਣ ਕਈ ਵਿਦਿਆਰਥੀਆਂ ਦੀਆਂ ਦਾਦੀਆਂ ਤੇ ਨਾਨੀਆਂ ਨੇ ਆਪਣੀਆਂ ਆਪਣੀਆਂ ਹੱਡ ਬੀਤੀਆਂ ਸੁਣਾਈਆਂ।
ਦਾਦੀ ਤੋਂ ਪੁੱਛਿਆਂ ਗਿਆ ਕਿ ਇਹ ਬੱਚਾ ਗੁੰਮ-ਸੁੰਮ ਕਿਉਂ ਰਹਿੰਦਾ ਹੈ, ਉਨ੍ਹਾਂ ਦੱਸਿਆ ਇਸਦੇ ਪਿਉ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਮਾਂ ਤਲਾਕ ਲੈ ਕਿ ਬੈਠੀ ਹੈ, ਇਹ ਬੱਚੇ ਦੀ ਮੇਰੀ ਜਿੰਮੇਵਾਰੀ ਹੈ, ਅਸੀਂ ਦਾਦੀ ਪੋਤਾ ਕੱਲੇ ਹੀ ਰਹਿੰਦੇ ਹਾਂ । ਦਾਦੀ ਜੋ ਆਪ ਹੀ ਕੁੱਝ ਦਿਨ ਦੀ ਪ੍ਰਾਹਉਣੀ ਲੱਗਦੀ ਸੀ। ਉਸ ਬੱਚੇ ਬਾਰੇ ਸੋਚ ਕਿ ਮਨ ਭਰ ਆਇਆ। ਇੱਕ ਬੱਚੀ ਬਾਰੇ ਜਦੋਂ ਨਾਨੀ ਤੋਂ ਪੁੱਛਿਆ ਗਿਆ ਸੀ ਕਿ ਇਹ ਹਰ ਰੋਜ ਸਕੂਲ ਕਿਉ ਨਹੀਂ ਆਉਂਦੀ, ਉਸ ਨੇ ਅੱਖਾਂ ਭਰ ਕੇ ਦੱਸਿਆ ਕੇ ਧੀਏ ਕੀ ਦੱਸੀਏ ਜੇ ਝੱਗਾਂ ਚੱਕਦੇ ਹਾਂ, ਅਵਦਾ ਹੀ ਢਿੱਡ ਨੰਗਾ ਹੁੰਦਾ ਹੈ। ਇਹਦੀ ਮਾਮੀ ਨੇ ਜਹਿਰ ਪੀ ਕੇ ਆਤਮ ਹੱਤਿਆਂ ਕਰ ਲਈ ਸੀ ਤੇ ਇਹਦਾ ਨਾਨਾ ਤੇ ਦੋਹੇ ਮਾਮੇ ਤੇ ਇੱਕ ਮਾਮੀ ਜੇਲ ਕੱਟ ਰਹੇ ਹਨ। ਇਸ ਨੂੰ ਤਾਂ ਅਸੀਂ ਘਰ ਦਾ ਕੰਮ ਕਰਨ ਤੇ ਜਵਾਕਾ ਨੂੰ ਸਾਂਭਣ ਲਈ ਹੀ ਲਿਆਦਾ ਸੀ, ਪੜ੍ਹਨ ਦਾ ਇਸਨੂੰ ਬਹੁਤ ਸੌਂਕ ਹੈ।
ਇਹ ਬੱਚੀ ਘਰ ਦਾ ਕੰਮ ਕਰਦੀ ਹੈ, ਫੇਰ ਸਕੂਲ ਆਉਂਦੀ ਹੈ। ਖੇਡਣ ਮੱਲਣ ਦੀ ਉਮਰੇ ਏਡੀ ਵੱਡੀ ਜਿੰਮੇਵਾਰੀ ਚੁੱਕਦੀ ਹੈ, ਬੱਚੇ ਤੇ ਮੈਨੂੰ ਬੜਾ ਤਰਸ਼ ਆਇਆ. ਬਚਪਨ ਵਿੱਚ ਖੇਡਣ ਲਈ ਤਰਸ਼ਦੀ ਇਹ ਬੱਚੀ ਕਿੰਨੀਆਂ ਜਿੰਮੇਵਾਰੀਆਂ ਚੁੱਕ ਰਹੀ ਹੈ, ਉਸਦੀ ਪੜ੍ਹਾਈ ਪ੍ਰਤੀ ਰੁਚੀ ਦੇਖ ਉਸਨੂੰ ਦਿਲੋਂ ਸਲਾਮ ਕੀਤਾ। ਬਹੁਤ ਸਾਰੇ ਹੁਸਿਆਰ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਤ ਕੀਤਾ ਕਿ ਤੁਹਾਡੇ ਬੱਚੇ ਬੜੇ ਹੁਸ਼ਿਆਰ ਹਨ, ਤੁਹਾਡੇ ਚੰਗੇ ਦਿਨ ਜਰੂਰ ਆਉਣਗੇ, ਹੀਰੇ ਹਨ ਤੁਹਾਡੇ ਬੱਚੇ, ਜੇਕਰ ਤੁਸੀਂ ਇਹਨਾਂ ਦੀ ਪੜਾਈ ਦਾ ਧਿਆਨ ਦੇਵੋਂ ਤਾਂ ਉਨ੍ਹਾਂ ਦੀਆਂ ਅੱਖਾਂ ਖੁਸ਼ੀ ਵਿੱਚ ਝਲਕ ਪਈਆਂ। ਉਨ੍ਹਾਂ ਦੱਸਿਆ ਕਿ ਕਿੰਨਾ-ਕਿੰਨਾ ਮਜਬੂਰੀਆਂ ਵਿੱਚੋਂ ਨਿਕਲ ਕੇ ਇਹ ਬੱਚੇ ਆਂਉਂਦੇ ਹਨ। ਬੜੀ ਹੋਣਹਾਰ ਤੇ ਹੁਸਿਆਰ ਬੱਚੀ ਦੀ ਮਾਂ ਨੂੰ ਮੈਂ ਪੁੱਛਿਆ ਬੜੀ ਹੀ ਸਿਆਣੀ ਤੇ ਸਮਝਦਾਰ ਹੈ ਪਰ ਕਦੀ ਕਦੀ ਲੇਟ ਆਉਂਦੀ ਹੈ, ਉਨ੍ਹਾਂ ਦੱਸਿਆ ਕਿ ਅਸੀਂ ਨਾਲ ਦੇ ਪਿੰਡ ਭੱਠੇ ਤੇ ਕੰਮ ਕਰਦੇ ਹਾਂ, ਜੋ ਘੱਟੋਂ-ਘੱਟ 5-6 ਕਿਲੋਮੀਟਰ ਦੂਰ ਹੈ ਇਹ ਬੱਚੀ ਘਰੋਂ ਸਵਾ ਘੰਟਾ ਪਹਿਲਾ ਚੱਲ ਕੇ ਵੀ ਕਦੇ ਕਦੇ ਲੇਟ ਹੋ ਜਾਂਦੀ ਹੈ।
ਉਸ ਨੂੰ ਕਲਾਵੇਂ ਵਿੱਚ ਲੈਦਿਆਂ, ਮੈਂ ਕਿਹਾ ਤੂੰ ਸਾਇਕਲ ਸਿੱਖ ਲਾ, ਮੈਡਮ ਸਾਇਕਲ ਨਹੀਂ ਹੈ ਘਰ, ਸੋ ਕਲਾਸ ਦੀਆਂ ਲੜਕੀਆਂ ਦੀ ਹੀ ਸਕੂਲ ਵਿੱਚ ਅੱਧੀ ਛੁੱਟੀ ਮੌਕੇ ਸਾਇਕਲ ਸਿਖਾਉਣ ਦੀ ਡਿਊਟੀ ਲਾ ਦਿੱਤੀ। ਵਾਅਦਾ ਕੀਤਾ ਕੇ ਤੈਨੂੰ ਸਾਇਕਲ ਲੈ ਕੇ ਦੇਵਾਂਗੀ। ਕੁੱਝ ਮਾਪੇ ਉਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਸ਼ਾਨ ਸਨ ਜਿੰਨ੍ਹਾਂ ਤੋਂ ਖੁਦ ਅਧਿਆਪਕ ਤੰਗ ਸਨ। ਅਧਿਆਪਕ ਅਜਿਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿਕਾਇਤ ਕਰਨ ਦੀ ਤਾਕ ਵਿੱਚ ਸਨ। ਪਰ ਮਾਪੇ ਆਪ ਹੀ ਉਨ੍ਹਾਂ ਦੀਆਂ ਸਿਕਾਇਤਾ ਦਾ ਪਿਟਾਰਾ ਖੋਲ ਕੇ ਬੈਠ ਗਏ। ਮਾਪਿਆਂ ਵੱਲੋਂ ਸਿਕਾਇਤਾਂ ਮਿਲੀਆਂ ਕਿ ਬੱਚੇ ਮੋਬਾਇਲ ਤੇ ਗੇਮਾਂ ਬਹੁਤ ਖੇਡਦੇ ਹਨ ਲੜਕੇ ਦੇ ਰਾਤ ਤੱਕ ਘਰੋਂ ਬਾਹਰ ਰਹਿੰਦੇ ਹਨ ਤੇ ਸਵੇਰ ਤੱਕ ਸੁੱਤੇ ਰਹਿੰਦੇ ਹਨ। ਵਿਦਿਆਰਥੀਆਂ ਨੂੰ ਸ਼ਭ ਤੋਂ ਜਿਆਦਾ ਨਸ਼ਿਆ ਤੇ ਮੋਬਾਇਲ ਦੀ ਦੁਰਵਰਤੋਂ ਨੇ ਬਰਬਾਦ ਕੀਤਾ ਹੈ। ਇਹ ਗੱਲ ਉਭਰ ਕੇ ਸਾਹਮਣੇ ਆਈ, ਗਰੀਬੀ ਕਾਰਣ ਮਾਪਿਆਂ ਵੱਲੋਂ ਪੂਰਾ ਧਿਆਨ ਨਾ ਦਿੱਤਾ ਜਾਣਾ ਕਿ ਵਿਦਿਆਰਥੀ ਦਾ ਸਕੂਲ ਵਿੱਚ ਪਛੜਨ ਦਾ ਕਾਰਨ ਹੈ। ਕਿਸ਼ੋਰ ਉਮਰ ਵਿੱਚ ਰਾਹ ਤੋਂ ਭਟਕਾਉਣ ਲਈ ਵਿਦਿਆਰਥੀਆਂ ਲਈ ਆਸੇ ਪਾਸੇ ਦਾ ਮਾਹੌਲ ਵੀ ਯੋਗਦਾਨ ਪਾ ਰਿਹਾਂ ਹੈ।
ਜੇਕਰ ਅਧਿਆਪਕ ਤੇ ਮਾਪੇ ਮਿਲ ਕੇ ਯਤਨ ਕਰੀਏ ਬਹੁਤ ਸਾਰੇ ਵਿਦਿਆਰਥੀਆਂ ਦੀ ਜਿੰਦਗੀ ਨੂੰ ਸਹੀ ਦਿਸ਼ਾ ਦਿਖਾਈ ਜਾ ਸਕਦੀ ਹੈ। ਭਾਵੇਂ ਅਸੀਂ ਸਾਰੇ ਸਮਾਜ ਦੇ ਦੁੱਖ ਤਾਂ ਨਹੀਂ ਦੂਰ ਕਰ ਸਕਦੇ ਪਰ ਸੰਪਰਕ ਵਿੱਚ ਆਉਂਦੇ ਕੁੱਝ ਕੁ ਲੋਕਾਂ ਦੀ ਖਾਸ਼ ਕਰ ਆਪਣੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਤਾਂ ਕਰ ਸਕਦੇ ਹਾਂ। ਬਹੁਤ ਸਾਰੇ ਅਧਿਆਪਕ ਬਿਨਾਂ ਸ਼ੱਕ ਇਹ ਸਹਾਇਤਾ ਕਰ ਰਹੇ ਹਨ, ਜੀਵਾਂ ਤੇ ਦਿਆ ਕਰਨੀ ਹੀ ਸੱਚਾ ਧਰਮ ਹੈ। ਮੰਦਰਾਂ ਗੁਰਦੂਆਰਿਆਂ ਵਿੱਚ ਦਾਨ ਦੇ ਕੇ ਅਤੇ ਸੇਵਾ ਕਰ ਹੀ ਧਰਮੀ ਨਹੀਂ ਬਣਿਆਂ ਜਾ ਸਕਦਾ। ਜੇਕਰ ਅਸੀਂ ਸਮਾਜ ਵਿੱਚ ਰਹਿੰਦਿਆਂ ਲੋਕਾਂ ਦਾ ਦੁੱਖ ਦਰਦ ਦੂਰ ਕਰਨ ਦੀ ਸੋਸ਼ਿਸ ਕਰੀਏ ਤਾਂ ਬਹੁਤ ਸਕੂਨ ਮਿਲਦਾ ਹੈ। ਅਧਿਆਪਕ ਕਿੱਤੇ ਵਿੱਚ ਪੁੰਨ ਵੀ ਹੈ ਅਤੇ ਫਲੀਆਂ ਵੀ । ਪੂਰੇ ਸਮਾਜ ਦੀ ਤਸਵੀਰ ਬਦਲ ਸਕਦੀ ਹੈ ਜੇਕਰ ਸਰਕਾਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪ੍ਰਤਿਭਾ ਭਾਂਵੇ ਉਹ ਖੇਡ ਦੇ ਖੇਤਰ ਵਿੱਚ ਹੋਵੇ ਉਸ ਨੂੰ ਮਾਪਿਆਂ ਦੀ ਸਹਾਇਤਾ ਨਾਲ ਬਾਹਰ ਕੱਢੀਏ। ਮਾਪੇ ਤੇ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸਮਝਣ ਤੇ ਉਹਨਾਂ ਦੀਆਂ ਮਜਬੂਰੀਆਂ ਦਾ ਪਤਾ ਲੱਗਦਾ ਹੈ।
ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਹਨ, ਉਹਨਾ ਬਾਰੇ ਪਤਾ ਲੱਗਦਾ ਹੈ। ਜੇਕਰ ਅਸੀਂ ਸਮਾਜ ਦੀ ਸਹੀ ਅਰਥਾਂ ਵਿੱਚ ਸੇਵਾ ਕਰ ਸਕਦੇ ਹਾਂ ਤਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਤਰਸਯੋਗ ਹਾਲਤ ਜਿਨ੍ਹਾਂ ਵਿੱਚ ਰਹਿ ਕੇ ਉਹ ਸਮਾਂ ਬਤੀਤ ਕਰ ਰਹੇ ਹਨ। ਉਸ ਵਾਰੇ ਹਮਦਰਦੀ ਦਿਖਾਉਂਦੇ ਹੋਏ ਉਹਨਾਂ ਨਾਲ ਉਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ। ਹਰ ਮਾਂ ਬਾਪ ਵੱਲੋਂ ਸਾਂਝੇ ਤੌਰ ਤੇ ਅਜਿਹੀਆਂ ਹੀ ਗੱਲਾਂ ਤੇ ਪਛਤਾਵਾਂ ਹੀ ਸੁਨਣ ਨੂੰ ਮਿਲਿਆ ਕਿ ਸਾਡੇ ਤੋਂ ਤਾਂ ਨਹੀਂ ਪੜਿਆਂ ਗਿਆ, ਸਾਡੇ ਬੱਚੇ ਕਿਸੇ ਵੀ ਤਰਾਂ ਪੜ੍ਹ ਲੈਂਣ। ਕੁੱਝ ਮਾਪਿਆਂ ਦੀਆਂ ਤਾਂ ਗੱਲਾਂ ਕਰਦਿਆ ਦੁੱਖ ਨਾਲ ਅੱਖਾਂ ਵੀ ਝਲਕ ਆਉਂਦੀਆਂ ਸਨ। ਕਈ ਵਿਦਿਆਰਥੀਆਂ ਦਾ ਵਾਰ-ਵਾਰ ਗੈਰਹਾਜਰ ਰਹਿਣ ਦਾ ਕਾਰਨ ਪਤਾ ਲੱਗਿਆ ਕੇ ਨਸ਼ਿਆ ਕਾਰਨ ਬਿਮਾਰ ਪਿਤਾ ਦੀ ਦਵਾਈ ਤੇ ਘਰ ਦਾ ਖਰਚਾ ਇਸ ਦੇ ਸਿਰ ਤੇ ਹੀ ਚੱਲਦਾ ਹੈ। ਉਸ ਤੋਂ ਵੱਡਾ ਦੁੱਖ ਇਸ ਗੱਲ ਤੇ ਹੋਇਆ ਕਿ ਪਿਉ ਨਸ਼ੇ ਕਰਕੇ ਉਸਨੂੰ ਅਤੇ ਉਸਦੀ ਮਾਂ ਨੂੰ ਕੁੱਟਦਾ ਮਾਰਦਾ ਵੀ ਹੈ।
ਉਹ ਕਦੀ ਕਦੀ ਕੁੱਟ ਤੋਂ ਡਰਦੇ ਨਾਨਕੇ ਘਰ ਚਲੇ ਜਾਂਦੇ ਹਨ। ਸਰਕਾਰੀ ਸਕੂਲ ਵਿੱਚ ਪੜਦਿਆਂ ਪਹਾੜ ਜਿੱਡੇ ਦੁੱਖਾਂ ਦਾ ਸਾਹਮਣਾ ਕਰਦਿਆਂ ਬੜੀਆਂ ਕਠੋਰ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀਆਂ ਗੱਲਾਂ ਦਾ ਭਾਂਵੇ ਅਧਿਆਪਕ ਵਰਗ ਨੂੰ ਪਹਿਲਾਂ ਹੀ ਪਤਾ ਹੈ ਪਰ ਮਾਪੇ ਅਧਿਆਪਕ ਮਿਲਣੀ ਦੋਰਾਨ ਬਹੁਤ ਸਾਰੇ ਅਜਿਹੇ ਪੱਖ ਸਾਹਮਣੇ ਆਉਂਦੇ ਹਨ। ਜਿੱਥੇ ਅਧਿਆਪਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਪੜ੍ਹਾਈ ਨਾਲੋਂ ਰੋਟੀ ਜਿਆਦਾ ਜਰੂਰੀ ਹੈ। ਬਹੁਤ ਸਾਰੇ ਬੱਚਿਆ ਦੇ ਮਾਪਿਆ ਨੇ ਛੁੱਟੀ ਮੰਗੀ ਕਿ ਨਾਲ ਦੇ ਪਿੰਡ ਨਰਮਾ ਚੁਗਣ ਜਾਣਾ ਹੈ। ਮਹੀਨੇ ਦੀਆਂ ਛੁੱਟੀਆਂ ਦੇ ਦੇਵੋ ਪਰ ਇਨਕਾਰ ਕਰਨ ਤੇ ਮਾਪੇ ਕਹਿੰਦੇ ਹਨ, ਬੱਚੇ ਇਕੱਲਿਆਂ ਨੂੰ ਕਿਸਦੇ ਸਹਾਰੇ ਛੱਡੀਏ। ਲੜਕੀਆਂ ਦੀ ਸਰੁੱਖਿਆਂ ਨੂੰ ਲੈ ਕੇ ਤਾਂ ਹੋਰ ਵੀ ਚਿੰਤਾ ਹੋ ਜਾਂਦੀ ਹੈ। ਅਧਿਆਪਕ ਨੂੰ ਚਾਹੁੰਦਿਆਂ ਵੀ ਵਿਦਿਆਰਥੀਆਂ ਨੂੰ ਛੁੱਟੀਆਂ ਦੇਣ ਲਈ ਮਜਬੂਰ ਹੋ ਜਾਂਦੇ ਹਨ।
ਅੱਜ ਸਭ ਤੋਂ ਵੱਧ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੋ ਰਹੀ ਹੈ। ਸਭ ਅਧਿਆਪਕ ਤਨਦੇਹੀ ਨਾਲ ਸਮਰਪਣ ਭਾਵਨਾ ਨਾਲ ਬੱਚਿਆਂ ਦੀਆਂ ਛੋਟੀਆਂ ਤੇ ਮੋਟੀਆਂ ਸਮੱਸਿਆਵਾਂ ਹੱਲ ਕਰਦੇ ਹੋਏ। ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕ ਰਹੇ ਹਨ। ਸ਼ਹਿਰੀ ਪ੍ਰਾਈਵੇਟ ਸਕੂਲਾਂ ਦੀ ਆਰਥਿਕ, ਸਮਾਜਿਕ ਸਥਿਤੀ ਵਿੱਚ ਬਹੁਤ ਵੱਡਾ ਫਰਕ ਹੈ। ਅਮੀਰੀ-ਗਰੀਬੀ ਦਾ ਪੜਾਈ ਹੀ ਵਿਦਿਆਰਥੀ ਹੀ ਸਿੱਖਣ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ, ਛੁੱਟੀ ਵਾਲੇ ਦਿਨ ਅਕਸਰ ਵੀ ਵਿਦਿਆਰਥੀ ਸਕੂਲ ਸਮੇਂ ਤੋਂ ਬਾਅਦ ਦੁਕਾਨਾਂ ਤੇ ਕੰਮ ਕਰਦੇ ਹਨ। ਪੇਪਰ ਦੀ ਤਿਆਰੀ ਤੋਂ ਪਹਿਲਾਂ ਜੋ ਛੁੱਟੀਆਂ ਕੀਤੀਆਂ ਕਈ ਵਿਦਿਆਰਥੀ ਉਦੋਂ ਵੀ ਦਿਹਾੜੀ ਜਾਂਦੇ ਦੇਖੇ ਗਏ। ਭਾਵੇਂ ਅਸੀਂ ਬਾਲ ਮਜਦੂਰੀ ਦਾ ਵਿਰੋਧ ਕਰਦੇ ਹਾਂ ਵਿਦਿਆਰਥੀਆਂ ਦੀ ਹਾਲਤ ਹੀ ਅਜਿਹੇ ਹੈ ਕਿ ਕੁੱਝ ਨਹੀਂ ਕੀਤਾ ਜਾ ਸਕਦਾ। ਜੂਸ ਦੀ ਰੇਹੜੀ ਤੇ ਕੰਮ ਕਰਦੇ ਵਿਦਿਆਰਥੀ ਨੂੰ ਜਦੋਂ ਮੈਂ ਸਕੂਲ ਵਾਸਤੇ ਲੈਣ ਗਈ ਉਸਨੇ ਬੜੀ ਦ੍ਰਿੜਤਾ ਤੇ ਜਿੰਮੇਵਾਰੀ ਨਾਲ ਜਵਾਬ ਦਿੱਤਾ ਕਿ ਬੇਬੇ ਦੀ ਬਿਮਾਰੀ ਸਮੇਂ ਫੜ੍ਹੇ ਪੈਸਿਆ ਕਰਕੇ ਉਹ ਇਹ ਕੰਮ ਨਹੀਂ ਛੱਡ ਸਕਦਾ।
ਮਾਪੇ ਅਧਿਆਪਕ ਮਿਲਣੀ ਹੀ ਅਜਿਹਾ ਢੰਗ ਹੈ ਜਿਸ ਨਾਲ ਅਧਿਆਪਕ ਵਿਦਿਆਰਥੀ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਮਾਪਿਆ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਵਿਦਿਆਰਥੀਆਂ ਦੀਆਂ ਮਜਬੂਰੀਆਂ ਸਮਝਦਿਆਂ ਹਮਦਰਦੀ ਕਰਦਾ ਹੈ। ਕਿਉਂਕਿ ਮਨੋਵਿਗਿਆਨ ਸਮਝੇ ਬਿਨਾਂ ਪੜਾਉਣਾ ਅਸੰਭਵ ਹੈ ਮਾਪੇ ਅਧਿਆਪਕ ਮਿਲਣੀ ਵਧੀਆ ਕਦਮ ਹੈ ਵਿਦਿਆਰਥੀਆਂ ਨੂੰ ਸਮਝਣ ਲਈ।
ਸੁਖਵਿੰਦਰ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly