(ਸਮਾਜ ਵੀਕਲੀ)
ਮੈਂ ਆਪਣੀ ਸ਼ਕਤੀ ਦੇ
ਵਹਿਣ ਨੂੰ ਸਮੇਟੀ,
ਕਈਆਂ ਯੁੱਗਾਂ ਤੋਂ
ਏਥੇ ਹੀ ਹਾਂ!
ਕਈਆਂ ਮਿੱਟੀਆਂ ਵਿੱਚ
ਰਲ਼ੀ ਹੈ ਮੇਰੀ ਮਹਿਕ!
ਤਾਣੇ-ਪੇਟੇ ਦਾ
ਦੋ-ਪਲਾਈ ਸੂਤਰ ਬਣ,
ਗੁਜ਼ਰੀ ਹਾਂ ਕਬੀਰ ਦੇ ਪੋਟਿਆਂ ਵਿੱਚੋਂ!
ਸਤਨਾਜਾ ਛੱਟਦੀ ਲੋਈ ਦਾ
ਸਬਰ ਹੈ ਮੇਰੀ ਹੋਂਦ ਵਿੱਚ!
ਸਤਯੁੱਗ ਦਾ ਦੂਸਰਾ ਅੱਖਰ
ਹਿੱਸਾ ਹੈ ਮੇਰੇ ਨਾਂ ਦਾ!
ਤ੍ਰੇਤਾ ਦੀ ਭੀਲਣੀ ਦੇ ਟੁੱਕੇ ਹੋਏ
ਬੇਰਾਂ ਤੋਂ ਉੱਗੀ ਹੋਈ ਬੇਰੀ ਹਾਂ ਮੈਂ!
ਮੇਰੇ ਹੀ ਕੰਡਿਆਂ ‘ਤੇ ਪੱਕਿਆ ਹੈ
ਭੀਲਣੀ ਦਾ ਸਿਦਕ!
ਪਰ ਕੋਈ ਸ਼ਦੀਦ ਮੋਹ ਭਿੱਜਾ ਰਾਮ,,
ਨਹੀਂ ਗੁਜ਼ਰਿਆ ਮੇਰੇ ਕੋਲੋਂ!
ਦਵਾਪਰ ਵਿਚ ਅਰਜਨ ਨੂੰ
ਸ੍ਰੇਸ਼ਟ ਬਣਾਉਂਦੀ ਸੱਜੇ ਅੰਗੂਠੇ ਦੀ,
ਪਤਲੀ ਜਹੀ ਰੇਖਾ ਹਾਂ ਮੈਂ!
ਤੇ ਦ੍ਰੋਪਦੀ ਦੇ ਵਸਤਰ ਦਾ ਆਖਰੀ ਸਿਰਾ!
ਜੋ ਨਹੀਂ ਵੇਖ ਸਕੀਆਂ
ਸ਼ਰਮਿੰਦਾ ਤੇ ਲਾਲਚੀ ਅੱਖਾਂ!
ਉਹ ਵਾਰੀ ਦੇ ਵੱਟੇ ਲਾਹੁਣ ਵਾਲ਼ਾ ਕੇਸ਼ਵ!
ਵੇਖਦਾ ਰਿਹਾ ਲਾਚਾਰੀ ਦੀ ਚਰਮਸੀਮਾ!
ਨਾਨਕ ਦੀ ਸਮਾਧੀ ਦੇ ਪਲਾਂ ਵਿਚ
ਹਵਾ ਬਣ ਗੂੰਜੀ ਹਾਂ!
ਮਰਦਾਨੇ ਦੀ ਰਬਾਬ ਵਿੱਚੋਂ!
ਵੇਈਂ ਦੇ ਥੱਲੇ ਦਾ ਉਹ ਆਖਰੀ ਛੋਰ ਹਾਂ!
ਜਿੱਥੇ ਠਹਿਰਿਆ ਸੀ ਪੀਰ!
ਮੈਨੂੰ ਜਿੰਦਗੀ ਦਾ ਭੇਤ ਦੱਸਣ!
ਵਰ੍ਹਿਆਂ ਦੀ ਹਾਜ਼ਰ-ਨਾਜ਼ਰ ਚੁੱਪ ਹਾਂ ਮੈਂ!
ਮਾਨਵ ਜਾਤੀ ਲਈ ਸਿਰਜਿਆ
ਇੱਕ ਹੋਰ ਉਪਨਿਸ਼ਦ ਹਾਂ ਮੈਂ!
ਜਿਸ ਵਿਚ ਸ਼ਾਮਲ ਨੇ ਚਾਰੇ ਵੇਦ!
ਵੇਦਾਂ ਵਿਚ ਪੁਰਾਣ!
ਬੜੇ ਹੀ ਰਹੱਸਮਈ
ਅਤੇ ਦੁਖਦਾਈ ਸਫ਼ਰ ਹੁੰਦੇ ਨੇ ,
ਯੁੱਗਾਂ ਤੀਕ ਬਿਨਾਂ ਥੱਕੇ ਜੀਵੀ ਜਾਣ ਦੇ !
~ ਰਿਤੂ ਵਾਸੂਦੇਵ



