
(ਸਮਾਜ ਵੀਕਲੀ) ਪੁਰਾਤਨ ਪੰਜਾਬ, ਪੁਰਾਤਨ ਪੰਜਾਬ ਦੀ ਰਾਜਧਾਨੀ ਲਾਹੌਰ, ਰਾਜਧਾਨੀ ਦੇ ਨਾਮ ਨਾਲ ਪ੍ਰਚਲਿਤ ਮੁਹਾਵਰਾ ਹੈ ‘ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਅਸਲ ਵਿੱਚ ਇਹ ਸਮੂਹ ਪੰਜਾਬੀਆਂ ਲਈ ਵਰਤਿਆ ਗਿਆ ਚੜ੍ਹਦੀ ਕਲਾ ਦਾ ਬੋਲ ਹੈ। ਪੰਜਾਬੀਆਂ ਲਈ ਇਹ ਵੀ ਕਿਹਾ ਜਾ ਸਕਦਾ ‘ਭੰਡਾ ਭੰਡਾਰੀਆ ਕਿੰਨਾਂ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਬਹੁਤ ਉਥਲ-ਪੁਥਲ ਵਿੱਚੋਂ ਨਿੱਕਲਿਆ ਹੈ ਪੰਜਾਬ। ਇਸੇ ਲੜੀ ਵਿੱਚ ਇਸ ਵਾਰ ਹੜ੍ਹ ਸਾਡੇ ਪੰਜਾਬੀਆਂ ਦੇ ਸ਼ਰੀਕ ਬਣ ਕੇ ਉੱਭਰੇ ਸਨ। ਇਹਨਾਂ ਨਾਲ ਕਈ ਬੰਦੇ ਆਪਣੀਆਂ ਕੀਮਤੀ ਜਾਨਾਂ ਗਵਾ ਗਏ, ਪਾਲਤੂ ਜਾਨਵਰ ਮਾਰੇ ਗਏ, ਕਈ ਜਾਨਵਰ ਹੜ੍ਹਾਂ ਦੇ ਪਾਣੀ ਵਿੱਚ ਹੜ੍ਹ ਗਏ। ਜ਼ਿੰਦਗੀ ਵਿੱਚ ਆਮ ਇਨਸਾਨ ਮਸਾਂ ਇੱਕ ਘਰ ਬਣਾਉਂਦਾ ਹੈ ਪਰ ਵੇਖਦਿਆਂ-ਵੇਖਦਿਆਂ ਢਹਿ ਗਏ, ਤਿੰਨ ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ ਅਤੇ ਹੋਰ ਵੀ ਮਾਲੀ ਨੁਕਸਾਨ ਹੋਇਆ। ਜਿਸ ਜ਼ਗ੍ਹਾ ਤੋਂ ਦਰਿਆਵਾਂ ਦੇ ਬੰਨ੍ਹ ਟੁੱਟੇ ਸਨ, ਨੇੜਲੇ ਇਲਾਕੇ ਦੇ ਲੋਕਾਂ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ ਹੜ੍ਹ ਦਾ ਪਾਣੀ ਬਹੁਤੀ ਦੇਰ ਠੱਲ ਨਾ ਹੋਇਆ। ‘ਜੋ ਤਨ ਲਾਗੇ ਸੋ ਤਨ ਜਾਨੇ, ਕੋਈ ਨਾ ਜਾਨੇ ਪੀਰ ਪਰਾਈ’। ਪਰ ਮੈਨੂੰ ਲੱਗ ਰਿਹੈ ਇਹ ਪੰਜਾਬੀਆਂ ਦੀ ਫਿਤਰਤ ਦੀ ਪੇਸ਼ਕਾਰੀ ਨਹੀਂ ਕਰ ਰਿਹੈ। ਪ੍ਰਭਾਵਿਤ ਲੋਕਾਂ ਦੇ ਸਿਰੜ ਤੇ ਚੜ੍ਹਦੀ ਕਲਾ ਨੂੰ ਨਮਨ ਹੈ। ਦੂਸਰੇ ਪਾਸੇ ਸਾਰੇ ਪੰਜਾਬ ਵਿੱਚੋਂ ਨੌਜਵਾਨ ਹਰ ਪ੍ਰਕਾਰ ਦੀ ਸਹਾਇਤਾ ਤੇ ਜ਼ਰੂਰਤ ਦੀਆਂ ਚੀਜਾਂ ਖਾਸ ਕਰ ਕੇ ਲਵੇਰਿਆਂ ਲਈ ਚਾਰਾ, ਆਚਾਰ ਤੇ ਤੂੜੀ ਲੈ ਕੇ ਪਹੁੰਚਦੇ ਰਹੇ ਹਨ। ਪੰਜਾਬ ਦੇ ਨਾਮੀ ਕਲਾਕਾਰ, ਉਦਯੋਗਪਤੀ, ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਆਪਣੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਮਦਦ ਦੇ ਹੱਥ ਹੁਣ ਵੀ ਵਧਾਈ ਜਾ ਰਹੇ ਹਨ, ਦਿਲੀ ਸ਼ਲਾਘਾ ਤੇ ਧੰਨਵਾਦ ਹੈ। ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਦੀਆਂ ਵਹੀਰਾਂ ਹੜ੍ਹਾਂ ਕਾਰਨ ਖ਼ਰਾਬ ਹੋਈਆਂ ਜ਼ਮੀਨਾਂ ਨੂੰ ਸਮਤਲ ਤੇ ਮੁੜ ਵਾਹੀਯੋਗ ਕਰਨ ਲਈ ਜੁਟ ਗਏ ਹਨ। ਕੁਝ ਖੇਤਰਾਂ ਜਾਂ ਵਸਿੰਦਿਆਂ ਤੱਕ ਇਹ ਸਹਾਇਤਾ ਪਹੁੰਚਣ ਤੱਕ ਹੋ ਸਕਦਾ ਹੈ ਕਿ ਅਜੇ ਸਮਾਂ ਘੱਟ-ਵੱਧ ਲੱਗ ਜਾਵੇ ਪਰ ਵੇਖਦਿਆਂ-ਵੇਖਦਿਆਂ ਨਵੀਂ ਪਰਵਾਜ਼ ਲਈ ਪੰਜਾਬ ਮੁੜ ਉੱਭਰ ਆਵੇਗਾ ਤੇ ਹੋ ਸਕਦਾ ਹੈ ਫੇਰ ਕਿਸੇ ਦੀਆਂ ਅੱਖਾਂ ਵਿੱਚ ਰੜਕਣ ਲਈ ਵੀ।
ਤੂ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ ਸਾਮਨੇ ਆਸਮਾਂ ਔਰ ਭੀ ਹੈਂ।
ਇਸੀ ਰੋਜ-ਓ-ਸ਼ਬ ਮੇਂ ਉਲਝਕਰ ਨਾ ਰਹਿ ਜਾ, ਕਿ ਤੇਰੇ ਜ਼ਮੀਨ-ਓ-ਮਕਾਂ ਔਰ ਭੀ ਹੈਂ।
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ. ਅਭੀ ਇਸ਼ਕ ਕੇ ਇਮਤਹਾਂ ਔਰ ਭੀ ਹੈਂ।
ਗਏ ਦਿਨ ਕਿ ਤਨਹਾ ਥਾ ਮੈਂ ਅੰਜੁਮਨ ਮੇਂ, ਯਹਾਂ ਅਬ ਮੇਰੇ ਰਾਜਦਾਰ ਔਰ ਭੀ ਹੈਂ।
(ਅਲਾਮਾ ਇਕਬਾਲ)
ਪਰਮਾਤਮਾ ਮਿਹਰ ਰੱਖੇ।
(ਮਨਜੀਤ ਸਿੰਘ ਬੱਧਣ 9417635053



