ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਨਵੀਂ ਕੈਬਨਿਟ ਨੂੰ ਹਲਫ਼ ਦਿਵਾਉਣ ਤੋਂ ਨਾਂਹ

 

  • ਸਹੁੰ ਚੁੱਕ ਸਮਾਗਮ ਮੁਲਤਵੀ
  • ਸੈਨੇਟ ਚੇਅਰਮੈਨ ਸਾਦਿਕ ਸੰਜਰਾਣੀ ਅੱਜ ਜਾਂ ਫਿਰ ਭਲਕੇ ਦਿਵਾਉਣਗੇ ਹਲਫ਼

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਨਵੀਂ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਨੂੰ ਹਲਫ਼ ਦਿਵਾਉਣ ਦੇ ਅਮਲ ਤੋਂ ਅੱਜ ਖੁ਼ਦ ਨੂੰ ਲਾਂਭੇ ਕਰ ਲਿਆ। ਸੂਤਰਾਂ ਦੇ ਹਵਾਲੇ ਨਾਲ ਜਾਰੀ ਮੀਡੀਆ ਰਿਪੋਰਟ ਮੁਤਾਬਕ ਅਲਵੀ ਦੀ ਇਸ ਪੇਸ਼ਕਦਮੀ ਮਗਰੋਂ ਸਹੁੰ ਚੁੱਕ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਜੀਓ ਨਿਊਜ਼ ਨੇ ਰਾਸ਼ਟਰਪਤੀ ਹਾਊਸ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸੈਨੇਟ ਚੇਅਰਮੈਨ ਸਾਦਿਕ ਸੰਜਰਾਣੀ ਵੱਲੋਂ ਸੰਘੀ ਕੈਬਨਿਟ ਦੇ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾ ਸਕਦਾ ਹੈ।

ਰਾਸ਼ਟਰਪਤੀ ਅਲਵੀ ਦੀ ਪਿਛਲੇ ਹਫ਼ਤੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਸਿਹਤ ਨਾਸਾਜ਼ ਹੋਣ ਕਰਕੇ ਸੰਜਰਾਣੀ ਨੇ ਹੀ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ ਸੀ। ਸੰਘੀ ਕੈਬਨਿਟ ਨੇ ਅੱਜ ਰਾਤੀਂ ਸਾਢੇ ਅੱਠ ਵਜੇ ਹਲਫ਼ ਲੈਣਾ ਸੀ, ਪਰ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਨੇ ਰਾਸ਼ਟਰਪਤੀ ਦਫ਼ਤਰ ਨਾਲ ਰਾਬਤਾ ਕੀਤਾ ਤਾਂ ਅਲਵੀ ਨੇ ਹਲਫ ਦਿਵਾਉਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਪੀਪੀਪੀ ਦੇ ਆਗੂ ਖੁਰਸ਼ੀਦ ਸ਼ਾਹ ਨੇ ਕਿਹਾ ਕਿ ਕੈਬਨਿਟ ਵਿੱਚ ਪੀਐੈੱਮਐੱਲ-ਐੱਨ ਦੇ 14, ਪੀਪੀਪੀ ਦੇ 11 ਤੇ ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ ਦੇ ਚਾਰ ਮੰਤਰੀ ਹੋਣਗੇ ਜਦੋਂਕਿ ਸੱਤ ਹੋਰ ਵਿਭਾਗ/ਮੰਤਰਾਲੇ ਹੋਰਨਾਂ ਭਾਈਵਾਲਾਂ ਨੂੰ ਦਿੱਤੇ ਜਾਣਗੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਲੰਕਾ: ਮੇਰੀਆਂ ਗ਼ਲਤੀਆਂ ਕਾਰਨ ਦੇਸ਼ ਆਰਥਿਕ ਮੰਦੀ ਦਾ ਸ਼ਿਕਾਰ ਹੋਇਆ: ਰਾਸ਼ਟਰਪਤੀ
Next articleਸਰਦਾਰ ਤਨਵੀਰ ਇਲਿਆਸ ਬਣੇ ਮਕਬੂਜ਼ਾ ਕਸ਼ਮੀਰ ਦੇ ਨਵੇਂ ਪ੍ਰਧਾਨ ਮੰਤਰੀ