ਦੁੱਧ ਦਾ ਪੈਕਟ…..(ਮਿੰਨੀ ਕਹਾਣੀ)

ਮਨਜੀਤ ਕੌਰ ਧੀਮਾਨ,           

(ਸਮਾਜ ਵੀਕਲੀ)

ਅੱਜ ਨਵਾਂ ਸਾਲ ਚੜ੍ਹਿਆ ਹੈ ਤੇ ਸਾਡੇ ਘਰੇ ਦੁੱਧ ਨਹੀਂ। ਕਿੰਨੀ ਮਾੜੀ ਗੱਲ ਹੈ। ਜਾਓ ਨਾ, ਦੁੱਧ ਲਿਆ ਦਿਓ, ਨਾਲੇ ਕੁੱਝ ਹੋਰ ਸਮਾਨ ਵੀ ਚਾਹੀਦਾ ਹੈ। ਗੁਰਮੀਤ ਨੇ ਆਪਣੇ ਪਤੀ ਰਵਨੀਤ ਨੂੰ ਸਵੇਰੇ-ਸਵੇਰੇ ਨਵੇਂ ਸਾਲ ਵਾਲ਼ੇ ਦਿਨ ਬੜੇ ਪਿਆਰ ਤੇ ਰੋਸੇ ਜਿਹੇ ਨਾਲ਼ ਕਿਹਾ।
                 ਤੇਰਾ ਦਿਮਾਗ਼ ਖ਼ਰਾਬ ਹੈ…..! ਐਨੀ ਸਵੇਰੇ ਠੰਡ ਵਿੱਚ ਮਰਨਾ ਮੈਂ? ਮੈਂ ਨਹੀਂ ਜਾਣਾ।ਤੂੰ ਬਾਦ ਵਿੱਚ ਲੈ ਆਵੀਂ, ਆਪਣੀ ਸਕੂਟਰੀ ਤੇ ਜਾ ਕੇ। ਰਵਨੀਤ ਨੇ ਰਜਾਈ ਵਿੱਚ ਚੰਗੀ ਤਰ੍ਹਾਂ ਲਿਪਟਦਿਆਂ ਕਿਹਾ।
                 ਹੂੰ…..! ਮੈਨੂੰ ਠੰਡ ਨਹੀਂ ਲਗਦੀ ਜਿਵੇਂ!ਜਾਓ ਨਾ ਪਲੀਜ਼।ਬੱਚਿਆਂ ਨੇ ਉੱਠ ਕੇ ਦੁੱਧ ਪੀਣਾ ਹੈ ਤੇ ਫ਼ੇਰ ਅਸੀਂ ਗੁਰੂਦਵਾਰੇ ਜਾਣਾ ਹੈ। ਗੁਰਮੀਤ ਨੇ ਦੋਬਾਰਾ ਕੋਸ਼ਿਸ਼ ਕੀਤੀ।
               ਵੈਸੇ ਵੀ ਤੁਸੀਂ ਤਾਂ ਕੰਮ ਤੇ ਜਾਣਾ ਹੀ ਹੈ। ਗੁਰਮੀਤ ਨੇ ਨਾਲ ਹੀ ਇੱਕ ਤੀਰ ਹੋਰ ਛੱਡਿਆ।
                ਤੇ ਇੰਝ ਤਾਂ ਤੂੰ ਵੀ ਜਾਣਾ ਹੀ ਹੈ ਗੁਰੂਦਵਾਰੇ। ਰਵਨੀਤ ਨੇ ਫਜ਼ੂਲ ਟੱਲਣ ਦੀ ਕੋਸ਼ਿਸ਼ ਕੀਤੀ।
               ਅੱਛਾ ਬਾਬਾ! ਜਾ ਰਿਹਾ ਹਾਂ, ਮੂੰਹ ਨਾ ਬਣਾ ਹੁਣ। ਗੁਰਮੀਤ ਦਾ ਬੁਰਾ ਜਿਹਾ ਮੂੰਹ ਦੇਖ਼ ਕੇ ਉਹ ਰਜਾਈ ‘ਚੋਂ ਬਾਹਰ ਨਿਕਲਿਆ ਤੇ ਸਕੂਟਰੀ ਤੇ ਦੁੱਧ ਤੇ ਹੋਰ ਜ਼ਰੂਰੀ ਸਮਾਨ ਲੈਣ ਚਲੇ ਗਿਆ।
                 ਸਮਾਨ ਲਿਆ ਕੇ ਓਹਨੇ ਰਸੋਈ ਵਿੱਚ ਰੱਖਿਆ ਤੇ ਕੰਮ ਤੇ ਜਾਣ ਲਈ ਤਿਆਰ ਹੋਣ
ਲੱਗਾ। ਗੁਰਮੀਤ ਵੀ ਆਪਣੇ ਕੰਮੀਂ ਲੱਗੀ ਰਹੀ। ਰਵਨੀਤ ਕੰਮ ਤੇ ਚਲਾ ਗਿਆ ਤੇ ਬੱਚੇ ਵੀ ਗੁਰੂਦਵਾਰੇ ਜਾਣ ਲਈ ਤਿਆਰ ਹੋਣ ਲੱਗੇ।
               ਚਲੋ, ਚਲੋ, ਛੇਤੀ ਕਰੋ। ਅੱਜ ਆਪਾਂ ਨਵੇਂ ਸਾਲ ਤੇ ਗੁਰੂਦਵਾਰੇ ਜਾਣਾ ਹੈ ਮੱਥਾ ਟੇਕਣ। ਗੁਰਮੀਤ ਨੇ ਬੱਚਿਆਂ ਨੂੰ ਕਿਹਾ।
                  ਮੰਮੀ, ਮੰਮੀ ਮੈਂ ਇਸ ਵਾਰ ਵੀ ਟਾਫੀਆਂ ਵੰਡਣੀਆਂ ਹਨ, ਨਵੇਂ ਸਾਲ ਤੇ। ਗੁਰਮੀਤ ਦੇ ਮੁੰਡੇ ਸਹਿਜ ਨੇ ਕਿਹਾ।
             ਹਾਂ ਪੁੱਤ,ਮੈਨੂੰ ਪਤਾ ਹੈ। ਇਸੇ ਲਈ ਮੈਂ ਸਵੇਰੇ ਟਾਫੀਆਂ ਮੰਗਵਾਂ ਲਈਆਂ ਸੀ, ਤੁਹਾਡੇ ਬਾਪੂ ਜੀ ਤੋਂ। ਗੁਰਮੀਤ ਨੇ ਮੁੰਡੇ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦਿਆਂ ਦੱਸਿਆ।
                ਊਂ…. ਊਂ…. ਊਂ…., ਮੈਂ ਨੀਂ…ਮੈਂ ਨੀਂ…..! ਮੈਂ ਵੀ ਟਾਫੀਆਂ ਵੰਡਣੀਆਂ ਹਨ।ਛੋਟੀ ਧੀ ਗੁੰਜਨ ਨੇ ਰੋਂਦਿਆਂ ਕਿਹਾ।
               ਓਹ….!ਮੇਰਾ ਬੱਚਾ,
 ਪੁੱਤ ਤੂੰ ਵੀ ਵੰਡ ਦਈਂ ਵੀਰੇ ਨਾਲ਼। ਗੁਰਮੀਤ ਨੇ ਗੁੰਜਨ ਨੂੰ ਪਿਆਰ ਨਾਲ਼ ਕਿਹਾ।
               ਮੈਂ ਨੀਂ, ਮੈਂ ਨੀਂ, ਮੈਨੂੰ ਵੀ ਲੱਗ ਪੈਕਤ (ਅਲੱਗ ਪੈਕਟ) ਲੈਕੇ ਦੋ। ਗੁੰਜਨ ਨੇ ਜ਼ਿੱਦ ਕੀਤੀ।
           ਅੱਛਾ ਬਾਬਾ, ਚਲੋ ਦੋਵੇਂ ਤੁਰੋ। ਗੁਰਮੀਤ ਨੇ ਹਾਰ ਮੰਨਦਿਆਂ ਕਿਹਾ।
            ਤੁਰਨ ਲੱਗਿਆ ਗੁਰਮੀਤ ਦਾ ਧਿਆਨ ਅਚਾਨਕ ਰਸੋਈ ਵਿੱਚ ਟੰਗੇ ਅੱਜ ਦੇ ਰਾਸ਼ਨ ਦੇ ਬਿੱਲ ਤੇ ਪਿਆ। ਹੈਂ! ਇਹ ਕੀ? ਇੱਥੇ ਤਾਂ ਦੁੱਧ ਦੇ ਇੱਕ ਹੀ ਪੈਕਟ ਦਾ ਮੁੱਲ ਲਿਖ਼ਿਆ ਹੋਇਆ ਹੈ ਪਰ ਦੁੱਧ ਦੇ ਤਾਂ ਦੋ ਪੈਕਟ ਸਨ। ਇੰਝ ਤਾਂ ਦੁਕਾਨ ਵਾਲ਼ੇ ਨੂੰ 83 ਰੁਪਏ ਦਾ ਘਾਟਾ ਪਿਆ ਹੋਣਾ। ਲੱਗਦਾ ਭੁਲੇਖਾ ਲੱਗ ਗਿਆ ਹੋਣਾ। ਇਹਨਾਂ ਨੇ ਵੀ ਧਿਆਨ ਨਹੀਂ ਦਿੱਤਾ। ਪਰ ਹੁਣ ਮੈਂ ਕੀ ਕਰਾਂ…? ਕੀ ਪੈਸੇ ਦੇ ਆਵਾਂ? ਨਹੀਂ.. ਨਹੀਂ… ਮੇਰੀ ਕੀ ਗ਼ਲਤੀ ਭਲਾ? ਇਹ ਤਾਂ ਦੁਕਾਨਦਾਰ ਦੀ ਗ਼ਲਤੀ ਹੈ।ਉਹਨੂੰ ਧਿਆਨ ਰੱਖਣਾ ਚਾਹੀਦਾ ਹੈ।
             ਮੰਮੀ! ਚਲੋ ਹੁਣ। ਬੱਚਿਆਂ ਨੇ ਆ ਕੇ ਗੁਰਮੀਤ ਨੂੰ ਹਿਲਾਇਆ ਤਾਂ ਉਹ ਸੋਚਾਂ ‘ਚੋਂ ਬਾਹਰ ਆਈ।
                 ਹਾਂ ਚਲੋ। ਗੁਰਮੀਤ ਨੇ ਬਿੱਲ ਨੂੰ ਪਰਸ ਵਿੱਚ ਰੱਖਦਿਆਂ ਕਿਹਾ।
                ਰਾਹ ਵਿਚ ਓਸੇ ਦੁਕਾਨ ਤੋਂ ਗੁੰਜਨ ਨੂੰ ਟਾਫੀਆਂ ਦਾ ਪੈਕਟ ਲੈ ਕੇ ਦਿੱਤਾ।ਸੌ ਰੁਪਏ ਦਾ ਨੋਟ ਕੱਢ ਕੇ ਓਹਨੇ ਫ਼ੇਰ ਪਰਸ ਵਿੱਚ ਪਾ ਲਿਆ ਤੇ ਫੇਰ ਉਹ ਗੁਰੂਦਵਾਰੇ ਚਲੇ ਗਏ।
               ਗੁਰੂਦਵਾਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਸੇਵਾ ਕਰਨ ਲੱਗ ਪਈ। ਬੱਚੇ ਕੋਲ਼ ਖੜ੍ਹੇ ਟਾਫੀਆਂ ਵੰਡ-ਵੰਡ ਕੇ ਖ਼ੁਸ਼ ਹੁੰਦੇ ਰਹੇ।ਗੁਰਮੀਤ ਦਾ ਮਨ ਨਹੀਂ ਲੱਗ ਰਿਹਾ ਸੀ।ਉਸਨੂੰ ਬੇਚੈਨੀ ਜਿਹੀ ਹੋ ਰਹੀ ਸੀ। ਅੱਜ ਨਵਾਂ ਸਾਲ ਹੈ। ਅੱਜ ਹੀ ਮੇਰੇ ਘਰ ਇੱਕ ਦੁੱਧ ਦਾ ਪੈਕਟ ਵਾਧੂ ਆ ਗਿਆ ਤੇ ਉਹ ਮੇਰੇ ਬੱਚਿਆਂ ਨੇ ਪੀਣਾ ਹੈ। ਮੈਂ ਗੁਰੁਦਵਾਰੇ ਆਈ ਹਾਂ।ਪਰ ਮੈਂ ਕਿਸੇ ਦਾ ਹੱਕ ਰੱਖਿਆ ਹੈ। ਮੇਰੇ ਬੱਚੇ ਕੀ ਸੋਚਣਗੇ ਤੇ ਕੀ ਸਿਖਾਵਾਂਗੀ ਮੈਂ ਉਹਨਾਂ ਨੂੰ। ਨਹੀਂ… ਨਹੀਂ! ਇਹ ਸਹੀ ਨਹੀਂ ਕੀਤਾ ਮੈਂ। ਸੋਚਦਿਆਂ ਹੀ ਗੁਰਮੀਤ ਨੇ ਬੱਚਿਆਂ ਨੂੰ ਨਾਲ਼ ਲਿਆ ਤੇ ਵਾਪਸ ਚੱਲ ਪਈ।
                ਬੱਚੇ ਇੰਝ ਅਚਾਨਕ ਮੁੜਨ ਤੋਂ ਹੈਰਾਨ ਸਨ।ਰਾਹ ਵਿੱਚ ਫਿਰ ਉਸੇ ਦੁਕਾਨ ਤੇ ਰੁੱਕ ਗਈ।
              ਬਾਬਾ ਜੀ, ਆਹ 83 ਰੁਪਏ ਕੱਟ ਲਓ। ਗੁਰਮੀਤ ਨੇ ਸੌ ਦਾ ਨੋਟ ਦੁਕਾਨਦਾਰ ਵੱਲ ਵਧਾਉਂਦਿਆਂ ਕਿਹਾ।
             ਸਵੇਰੇ ਤੁਸੀਂ ਇੱਕ ਪੈਕਟ ਦੁੱਧ ਦੇ ਪੈਸੇ ਘੱਟ ਲਿਖੇ ਸੀ, ਓਹੀ ਹਨ। ਦੁਕਾਨਦਾਰ ਦੇ ਬੋਲਣ ਤੋਂ ਪਹਿਲਾਂ ਹੀ ਗੁਰਮੀਤ ਨੇ ਬਿੱਲ ਦਿਖਾਉਂਦਿਆਂ ਕਿਹਾ।
               ਅੱਛਾ! ਲੱਗਦਾ ਗਲਤੀ ਨਾਲ਼ ਹੋ ਗਿਆ ਹੋਣਾ। ਸ਼ਾਬਾਸ਼ ਤੇਰੇ ਧੀਏ! ਸ਼ਾਬਾਸ਼!
              ਹੁਣ ਗੁਰਮੀਤ ਦੇ ਮਨ ਦੀ ਬੇਚੈਨੀ ਦੂਰ ਹੋ ਗਈ ਸੀ ਤੇ ਉਹ ਬੱਚਿਆਂ ਨੂੰ ਲੈ ਕੇ ਖੁਸ਼ੀ-ਖੁਸ਼ੀ ਘਰ ਆ ਗਈ। ਬੱਚੇ ਵੀ ਮਾਂ ਦੀ ਇਮਾਨਦਾਰੀ ਦੇਖ਼ ਕੇ ਖੁਸ਼ ਹੋ ਗਏ ਸਨ।
ਮਨਜੀਤ ਕੌਰ ਧੀਮਾਨ,
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ / ਊੜਾ..ਉਠ ਨਸੀਬੋ ਪੈਹ ਫਟਗੀ ਨੀ…
Next articleਵਾਤਾਵਰਣ ਨਾਲ ਖਿਲਵਾੜ ਕਰਨਾ ਮਹਿੰਗਾ ਪੈਂਦਾ ਹੈ