HOME ਨਾਨਕ-ਮਾਰਗ

ਨਾਨਕ-ਮਾਰਗ

ਅਮਰਜੀਤ ਅਰਪਨ
ਕੀ ਏ ਨਾਨਕ-ਮਾਰਗ?
   (ਸਮਾਜ ਵੀਕਲੀ)   ਬਾਬੇ ਨਾਨਕ ਦੀ ਇਤਹਾਸਕ ਭੂਮਿਕਾ ਬਹੁਤ ਵੱਡੀ ਹੈ।ਇਸਲਾਮੀ ਤੇ ਹਿੰਦੂ ਧਰਮ ਦੇ ਚਲਦਿਆਂ ਭਗਤਾਂ-ਸੂਫ਼ੀਆਂ ਨੇ ਆਮ ਬੋਲੀ ‘ਚ ਕੁਦਰਤ ਦੇ ਗੁਹਜ ਰਹੱਸਾਂ ਨੂੰ ਆਪਣੀਆਂ ਆਪਣੀਆਂ ਬੋਲੀਆਂ ਰਾਹੀਂ ਵਿਅਕਤ ਕੀਤਾ। ਇਹਨਾਂ ਗੋਹਜ ਰਹੱਸਾਂ ਨੂੰ ਜਾਂ ਕੁਦਰਤ ਦੇ ਵਿਆਖਾਨ ਨੂੰ ਸਮਝਣ ਔਰ ਵਿਅਕਤ ਕਰਨ ਦੀ ਭਗਤ-ਬਾਣੀ ਦਾ ਕੇਂਦਰ ਬਿੰਦੂ ਬਾਬਾ ਨਾਨਕ ਬਣਿਆ।ਬਾਬੇ ਨਾਨਕ ਦੀ ਸਮਾਜ ਦੇ ਦੂਰ ਦੁਰੇਡੇ ਇਲਾਕਿਆਂ ਤੱਕ ਰਸਾਈ ਜਾਂ ਕਹਿ ਲਵੋ ਕਰਮਸ਼ੀਲਤਾ ਬੜੀ ਮਹੱਤਵਪੂਰਨ ਹੈ।ਇਉੰ ਕੁਦਰਤ ਦੇ ਗੋਹਜ ਰਹੱਸਾਂ ਦੀ ਆਪਣੀ ਬੋਲੀ ਰਾਹੀਂ ਅਭਿਵਿਅਕਤੀ ਨਾਨਕ-ਮਾਰਗ ਕਹਿਲਾਈ।
ਏਸ ਮਾਰਗ ਨੂੰ ਗੁਰ-ਦਰਸ਼ਨ ਵੀ ਕਿਹਾ ਜਾਂਦਾ ਰਿਹਾ,ਮਤਲਬ ਕੁਦਰਤ ਦੇ ਰਹੱਸ ਨੂੰ ਸਮਝਣਾ।ਨਾਨਕ-ਮਾਰਗ,ਨਾਨਕ-ਪੰਥ,ਗੁਰ-ਦਰਸ਼ਨਰ ਮੱਧਕਾਲ ਤੱਕ ਸ਼ਬਦ ਚਲਦੇ ਸਨ,ਸਿੱਖ ਧਰਮ ਕਿਤੇ ਨਹੀਂ ਸੀ।ਇਹ ਬਾਅਦ ਅੰਗਰੇਜ਼ਾਂ ਨੇ ਹਿੰਦੂ,ਸਿੱਖ,ਮੁਸਲਿਮ ਕਰਕੇ ਪ੍ਰਚੱਲਿਤ ਕੀਤਾ,ਉਹਨਾਂ ਦੇ ਆਪਣੇ ਰਾਜਕੀ ਸੁਆਰਥ ਸਨ।
     ਬਾਈ ਮੰਜੀਆਂ(center) ਤੇ ਅਨੇਕਾਂ ਹੋਰ ਦੂਰ ਦੁਰਾਡੇ ਦੇ ਇਲਾਕਿਆਂ ਅੰਦਰ ਪੀੜ੍ਹੀਆਂ( sub-center) ਦੀ ਸਥਾਪਨਾ ਕਰਕੇ ਗੁਰ-ਦਰਸ਼ਨ ਨੂੰ ਇਕ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਂਦਾ ਸੀ।ਇਹਨਾਂ ਸੈਂਟਰਾਂ ਰਾਹੀਂ ਵੱਖ ਵੱਖ ਥਾਵਾਂ ਤੇ ਓਥੋਂ ਦੀਆਂ ਬੋਲੀਆਂ, ਓਥੋਂ ਦੇ ਸਭਿਆਚਾਰਕ ਪ੍ਰਤੀਕਾਂ ਰਾਹੀਂ ਬੇਅੱਖਰੀ ਜਨਤਾ ਨੂੰ ਗਿਆਨ ਵਾਨ ਕੀਤਾ ਜਾਂਦਾ। ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ ਅੰਦਰ ਸਥਾਪਿਤ ਇਹਨਾਂ ਸੈਂਟਰਾਂ ਦਾ ਬੇਜੋੜ ਯੋਗਦਾਨ ਰਿਹਾ ਹੈ।ਇਹ ਸੈਂਟਰ ਵਿਦਿਆ,ਸਿਹਤ ਤੇ ਕਲਚਰ ਦੇ ਸੈਂਟਰ ਸਨ ਜਿਹੜੇ ਸਮਾਜ ਦੇ ਨਵ-ਨਿਰਮਾਣ ਲਈ ਮਹੱਤਵਪੂਰਨ ਪਿੱਲਰ ਸਨ।ਜ਼ਰਾ ਸੋਚ ਕੇ ਵੇਖੋ ਕਿ ਪੰਜਾਬ ਤੋਂ ਬਾਹਰ ਅਨੇਕਾਂ ਥਾਵਾਂ ਤੇ ਗੁਰ-ਦਰਸ਼ਨ ਦਾ ਪ੍ਰਚਾਰ ਕੇਡਾ ਇਤਹਾਸਕ ਮਹੱਤਤਾ ਵਾਲਾ ਸੀ।
      ਗੁਰੂ ਨਾਨਕ ਵੇਲੇ ਗੁਰ-ਦਰਸ਼ਨ ਦੇ ਪ੍ਰਚਾਰ ਪਾਸਾਰ ਲਈ ਵੱਡਾ ਯੋਗਦਾਨ ਵਣਜਾਰਿਆ(Traders) ਦਾ ਸੀ ਜੋ ਵਸਤਾਂ ਦਾ ਵਿਉਪਾਰ ਸਾਰੇ ਹਿੰਦੁਸਤਾਨ ਤੇ ਕਾਬਲ ਕੰਧਾਰ ਤੱਕ ਕਰਦੇ ਸਨ।ਮੰਜੀਆਂ ਦੀ ਸਥਾਪਨਾ ਲਈ ਇਹਨਾਂ ਵਣਜਾਰਿਆਂ ਦਾ ਭਾਰੀ ਯੋਗਦਾਨ ਰਿਹਾ ਹੈ।ਇਹਨਾਂ ਵਣਜਾਰਿਆਂ ਦੀ ਖਾਸੀਅਤ ਇਹ ਸੀ ਕਿ ਜਿੱਥੇ ਇਹਨਾਂ ਦਾ ਬਾਹਰ ਅੰਦਰ ਜਾਣ ਨਾਲ ਵਿਜ਼ਨ ਮੋਕਲਾ ਸੀ ਓਥੇ ਇਹ ਓਸ ਵੇਲੇ ਦੇ ਆਵਾਜਾਈ ਦੇ ਮੁੱਖ ਸਾਧਨ ਘੋੜ ਸਵਾਰੀ ਤੇ ਲੁੱਟ ਖੋਹ ਤੋਂ ਬਚਣ ਲਈ ਤਲਵਾਰ ਬਾਜ਼ੀ ਦੇ ਵੀ ਮਾਹਰ ਸਨ। ਏਹੀ ਮੀਰੀ ਪੀਰੀ ਦੇ ਸੰਚਾਲਕ ਸ਼ਕਤੀ ਬਣੇ। ਇਉਂ ਮੰਜੀਆਂ ਦੀ ਸਥਾਪਤੀ ਦੇ ਦੌਰਾਨ ਇਹਨਾਂ ਵਣਜਾਰਿਆਂ ਦੀ ਗੁਰ-ਦਰਸ਼ਨ ਦੇ ਪ੍ਰਚਾਰ ਪਾਸਾਰ ਲਈ ਵੱਡੀ ਭੂਮਿਕਾ ਹੈ।ਖੋਜ ਨਾਲ ਸਬੰਧਿਤ ਖੋਜਾਰਥੀਆਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮਸਲਿਆਂ ਤੇ ਡੂੰਘੀ ਖੋਜ ਕਰਕੇ ਗੁਰ-ਦਰਸ਼ਨ ਨੂੰ ਚਿੰਬੜੇ ਅਨੇਕਾਂ ਕਰਮਕਾਂਡਾਂ ਨੂੰ ਧੋਣ ਵਿਚ ਯੋਗਦਾਨ ਪਾਉਣ।
ਗੁਰ-ਦਰਸ਼ਨ ਅਸਲ ‘ਚ ਕੁਦਰਤ ਦਾ ਹੀ ਗਿਆਨ ਹੈ।ਏਸ ਗਿਆਨ ਰਾਹੀਂ ਬੰਦੇ ਨੂੰ ਕੁਦਰਤ ਨਾਲ ਜੀਣ ਦੀ ਜੁਗਤ ਹੀ ਦਰਸਾਈ ਹੈ। ਇਹ ਸਰੀਰ ਸੱਚਾ ਹੈ।ਪੌਣ,ਪਾਣੀ,ਧਰਤੀ ਇਹਦਾ ਆਧਾਰ ਹੈ।ਬ੍ਰਹਿਮੰਡ ਦਾ ਗੋਹਜ ਪਾਸਾਰਾ ਹੈ।ਇਸ ਵਿਸ਼ਾਲ ਬ੍ਰਹਿਮੰਡ ਅੰਦਰ ਜੀਵ ਕੁਦਰਤ ਦੇ ਸੁਮੇਲ ਨਾਲ ਆਇਆ ਹੈ ਤੇ ਜੋ ਕੁਦਰਤ ਤੇ ਹੀ ਨਿਰਭਰ ਹੈ।ਬੰਦਾ ਉਤਮ ਪ੍ਰਾਣੀ ਹੈ ਕਿਉੰਜੋ ਚੇਤਨ ਹੈ।ਏਸ ਕਰਕੇ ਬੰਦੇ ਦੇ ਸਿਰ ਜਿੰਮੇਵਾਰੀ ਹੈ ਕਿ ਕੁਦਰਤ ਦੇ ਸਮੁੱਚੇ ਪਾਸਾਰੇ ਦੀ ਰਾਖੀ ਕਰਦਿਆਂ ਇਹਦੇ ਨਿਯਮਾਂ ਦੇ ਤਹਿਤ ਜ਼ਿੰਦਗੀ ਬਸਰ ਕਰੇ।ਅਖੌਤੀ ਤਰੱਕੀ ਦੇ ਨਾਂ ਤੇ ਕੁਦਰਤ ਨਾਲ ਖਲਵਾੜ ਗਵਾਰਾ ਨਹੀਂ ਹੈ,ਇਹਦੇ ਸਿੱਟੇ ਗੰਭੀਰ ਨਿਕਲ ਰਹੇ ਨੇ।
    ਸੋ ਏਥੇ ਮੇਰਾ ਲਿਖਣ ਦਾ ਮਕਸਦ ਇਹ ਹੈ ਕਿ ਗੁਰ-ਦਰਸ਼ਨ ਕੁਦਰਤ ਦਾ ਹੀ ਗਿਆਨ ਹੈ ਜਿਸਨੇ ਸਮੁੱਚੇ ਪਾਸਾਰੇ ਨੂੰ ਧਿਆਨ ਵਿਚ ਰੱਖਦਿਆਂ ਜ਼ਿੰਦਗੀ ਜੀਣ ਦੀ ਕਲਾ ਸਿਖਾਈ ਹੈ।ਇਹਦੇ ਤੇ ਉਸਰਿਆ ਕਰਮਕਾਂਡ ਇਹਦੀ ਅੰਦਰਲੀ ਗਿਆਨ-ਤਾਸੀਰ ਨੂੰ ਕੁਰਾਹੇ ਪਾਉੰਦਾ ਹੈ।
ਅਮਰਜੀਤ ਅਰਪਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article~ ਦੁੱਖਦਾਈ ਸਫ਼ਰ ~
Next articleਕਿੰਨੀ ਕਮਲੀ ਹਾਂ ਮੈਂ