ਸ੍ਰੀਨਗਰ (ਸਮਾਜ ਵੀਕਲੀ): ਸੁਰੱਖਿਆ ਬਲਾਂ ਨੇ ਜੰਮੂ ਤੇ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਲਸ਼ਕਰ-ਏ-ਤੋਇਬਾ ਨਾਲ ਸਬੰਧਤ 19 ਸਾਲਾ ਪਾਕਿਸਤਾਨੀ ਦਹਿਸ਼ਤਗਰਦ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਇਕ ਦਹਿਸ਼ਤਗਰਦ ਮਾਰਿਆ ਗਿਆ ਤੇ ਭਾਰਤੀ ਫ਼ੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਜੈਸ਼ ਦਹਿਸ਼ਤਗਰਦਾਂ ਨੇ ਘੁਸਪੈਠ ਦੀ ਕੋਸ਼ਿਸ਼ ਸਲਾਮਾਬਾਦ ਨਾਲੇ ਨਜ਼ਦੀਕ ਕੀਤੀ ਤੇ ਇਹ ਉਹੀ ਰੂਟ ਹੈ, ਜੋ 2016 ਵਿੱਚ ਉੜੀ ਗੈਰੀਸਨ ’ਤੇ ਕੀਤੇ ਫਿਦਾਈਨ ਹਮਲੇ ਲਈ ਵਰਤਿਆ ਗਿਆ ਸੀ।
ਜੀਓਸੀ 19 ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਵੀਰੇਂਦਰ ਵਤਸ ਨੇ ਬਾਰਾਮੂਲਾ ਜ਼ਿਲ੍ਹੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੇ ਨਾਲ ਸ਼ੱਕੀ ਨਕਲੋ-ਹਰਕਤ ਧਿਆਨ ਵਿੱਚ ਆਉਣ ਮਗਰੋਂ 18 ਸਤੰਬਰ ਨੂੰ ਆਪਰੇਸ਼ਨ ਵਿੱਢਿਆ ਗਿਆ ਸੀ। ਮੇਜਰ ਨੇ ਕਿਹਾ ਕਿ ਸਲਾਮਤੀ ਦਸਤਿਆਂ ਨੇ ਇਨ੍ਹਾਂ ਘੁਸਪੈਠੀਆਂ, ਜਿਨ੍ਹਾਂ ਦੀ ਗਿਣਤੀ ਛੇ ਦੇ ਕਰੀਬ ਸੀ, ਨੂੰ ਵੰਗਾਰਿਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਮੇਜਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਚਾਰ ਘੁਸਪੈਠੀਏ, ਜੋ ਸਰਹੱਦ ਦੇ ਦੂਜੇ ਪਾਸੇ ਸਨ, ਸੰਘਣੀ ਧੁੰਦ ਦਾ ਲਾਹਾ ਲੈਂਦਿਆਂ ਮਕਬੂਜ਼ਾ ਕਸ਼ਮੀਰ ਵੱਲ ਮੁੜ ਗਏ ਜਦੋਂਕਿ ਭਾਰਤੀ ਖੇਤਰ ਵਿੱਚ ਦਾਖਲ ਦੋ ਘੁਸਪੈਠੀਆਂ ’ਚੋਂ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਤੇ ਦੂਜੇ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ।
ਅਧਿਕਾਰੀ ਨੇ ਕਿਹਾ ਕਿ ਮੁਕਾਬਲਾ 26 ਸਤੰਬਰ ਦੀ ਸਵੇਰ ਨੂੰ ਹੋਇਆ ਤੇ ਜੈਸ਼ ਦਹਿਸ਼ਤਗਰਦ ਨੂੰ ਜ਼ਿੰਦਾ ਫੜਨ ਮੌਕੇ ਪੂਰੀ ਇਹਤਿਆਤ ਵਰਤਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਹਿਸ਼ਤਗਰਦ ਦੀ ਪਛਾਣ 19 ਸਾਲਾ ਅਲੀ ਬਾਬਰ ਪਾਰਾ ਵਜੋਂ ਦੱਸੀ ਗਈ ਹੈ, ਜੋ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਾਰਾ ਜ਼ਿਲ੍ਹੇ ਦਾ ਵਸਨੀਕ ਹੈ। ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਦਹਿਸ਼ਤਗਰਦ ਨੇ ਮੰਨਿਆ ਕਿ ਉਹ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ ਤੇ ਉਸ ਨੂੰ ਮੁਜ਼ੱਫਰਾਬਾਦ ਵਿੱਚ ਸਿਖਲਾਈ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਸਾਲ 2019 ਵਿੱਚ ਉਸ ਨੇ ਮੁਜ਼ੱਫ਼ਰਾਬਾਦ ਦੇ ਗੜੀਵਾਲਾ ਖੈਬਰ ਕੈਂਪ ਤੋਂ ਤਿੰਨ ਹਫ਼ਤਿਆਂ ਦੀ ਸਿਖਲਾਈ ਲਈ ਸੀ।(ਸਮਾਜ ਵੀਕਲੀ):