ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਆਹਮੋ-ਸਾਹਮਣੇ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦੀ ਦਲ ਦੀ ਮੀਟਿੰਗ ਦੌਰਾਨ ਖੈਬਰ ਪਖਤੂਨਖਵਾ ਪ੍ਰਾਂਤ ਨੂੰ ਅਣਗੌਲਿਆਂ ਕੀਤੇ ਜਾਣ ਨੂੰ ਲੈ ਕੇ ਤਿੱਖੀ ਬਹਿਸ ਹੋਈ। ਖੱਟਕ ਨੇ ਕਥਿਤ ਤੌਰ ’ਤੇ ਸਰਕਾਰ ਵੱਲੋਂ ਉੱਤਰ-ਪੱਛਮੀ ਖੈਬਰ ਪਖਤੂਨਖਵਾ ਪ੍ਰਾਂਤ ਨੂੰ ਅਣਗੌਲਿਆਂ ਕੀਤੇ ਜਾਣ ’ਤੇ ਸਵਾਲ ਉਠਾਏ ਸਨ ਅਤੇ ਕਿਹਾ ਕਿ ਉਹ ਖਾਨ ਨੂੰ ਵੋਟ ਨਹੀਂ ਦੇਣਗੇ, ਜਿਸ ਕਾਰਨ ਪ੍ਰਧਾਨ ਮੰਤਰੀ ਨਾਰਾਜ਼ ਹੋ ਗਏ। ਮੀਡੀਆ ਦੀ ਇਕ ਖ਼ਬਰ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ।

ਅਖ਼ਬਾਰ ‘ਦਿ ਡਾਅਨ’ ਦੀ ਖ਼ਬਰ ਅਨੁਸਾਰ, ਇਹ ਮਾਮਲਾ ਵੀਰਵਾਰ ਨੂੰ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਹੇਠ ਕਾਬਜ਼ ਗੱਠਜੋੜ ਦੇ ਸੰਸਦੀ ਦਲ ਦੀ ਬੈਠਕ ਦੌਰਾਨ ਉਠਿਆ। ਸੰਸਦ ਵਿਚ ਇਕ ਵਿਵਾਦਤ ਪੂਰਕ ਵਿੱਤੀ ਬਿੱਲ-2022 (ਇਸ ਨੂੰ ਆਮ ਤੌਰ ’ਤੇ ਲਘੂ ਬਜਟ ਕਿਹਾ ਜਾਂਦਾ ਹੈ) ਨੂੰ ਮਨਜ਼ੂਰੀ ਦੇਣ ਲਈ ਸੱਦੀ ਗਈ ਮੀਟਿੰਗ ਵਿਚ ਸ਼ਾਮਲ ਹੁੰਦੇ ਹੋਏ ਰੱਖਿਆ ਮੰਤਰੀ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਘੱਟ ਵਿਕਸਤ ਪ੍ਰਾਂਤ ਦੇ ਲੋਕਾਂ ਨੂੰ ਨਵੇਂ ਗੈਸ ਕੁਨੈਕਸ਼ਨ ਨਾ ਦਿੱਤੇ ਗਏ ਤਾਂ ਉਹ ਪ੍ਰਧਾਨ ਮੰਤਰੀ ਖਾਨ ਨੂੰ ਵੋਟ ਨਹੀਂ ਦੇਣਗੇ। ਖੱਟਕ ਸੰਸਦ ਵਿਚ ਖੈਬਰ ਪਖਤੂਨਖਵਾ ਪ੍ਰਾਂਤ ਦੇ ਨੌਸ਼ਹਿਰਾ-1 ਦੀ ਨੁਮਾਇੰਦਗੀ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਖੱਟਕ ਦੀ ਸ਼ਿਕਾਇਤ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਖੱਟਕ ਉਨ੍ਹਾਂ ਨੂੰ ‘ਬਲੈਕਮੇਲ’ ਕਰਨਾ ਬੰਦ ਕਰਨ।

ਖ਼ਬਰ ਅਨੁਸਾਰ, ਇਸ ਮਗਰੋਂ ਰੱਖਿਆ ਮੰਤਰੀ ਮੀਟਿੰਗ ਹਾਲ ’ਚੋਂ ਬਾਹਰ ਚਲੇ ਗਏ ਪਰ ਬਾਅਦ ਵਿਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਾਪਸ ਸੱਦਿਆ। ਬੈਠਕ ਤੋਂ ਬਾਅਦ, ਪ੍ਰਧਾਨ ਮੰਤਰੀ ਲਗਪਗ ਸਾਰਾ ਦਿਨ ਆਪਣੇ ਕਮਰੇ ਵਿਚ ਰਹੇ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਕਾਬਜ਼ ਗੱਠਜੋੜ ਦੇ ਹੋਰ ਦਲਾਂ ਦੇ ਕਈ ਸੰਸਦ ਮੈਂਬਰਾਂ ਨੂੰ ਮਿਲੇ। ਸੂਤਰਾਂ ਅਨੁਸਾਰ ਖੱਟਕ ਦਾ ਵਿਚਾਰ ਸੀ ਕਿ ਬਿਜਲੀ ਅਤੇ ਗੈਸ ਦੇ ਪ੍ਰਬੰਧ ਦੇ ਮਾਮਲੇ ਵਿਚ ਪ੍ਰਾਂਤ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਦਕਿ ਹੋਰ ਪ੍ਰਾਂਤਾਂ ਦੇ ਲੋਕਾਂ ਵੱਲੋਂ ਇਨ੍ਹਾਂ ਸਹੂਲਤਾਂ ਦਾ ਆਨੰਦ ਮਾਣਿਆ ਜਾ ਰਿਹਾ ਹੈ। ਹਾਲਾਂਕ, ਖੱਟਕ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਪ੍ਰਧਾਨ ਮੰਤਰੀ ਨਾਲ ਸਖ਼ਤ ਲਹਿਜ਼ੇ ਵਿਚ ਗੱਲ ਕੀਤੀ ਅਤੇ ਨਾ ਹੀ ਖਾਨ ਨੂੰ ਵੋਟ ਨਾ ਦੇਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਸਿਰਫ਼ ਪ੍ਰਾਂਤ ਵਿਚ ਗੈਸ ਦੀ ਘਾਟ ਅਤੇ ਨਵੇਂ ਗੈਸ ਕੁਨੈਕਸ਼ਨਾਂ ’ਤੇ ਰੋਕ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਸਿਗਰਟ ਪੀਣ ਲਈ ਹਾਲ ’ਚੋਂ ਬਾਹਰ ਆਏ ਸਨ।

ਉੱਧਰ, ਸਿਆਸੀ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਾਹਬਾਜ਼ ਗਿੱਲ ਨੇ ਬਾਅਦ ਵਿਚ ਪੁਸ਼ਟੀ ਕੀਤੀ ਕਿ ਖੱਟਕ ਨੇ ਖੈਬਰ ਪਖਤੂਨਖਵਾ ਦੇ ਲੋਕਾਂ ਲਈ ਗੈਸ ਦਾ ਪ੍ਰਬੰਧ ਕਰਨ ਦਾ ਮੁੱਦਾ ਉਠਾਇਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇੜੀਜੱਟਾਂ ਦੇ ਫੌਜੀ ਦੀ ਰਾਜੌਰੀ ’ਚ ਗੋਲੀ ਲੱਗਣ ਨਾਲ ਮੌਤ
Next articleWill not form alliance with SP, says ASP chief Chandrashekhar