ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ

Navjot Singh Sidhu.(photo: Navjot Singh Sidhu Twitter)

ਚੰਡੀਗੜ੍ਹ (ਸਮਾਜ ਵੀਕਲੀ): 

  • ਸਿੱਧੂ ਨੂੰ ਮਨਾਉਣ ਲਈ ਪਟਿਆਲਾ ਪੁੱਜੇ ਪਰਗਟ ਸਿੰਘ
  • ਅਹਿਮ ਨਿਯੁਕਤੀਆਂ ਬਾਰੇ ਮੁੜ ਵਿਚਾਰ ਕੀਤੇ ਜਾਣ ਦਾ ਦਾਅਵਾ
  • ਸੁਲਤਾਨਾ ਅਤੇ ਮੁਸਤਫ਼ਾ ਵੀ ਸਿੱਧੂ ਨੂੰ ਮਿਲੇ

ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੇਂ ਵਜ਼ੀਰਾਂ ਵੱਲੋਂ ਮਹਿਕਮੇ ਸੰਭਾਲੇ ਜਾਣ ਮੌਕੇ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਦੇ ਅਸਤੀਫ਼ੇ ਨਾਲ ਪੰਜਾਬ ਕਾਂਗਰਸ ’ਚ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ, ਜੋ ਨਵੀਂ ਵਜ਼ਾਰਤ ਦੇ ਹਲਫ਼ ਲੈਣ ਨਾਲ ਮੱਠਾ ਪੈ ਗਿਆ ਜਾਪਦਾ ਸੀ। ਨਵਜੋਤ ਸਿੱਧੂ ਨੇ ਪ੍ਰਧਾਨਗੀ ਸੰਭਾਲਣ ਤੋਂ 72 ਦਿਨਾਂ ਮਗਰੋਂ ਅੱਜ ਉਦੋਂ ਅਸਤੀਫ਼ਾ ਦੇ ਦਿੱਤਾ ਹੈ ਜਦੋਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ’ਚ ਸਿਆਸੀ ਪੈਰ ਜਮਾਉਣੇ ਸ਼ੁਰੂ ਕੀਤੇ ਸਨ।

ਸਿੱਧੂ ਦੀ ਹਮਾਇਤ ’ਚ ਮੰਤਰੀ ਰਜ਼ੀਆ ਸੁਲਤਾਨਾ, ਕਾਂਗਰਸ ਦੇ ਨਵੇਂ ਖ਼ਜ਼ਾਨਚੀ ਗੁਲਜ਼ਾਰ ਇੰਦਰ ਸਿੰਘ ਚਾਹਿਲ ਤੇ ਪੰਜਾਬ ਕਾਂਗਰਸ ਦੇ ਨਵੇਂ ਜਨਰਲ ਸਕੱਤਰ ਥਾਪੇ ਯੋਗੇਂਦਰ ਢੀਂਗਰਾ ਨੇ ਵੀ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਭਲਕੇ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਸੱਦ ਲਈ ਹੈ। ਇਨ੍ਹਾਂ ਲੜੀਵਾਰ ਅਸਤੀਫ਼ਿਆਂ ਨਾਲ ਪੰਜਾਬ ਕਾਂਗਰਸ ਦੀ ਸਿਆਸਤ ’ਚ ਇਕਦਮ ਤੂਫ਼ਾਨ ਖੜ੍ਹਾ ਹੋ ਗਿਆ ਹੈ। ਖ਼ਾਸ ਕਰਕੇ ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਈ ਨਵਾਂ ਰਾਜਸੀ ਸੰਕਟ ਖੜ੍ਹਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਅੱਜ ਦੁਪਹਿਰ ਵੇਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ’ਚ ਲਿਖਿਆ ‘ਮੈਂ ਪੰਜਾਬ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ ਕਿਉਂਕਿ ਸਮਝੌਤੇ ਨਾਲ ਇਨਸਾਨ ਦਾ ਚਰਿੱਤਰ ਖੁਰਦਾ ਹੈ, ਇਸ ਲਈ ਮੈਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਛੱਡਦਾ ਹਾਂ, ਕਾਂਗਰਸ ਦੀ ਸੇਵਾ ਅੱਗੇ ਵੀ ਕਰਦਾ ਰਹਾਂਗਾ।’’

ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਪ੍ਰਧਾਨਗੀ ਸੰਭਾਲਣ ਮੌਕੇ 15 ਅਗਸਤ ਤੋਂ ਕਾਂਗਰਸ ਭਵਨ ’ਚ ਬਿਸਤਰਾ ਲਾਉਣ ਦੀ ਗੱਲ ਆਖੀ ਸੀ। ਸਿਆਸੀ ਹਲਕੇ ਹੈਰਾਨ ਹਨ ਕਿ ਚੰਨੀ ਦੇ ਬਤੌਰ ਮੁੱਖ ਮੰਤਰੀ ਇੱਕ ਹਫ਼ਤਾ ਬੀਤਣ ਮਗਰੋਂ ਹੀ ਨਵਜੋਤ ਸਿੱਧੂ ਨੇ ਅਸਤੀਫ਼ੇ ਵਰਗਾ ਕਦਮ ਚੁੱਕ ਲਿਆ ਹੈ। ਸੂਤਰਾਂ ਅਨੁਸਾਰ ਅਸਤੀਫ਼ੇ ਦੀ ਤਾਜ਼ਾ ਵਜ੍ਹਾ ਵਜ਼ੀਰਾਂ ਦੀ ਮਹਿਕਮਿਆਂ ਨੂੰ ਕੀਤੀ ਵੰਡ ਬਣੀ ਹੈ ਕਿਉਂਕਿ ਵਿਭਾਗੀ ਵੰਡ ਹੋਣ ਮਗਰੋਂ ਹੀ ਨਵਜੋਤ ਸਿੱਧੂ ਨੇ ਇਹ ਕਦਮ ਚੁੱਕਿਆ ਹੈ। ਚਰਚੇ ਹਨ ਕਿ ਨਵਜੋਤ ਸਿੱਧੂ ਗ੍ਰਹਿ ਵਿਭਾਗ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪੇ ਜਾਣ ਤੋਂ ਨਾਰਾਜ਼ ਹਨ ਅਤੇ ਉਪਰੋਂ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ ਵਿਭਾਗ ਮੁੜ ਦਿੱਤੇ ਜਾਣ ਤੋਂ ਔਖੇ ਹਨ। ਰਾਣਾ ਗੁਰਜੀਤ ਦੀ ਕੈਬਨਿਟ ’ਚ ਸ਼ਮੂਲੀਅਤ ਦੇ ਵੀ ਸਿੱਧੂ ਖ਼ਿਲਾਫ਼ ਸਨ।

ਨਵਜੋਤ ਸਿੱਧੂ ਦੀ ਸਿਆਸੀ ਔਖ ਦਾ ਮੁੱਢ ਮੁੱਖ ਮੰਤਰੀ ਚੰਨੀ ਵੱਲੋਂ ਸਿੱਧੂ ਦੀ ਸਲਾਹ ਤੋਂ ਬਿਨਾਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਤੋਂ ਹੀ ਬੱਝ ਗਿਆ ਸੀ। ਸੂਤਰਾਂ ਅਨੁਸਾਰ ਸਿੱਧੂ ਦਾ ਤਰਕ ਹੈ ਕਿ ਅਜਿਹੇ ਸ਼ਖ਼ਸ ਨੂੰ ਡੀਜੀਪੀ ਲਾਇਆ ਗਿਆ ਹੈ ਜਿਸ ਦੀ ਅਗਵਾਈ ਵਿਚ ਬਰਗਾੜੀ ਕਾਂਡ ਵਿਚ ਪਹਿਲੀ ‘ਸਿਟ’ ਬਣੀ ਸੀ ਅਤੇ ਦੋ ਨੌਜਵਾਨਾਂ ਨੂੰ ਨਿਹੱਥੇ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਸਿੱਧੂ ਅੰਦਰੋਂ ਇਸ ਗੱਲੋਂ ਵੀ ਔਖੇ ਸਨ ਕਿ ਪੰਜਾਬ ਦਾ ਐਡਵੋਕੇਟ ਜਨਰਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਨੂੰ ਬਣਾਇਆ ਗਿਆ ਹੈ। ਨਵਜੋਤ ਸਿੱਧੂ ਆਪਣੀ ਪਸੰਦ ਦਾ ਐਡਵੋਕੇਟ ਜਨਰਲ ਨਿਯੁਕਤ ਕਰਾਉਣਾ ਚਾਹੁੰਦੇ ਸਨ, ਪਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।

ਉਪਰੋਂ ਨਵਜੋਤ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਵੀ ਅੰਦਰੋਂ-ਅੰਦਰੀ ਆਪਣੇ ਸਿਆਸੀ ਪੱਤੇ ਚੱਲ ਰਹੇ ਹਨ। ਮੁਸਤਫ਼ਾ ਦੀ ਪਸੰਦ ਦਾ ਡੀਜੀਪੀ ਵੀ ਮੁੱਖ ਮੰਤਰੀ ਨੇ ਨਹੀਂ ਲਾਇਆ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ ਨੇ ਸਿੱਧੂ ਨਾਲ ਪਟਿਆਲਾ ਵਿਖੇ ਮੁਲਾਕਾਤ ਕੀਤੀ। ਉਸ ਮੁਲਾਕਾਤ ਪਿੱਛੋਂ ਹੀ ਰਜ਼ੀਆ ਸੁਲਤਾਨਾ ਨੇ ਅਸਤੀਫ਼ਾ ਦਿੱਤਾ। ਦੂਸਰੀ ਤਰਫ਼ ਕਾਂਗਰਸੀ ਵਰਕਰ ਤੇ ਆਗੂ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚੰਨੀ ਨੂੰ ਲਾਏ ਜਾਣ ਮਗਰੋਂ ਬਣੀ ਸਿਆਸੀ ਖੇਡ ਦੇ ਰੰਗ ਵਿਚ ਭੰਗ ਪਾ ਦਿੱਤਾ ਹੈ। ਅਸਤੀਫ਼ੇ ਨਾਲ ਆਮ ਲੋਕਾਂ ਵਿੱਚ ਸਿੱਧੂ ਬਾਰੇ ਇਹੀ ਪ੍ਰਭਾਵ ਗਿਆ ਹੈ ਕਿ ਉਹ ਕਿਸੇ ਨਾਲ ਵੀ ਕਦਮ ਮਿਲਾ ਕੇ ਨਹੀਂ ਚੱਲ ਸਕਦੇ।

ਟਕਸਾਲੀ ਕਾਂਗਰਸੀ ਆਗੂ ਆਖ ਰਹੇ ਹਨ ਕਿ ਨਵਜੋਤ ਸਿੱਧੂ ਤਾਂ ਵਿਰੋਧੀ ਧਿਰਾਂ ਨਾਲੋਂ ਵੀ ਕਾਹਲੇ ਨਿਕਲੇ ਜਿਨ੍ਹਾਂ ਚੰਨੀ ਦੀ ਵਜ਼ਾਰਤ ਨੂੰ ਕਾਰਗੁਜ਼ਾਰੀ ਦਿਖਾਉਣ ਲਈ ਦਸ ਦਿਨਾਂ ਦਾ ਸਮਾਂ ਵੀ ਨਹੀਂ ਦਿੱਤਾ। ਹਾਈਕਮਾਨ ਇਸ ਮੌਕੇ ਨਵਜੋਤ ਸਿੱਧੂ ਨੂੰ ਲੈ ਕੇ ਹਰਕਤ ਵਿਚ ਤਾਂ ਹੈ, ਪਰ ਫ਼ਿਲਹਾਲ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਆਪਣੇ ਪੱਧਰ ’ਤੇ ਮਸਲਾ ਨਜਿੱਠਣ ਲਈ ਆਖ ਦਿੱਤਾ ਹੈ। ਸੀਨੀਅਰ ਆਗੂਆਂ ਵੱਲੋਂ ਨਵਜੋਤ ਸਿੱਧੂ ਨੂੰ ਠੰਢਾ ਕਰਨ ਲਈ ਪੇਸ਼ਕਦਮੀ ਤੇ ਸਿਆਸੀ ਲਿਪਾਪੋਚੀ ਜਾਰੀ ਹੈ। ਇਸ ਦੌਰਾਨ ਪਰਗਟ ਸਿੰਘ ਦੇ ਅਸਤੀਫ਼ੇ ਦੇ ਵੀ ਚਰਚੇ ਚੱਲੇ ਸਨ, ਪਰ ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਹੈ। ਇਹ ਵੀ ਚਰਚੇ ਹਨ ਕਿ ਨਵਜੋਤ ਸਿੱਧੂ ਨੂੰ ਮਨਾਉਣ ਲਈ ਅਹਿਮ ਨਿਯੁਕਤੀਆਂ ਬਾਰੇ ਮੁੜ ਵਿਚਾਰ ਹੋ ਸਕਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੜੀ ’ਚ ਘੁਸਪੈਠ ਦੀ ਕੋਸ਼ਿਸ਼ ਕਰਦਾ ਪਾਕਿ ਦਹਿਸ਼ਤਗਰਦ ਹਲਾਕ, ਦੂਜਾ ਕਾਬੂ
Next articleਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀ ਕਾਨੂੰਨ ਰੱਦ ਕਰਾਂਗੇ: ਚੰਨੀ