ਸ੍ਰੀਨਗਰ (ਸਮਾਜ ਵੀਕਲੀ): ਜੰਮੂ-ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਅੱਜ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਾਗਰਿਕਾਂ ’ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਾਜ਼ਿਸ਼ ਪਾਕਿਸਤਾਨ ਵਲੋਂ ਘੜੀ ਗਈ ਸੀ ਅਤੇ ਇਹ ਅਤਿਵਾਦੀ ਜਥੇਬੰਦੀਆਂ ਦੀ ਨਿਰਾਸ਼ਾ ਦਾ ਸੰਕੇਤ ਹੈ। ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦਿਲਬਾਗ ਨੇ ਕਿਹਾ, ‘ਅਜਿਹੀਆਂ ਕਾਰਵਾਈਆਂ ਸਿਰਫ਼ ਅਤਿਵਾਦੀ ਜਥੇਬੰਦੀਆਂ ਦੀ ਨਿਰਾਸ਼ਾ ਅਤੇ ਪਾਕਿਸਤਾਨ ਵਿੱਚ ਬੈਠੇ ਉਨ੍ਹਾਂ ਦੇ ਆਕਾਵਾਂ ਦੇ ਫਤਵਿਆਂ ਕਾਰਨ ਹੋ ਰਹੀਆਂ ਹਨ। ਇਹ ਸਾਨੂੰ ਆਪਣੇ ਫਰਜ਼ ਨਿਭਾਉਣ ਅਤੇ ਹਰ ਕੀਮਤ ’ਤੇ ਸ਼ਾਂਤੀ ਯਕੀਨੀ ਸਥਾਪਤ ਕਰਨ ਤੋਂ ਨਹੀਂ ਰੋਕ ਸਕਦੀਆਂ। ਸੁਰੱਖਿਆ ਬਲ ਇਸ ਲਈ ਵਚਨਬੱਧ ਹਨ।’’ ਸੀਆਰਪੀਐਫ ਦੇ ਹੈੱਡ ਕਾਂਸਟੇਬਲ ਵਿਸ਼ਾਲ ਕੁਮਾਰ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਚੜ੍ਹਾਉਣ ਮਗਰੋਂ ਦਿਲਬਾਗ ਸਿੰਘ ਨੇ ਕਿਹਾ, ‘‘ਇਹ ਹਮਲੇ ਨਿੰਦਣਯੋਗ ਹਨ… ਇਹ ਹਰਕਤਾਂ ਅਣਮਨੁੱਖੀ ਹਨ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਵਿਸ਼ਾਲ ਕੁਮਾਰ ਸੋਮਵਾਰ ਨੂੰ ਮੈਸੂਮਾ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly