(ਸਮਾਜ ਵੀਕਲੀ)
ਮਾਂ ਤੂੰ ਹਮੇਸ਼ਾ ਕਿਹਾ ਕਰਦੀ ਸੀ
ਤੂੰ ਪੈਰਾਂ ਤੇ ਖੜੀ ਹੋ
ਫਿਰ ਨਹੀਂ ਕਹੇਗਾ ਤੈਨੂੰ ਕੋਈ
ਕਾਗਜ਼ ਦੀ ਗੁੱਡੀ
ਜਿਸ ਨੂੰ ਜਦੋਂ ਮਰਜ਼ੀ ਪਾੜ ਦਿੱਤਾ
ਲਿਤਾੜ ਦਿੱਤਾ
ਵੇਖ ਮਾਂ ਅੱਜ ਫੇਰ ਉਹੀ ਇਤਿਹਾਸ
ਦੁਹਰਾਇਆ ਹੈ
ਫਿਰ ਮਾਂ ਦਾ ਦਿਲ ਤੜਫਾਇਆ ਹੈ
ਪਰ ਤੂੰ ਫ਼ਿਕਰ ਨਾ ਕਰ ਮਾਂ
ਮੈਂ ਤੈਨੂੰ ਫੇਰ ਮਿਲਾਂਗੀ
ਇਸ ਧਰਤੀ ਤੇ ਧੀ ਬਣ ਕੇ ਨਹੀਂ
ਕੁਦਰਤ ਦਾ ਕੋਈ ਜੀਅ ਬਣ ਕੇ
ਪੋਲੇ ਪੋਲੇ ਪੱਬ ਧਰਾਂ ਗੀ
ਪੰਛੀ ਬਣ ਕੇ ਤੇਰੇ ਘਰ ਦੀ ਛੱਤ ਉੱਤੇ
ਚਹਿਚਿਹਾ ਲਵਾਂ ਗੀ
ਬਾਜ਼ ਵੇਖ ਕੇ ਅੰਬਰ ਵੱਲ ਉਡਾਰੀ
ਭਰ ਲਵਾਂ ਗੀ
ਜਾਂ ਫਿਰ ਪਾਣੀ ਦਾ ਚਸ਼ਮਾ ਬਣ
ਜੋ ਬੇ ਰੋਕ ਚਲਦਾ ਹੈ ਆਪਣੀ ਚਾਲ
ਪਾਣੀ ਦੀਆਂ ਠੰਡੀਆਂ ਬੂੰਦਾਂ ਬਣ ਕੇ
ਤੇਰਾ ਸੀਨਾ ਠਾਰ ਦਿਆਂਗੀ
ਮਾਂ ਮੈਂ ਤੈਨੂੰ ਫੇਰ ਮਿਲਾਂਗੀ
ਅਮਰਜੀਤ ਕੌਰ ਮਾਨਸਾ
ਜ਼ਿਲ੍ਹਾ ਮਾਨਸਾ