ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਨੇ ਭਾਰਤ ਨੂੰ ਅੱਜ ਵਾਹਗਾ ਬਾਰਡਰ ਰਾਹੀਂ ਅਫ਼ਗਾਨੀ ਟਰੱਕਾਂ ਵਿਚ 50,000 ਟਨ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਮਨੁੱਖੀ ਮਦਦ ਦੇ ਤੌਰ ’ਤੇ ਅਫ਼ਗਾਨਿਸਤਾਨ ਪਹੁੰਚਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਦਦ ਪਹੁੰਚਾਉਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਹੋ ਗਿਆ ਸੀ। ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਨੂੰ ਮਦਦ ਪਹੁੰਚਾਉਣ ਦੇ ਤੌਰ-ਤਰੀਕਿਆਂ ਨੂੰ ਆਖ਼ਰੀ ਰੂਪ ਦੇਣ ਲਈ ਪਾਕਿਸਤਾਨ ਨਾਲ ਗੱਲ ਚੱਲ ਰਹੀ ਹੈ। ਭਾਰਤ ਨੇ ਜ਼ੋਰ ਦਿੱਤਾ ਸੀ ਕਿ ਮਨੁੱਖੀ ਮਦਦ ਪਹੁੰਚਾਉਣ ’ਤੇ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘‘ਅਸੀਂ ਆਪਣੀ ਗੱਲ ਦੁਹਰਾਉਂਦੇ ਹਾਂ ਕਿ ਮਨੁੱਖੀ ਮਦਦ ਲਈ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ।’’
ਪਾਕਿਸਤਾਨ ਨੇ ਭਾਰਤ ਨੂੰ ਮਨੁੱਖਤਾ ਦੇ ਆਧਾਰ ’ਤੇ ਆਪਣੇ ਖੇਤਰ ’ਚੋਂ ਗੁਆਂਢੀ ਮੁਲਕ ਅਫ਼ਗਾਨਿਸਤਾਨ ਵਿਚ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਪਹੁੰਚਾਉਣ ਦੀ ਜਾਜ਼ਤ ਦੇਣ ਦੇ ਆਪਣੇ ਫ਼ੈਸਲੇ ਬਾਰੇ ਪਿਛਲੇ ਹਫ਼ਤੇ ਅਧਿਕਾਰਤ ਤੌਰ ’ਤੇ ਦੱਸਿਆ ਸੀ। ਵੀਰਵਾਰ ਨੂੰ ਪਾਕਿਸਤਾਨ ਨੇ ਉਸ ਦੇ ਖੇਤਰ ਦਾ ਇਸਤੇਮਾਲ ਕਰ ਕੇ ਅਫ਼ਗਾਨਿਸਤਾਨ ਕਣਕ ਭੇਜਣ ਦੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਹਾਲਾਂਕਿ, ਵਿਦੇਸ਼ ਦਫ਼ਤਰ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਰਾਹੀਂ ਅਫ਼ਗਾਨੀ ਟਰੱਕਾਂ ਵਿਚ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਅਫ਼ਗਾਨਿਸਤਾਨ ਭੇਜਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਬਾਰੇ ਭਾਰਤ ਨੂੰ ਅਧਿਕਾਰਤ ਤੌਰ ’ਤੇ ਦੱਸ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਫ਼ੈਸਲਾ ਲਿਆ ਗਿਆ ਹੈ ਕਿ ਵਾਹਗਾ ਸਰਹੱਦ ਤੋਂ ਤੋਰਖਮ ਤੱਕ ਮਦਦ ਲੈ ਕੇ ਜਾਣ ਲਈ ਅਫ਼ਗਾਨੀ ਟਰੱਕਾਂ ਦਾ ਇਸਤੇਮਾਲ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly