ਨਗਰ ਕੌਂਸਲ ਚੋਣਾਂ ਵਿੱਚ ਕਾਗਜ਼ ਰੱਦ ਕਰਨ ਦਾ ਮਾਮਲਾ, ਮਾਛੀਵਾੜਾ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਉਮੀਦਵਾਰਾਂ ਦੇ ਨਾਮ ਐਲਾਨ ਕਰਨ ਦਾ ਆਖਰੀ ਦਿਨ ਸੀ ਅਨੇਕਾਂ ਥਾਵਾਂ ਉੱਤੇ ਸਰਕਾਰੀ ਤੌਰ ਉੱਤੇ ਧੱਕੇਸ਼ਾਹੀ ਸਾਹਮਣੇ ਨਜ਼ਰ ਆਈ। ਜ਼ਿਲਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਸਰਕਾਰੀ ਤੌਰ ਉੱਤੇ ਆਉਣ ਵਾਲੀਆਂ ਉਮੀਦਵਾਰਾਂ ਦੀਆਂ ਸੂਚੀਆਂ ਦੀ ਉਡੀਕ ਕਰਨ ਲੱਗੇ ਕਿ ਅਜਿਹੇ ਵਿੱਚ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਜਦੋਂ ਦੇਰ ਰਾਤ ਤੱਕ  ਬੀਡੀਪੀਓ ਦਫਤਰ ਦੇ ਵੱਲੋਂ ਉਮੀਦਵਾਰਾਂ ਦੇ ਨਾਮ ਦੀਆਂ ਸੂਚੀਆਂ ਨਾ ਲੱਗੀਆਂ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਹ ਖਦਸ਼ਾ ਪ੍ਰਗਟਾਇਆ ਕਿ ਸੂਚੀਆਂ ਜਾਰੀ ਕਰਨ ਵਿੱਚ ਜੋ ਦੇਰੀ ਕੀਤੀ ਜਾ ਰਹੀ ਹੈ ਉਸ ਤੋਂ ਇਹ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਕਾਗਜ ਰੱਦ ਹੋ ਸਕਦੇ ਹਨ ਇਹ ਸਾਰਾ ਕੁਝ ਉਸ ਵੇਲੇ ਸੱਚ ਹੋਇਆ ਜਦੋਂ ਸਾਢੇ ਸੱਤ ਵਜੇ ਬਾਅਦ ਬੀਡੀਪੀਓ ਦਫਤਰ ਦੇ ਮੁਲਾਜ਼ਮਾਂ ਵੱਲੋਂ ਜੋ ਸੂਚੀਆਂ ਲਾਈਆਂ ਗਈਆਂ ਉਹਨਾਂ ਸੂਚੀਆਂ ਦੇ ਵਿੱਚ ਅਨੇਕਾਂ ਵਾਰਡਾਂ ਦੇ ਵਿੱਚ ਸਿਰਫ ਝਾੜੂ ਨਾਲ ਸੰਬੰਧਿਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਅਨੇਕਾਂ ਵਾਰਡਾਂ ਦੇ ਵਿੱਚ ਬਹੁਤੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਗਏ। ਜਦੋਂ ਅਜਿਹੀ ਸਥਿਤੀ ਬਣੀ ਤਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਵੱਡੇ ਛੋਟੇ ਆਗੂਆਂ ਨੇ ਇਕੱਤਰ ਹੋ ਕੇ ਬੀਡੀਓ ਦਫਤਰ ਦੇ ਵਿੱਚ ਧਰਨਾ ਲਗਾ ਦਿੱਤਾ।
    ਇਸ ਧਰਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਭਾਜਪਾ ਦੇ ਸੰਜੀਵ ਲੀਹਲ ਤੇ ਹੋਰ ਆਗੂਆਂ ਨੇ ਧਰਤੀ ਉੱਤੇ ਬੈਠ ਕੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਰਓ ਬੀਡੀਪੀਓ ਦਫਤਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹਾ ਧੱਕਾ ਸਰਾਸਰ ਗਲਤ ਹੈ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਕਾਗਜ ਰੱਦ ਕਰਨੇ ਬੇਈਮਾਨੀ ਹੈ। ਕਾਂਗਰਸ ਦੇ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਹਾਕਮ ਧਿਰ ਦੇ ਇਸ਼ਾਰੇ ਉੱਤੇ ਜੋ ਕੁਝ ਕਰ ਰਹੇ ਹਨ ਉਹ ਬਹੁਤ ਗਲਤ ਹੋ ਰਿਹਾ ਹੈ। ਇਸ ਸਬੰਧੀ ਇਹਨਾਂ ਨੂੰ ਖਮਿਆਜਾ ਭੁਗਤਣਾ ਪਵੇਗਾ। ਭਾਜਪਾ ਆਗੂ ਸੰਜੀਵ ਲੀਹਲ ਨੇ ਕਿਹਾ ਕਿ ਇਸ ਤੋਂ ਵੱਡੀ ਧੱਕੇਸ਼ਾਹੀ ਕੀ ਹੋਵੇਗੀ ਕਿ ਸਰਕਾਰ ਆਪਣੀ ਹਾਰ ਪਹਿਲਾਂ ਹੀ ਬਣ ਚੁੱਕੀ ਹੈ। ਇਸ ਮੌਕੇ ਕਾਂਗਰਸ ਨਾਲ ਸੰਬੰਧਿਤ ਮਨਜੀਤ ਕੁਮਾਰੀ ਜੋ ਪੰਜ ਵਾਰ ਚੋਣਾਂ ਲੜ ਕੇ ਐਮਸੀ ਬਣ ਚੁੱਕੀ ਹੈ ਤੇ ਉਸਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ।
   ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਉਹਨਾਂ ਨੇ ਸਖਤ ਰੋਸ ਕਰਦਿਆਂ ਇਸ ਮਸਲੇ ਉੱਤੇ ਮਾਛੀਵਾੜਾ ਸਾਹਿਬ  ਵਿੱਚ ਰੋਡ ਜਾਮ ਕਰਨ ਜਾਂ ਕੋਈ ਹੋਰ ਸਖਤ ਕਾਰਵਾਈ ਤੋਂ ਇਲਾਵਾ ਆਪਸੀ ਰਾਏ ਮਸ਼ਵਰਾ ਕਰਨ ਤੋਂ ਬਾਅਦ ਹਾਈਕੋਰਟ ਵਿੱਚ ਜਾਣ ਦੀ ਗੱਲ ਵੀ ਕੀਤੀ।
     ਇਸ ਮੌਕੇ ਬਾਬੂ ਸ਼ਕਤੀ ਆਨੰਦ, ਸੁਰਿੰਦਰ ਕੁਮਾਰ ਸ਼ਿੰਦੀ, ਪਰਮਿੰਦਰ ਕੁਮਾਰ ਤਿਵਾੜੀ, ਸੁਖਦੀਪ ਸਿੰਘ ਸੋਨੀ, ਪਰਮਜੀਤ ਪੰਮੀ,ਹਰਚੰਦ ਸਿੰਘ, ਦੇਵਿਦਰਪਾਲ ਸਿੰਘ ਬਵੇਜਾ, ਹਰਜਤਿੰਦਰ ਪਾਲ ਸਿੰਘ, ਰਣਵੀਰ ਸਿੰਘ ਰਾਹੀ , ਭਾਜਪਾ ਨਾਲ ਸੰਬੰਧਤ ਆਗੂ ਤੇ ਇਹਨਾਂ ਪਾਰਟੀਆਂ ਨਾਲ ਸੰਬੰਧਿਤ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਾਰਡ ਨੰਬਰ ਚਾਰ ਵਿੱਚੋਂ ਅਕਾਲੀ ਦਲ ਹਾਰ ਡਰੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜਿਆ- ਸੁਰਿੰਦਰ ਸ਼ਿੰਦੀ
Next articleਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਪਹਿਲਾਂ ਬੀਬੀ ਜਗੀਰ ਕੌਰ ਨੂੰ ਕੱਢੀਆਂ ਗਾਲਾਂ ਤੇ ਹੁਣ ਮੁਆਫੀ