ਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੧੨.

ਜਸਵੀਰ ਸਿੰਘ ਪਾਬਲਾ,

ਸ਼ੁੱਧ ਪੰਜਾਬੀ ਕਿਵੇਂ ਲਿਖੀਏ?- ਭਾਗ ੧੨.
ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?-ਭਾਗ (ਅ)
(ਫ ਪੈਰ ਬਿੰਦੀ= ਫ਼)
(ਸਮਾਜ ਵੀਕਲੀ)-ਪੈਰ ਬਿੰਦੀ ਵਾਲ਼ੇ ਗੁਰਮੁਖੀ ਦੇ ਛੇ ਵਿੱਚੋਂ ਚਾਰ ਅੱਖਰਾਂ; ਖ਼ ਗ਼ ਜ਼ ਅਤੇ ਫ਼ ਦੇ ਪੈਰਾਂ ਹੇਠ ਬਿੰਦੀਆਂ ਨਿਰੋਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਹੀ ਪਾਈਆਂ ਜਾਂਦੀਆਂ ਹਨ ਅਰਥਾਤ ਇਹਨਾਂ ਦੀ ਵਰਤੋਂ ਕੇਵਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਇਹਨਾਂ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਹੀ ਕੀਤੀ ਜਾਂਦੀ ਹੈ, ਪੰਜਾਬੀ/ਹਿੰਦੀ ਭਾਸ਼ਾਵਾਂ ਦੇ ਪਿਛੋਕੜ ਵਾਲੇ ਸ਼ਬਦਾਂ ਲਈ ਨਹੀਂ। ਇਹਨਾਂ ਤੋਂ ਬਿਨਾਂ ਸ਼ ਅੱਖਰ ਦੀ ਵਰਤੋਂ ਇਸ ਅੱਖ਼ਰ ਦੀ ਸ਼ਮੂਲੀਅਤ ਵਾਲ਼ੇ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਨਾਲ਼-ਨਾਲ਼ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਸ਼ਬਦਾਂ ਵਿੱਚ ਵੀ ਕੀਤੀ ਜਾਂਦੀ ਹੈ। ਸ਼ ਅਤੇ ਲ਼ ਅੱਖਰਾਂ ਤੋਂ ਬਿਨਾਂ ਉਪਰੋਕਤ ਚਾਰ ਅੱਖਰਾਂ ਖ਼ ਗ਼ ਜ਼ ਫ਼ ਸਮੇਤ ਹੁਣ ਇਹ ਸੁਵਿਧਾ ਗੁਰਮੁਖੀ ਲਿਪੀ ਵਿਚ ਕੁੱਲ ਛੇ ਅੱਖਰਾਂ ਨੂੰ ਪੈਰ-ਬਿੰਦੀ ਨਾਲ ਲਿਖਣ ਲਈ ਉਪਲਬਧ ਹੈ। ਲ ਪੈਰ ਬਿੰਦੀ ਲ਼ ਅੱਖਰ ਦੀ ਵਰਤੋਂ ਇਨ੍ਹਾਂ ਭਾਸ਼ਾਵਾਂ (ਪੰਜਾਬੀ /ਹਿੰਦੀ /ਅਰਬੀ /ਫਾਰਸੀ) ਵਿੱਚੋਂ ਕੇਵਲ ਪੰਜਾਬੀ ਭਾਸ਼ਾ ਦੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਲ਼ ਧੁਨੀ ਦਾ ਉਚਾਰਨ ਪੁਰਾਤਨ ਸਮਿਆਂ ਤੋਂ ਹੀ ਕੀਤਾ ਜਾਂਦਾ ਰਿਹਾ ਹੈ, ਬੇਸ਼ੱਕ ਇਸ ਨੂੰ ਲਿਖਤੀ ਰੂਪ ਵਿੱਚ ਬੀਤੀ ਸਦੀ ਵਿੱਚ ਬਾਕੀ ਦੀਆਂ ਉਪਰੋਕਤ ਪੰਜ ਧੁਨੀਆਂ ਦੇ ਨਾਲ਼ ਹੀ ਅਪਣਾਇਆ ਗਿਆ ਹੈ।
ਫ਼ਾਰਸੀ ਦੇ ‘ਫ਼ੇ’ ਅੱਖਰ (ਪੰਜਾਬੀ ਵਿੱਚ ਫ਼) ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਇਸ ਪ੍ਰਕਾਰ ਹਨ:
ਫ਼ਸਲ, ਫ਼ਸਾਦ, ਫਰਸ਼, ਫ਼ੱਕ (ਚੌਲਾਂ ਆਦਿ ਦੀ), ਫ਼ੱਕਰ, ਹਰਫ਼ (ਅੱਖਰ), ਹਲਫ਼, ਫ਼ਕੀਰ, ਫ਼ਜ਼ੂਲ, ਹਿਫ਼ਾਜ਼ਤ, ਹੌਸਲਾ-ਅਫ਼ਜ਼ਾਈ, ਫ਼ਤਵਾ, ਫ਼ਤਿਹ, ਬਰਫ਼, ਬਰਫ਼ੀ, ਅਫ਼ਸਾਨਾ, ਫ਼ਿਜ਼ਾ, ਫ਼ਜ਼ੂਲ, ਫਤੂਹੀ, ਫ਼ਰ (ਖੰਭ), ਫ਼ਰਕ, ਫ਼ਰਜ਼, ਫ਼ਰਦ, ਫ਼ਰਮਾਨ, ਦਫ਼ਤਰ, ਫ਼ਰਮਾਇਸ਼, ਫ਼ਰਾਰ, ਗਰਿਫ਼ਤਾਰ, ਫ਼ਲਸਫ਼ਾ, ਫ਼ਾਇਦਾ, ਫ਼ਾਸਲਾ, ਫ਼ਾਕਾ, ਫ਼ਿਕਰ, ਫ਼ੁਹਾਰਾ, ਫ਼ਿਰਕਾ, ਫ਼ਿਕਰਾ (ਵਾਕ), ਫ਼ੀਤਾ, ਫ਼ੌਜ, ਫ਼ੌਤ, ਖ਼ੌਫ਼, ਫ਼ੌਰਨ ਆਦਿ।
ਯਾਦ ਰਹੇ ਕਿ ਫਾਰਸੀ ਲਿਪੀ ਵਿੱਚ ਪੰਜਾਬੀ ਦੇ ਫ ਮੁਕਤਾ ਦੀ ਧੁਨੀ ਲਈ ਕੋਈ ਅੱਖਰ ਹੀ ਨਹੀਂ ਹੈ ਅਤੇ ਇੱਥੋਂ ਤੱਕ ਕਿ ਅਰਬੀ ਭਾਸ਼ਾ ਵਿੱਚ ਤਾਂ ਫ ਦੇ ਨਾਲ-ਨਾਲ ਇਸ ਦੀ ਨਜ਼ਦੀਕੀ ਧੁਨੀ ਪ ਵੀ ਨਦਾਰਦ ਹੈ ਅਰਥਾਤ ਅਰਬੀ ਭਾਸ਼ਾ ਵਿਚ ਪ ਨਾਂ ਦਾ ਵੀ ਕੋਈ ਅੱਖਰ ਨਹੀਂ ਹੈ। ਹਾਂ, ਫ਼ਾਰਸੀ ਵਿੱਚ ਇਸ ਧੁਨੀ ਲਈ ਪੇ (ਪ ਧੁਨੀ ਲਈ) ਅੱਖਰ ਜ਼ਰੂਰ ਮੌਜੂਦ ਹੈ। ਫ਼ੇ (ਫ਼) ਅੱਖਰ ਦੋਂਹਾਂ ਭਾਸ਼ਾਵਾਂ ਵਿੱਚ ਹੀ ਮੌਜੂਦ ਹੈ। ਉਰਦੂ ਭਾਸ਼ਾ ਵਿੱਚ ‘ਫ’ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਫ਼ਾਰਸੀ ਲਿਪੀ ਦੇ ਪੇ (ਪ) ਅਤੇ ਹੇ (ਹ) ਅੱਖਰਾਂ ਨੂੰ ਮਿਲ਼ਾ ਕੇ ਇੱਕ ਅੱਖਰ ‘ਫ’ ਜ਼ਰੂਰ ਬਣਾ ਲਿਆ ਜਾਂਦਾ ਹੈ। ਇਸੇ ਤਰਜ਼ ‘ਤੇ ਹੀ ਬੇ (ਬ) ਅਤੇ ਹੇ ਨੂੰ ਜੋੜ ਕੇ ਭ, ਚੇ (ਚ) ਅਤੇ ਹੇ ਨੂੰ ਜੋੜ ਕੇ ਛ, ਗਾਫ਼ (ਗ) ਅਤੇ ਹੇ ਨੂੰ ਜੋੜ ਕੇ ਘ ਅਤੇ ਜੀਮ ਅਤੇ ਹੇ ਨੂੰ ਜੋੜ ਕੇ ਝ ਆਦਿ ਅੱਖਰ ਬਣਾ ਲਏ ਗਏ ਹਨ।
ਅਰਬੀ/ਫ਼ਾਰਸੀ ਭਾਸ਼ਾਵਾਂ ਦੀ ਫ਼ (ਫ਼ੇ)ਦੀ ਧੁਨੀ ਦੀ ਵਰਤੋਂ ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਤੋਂ ਬਿਨਾਂ ਅੰਗਰੇਜ਼ੀ ਦੇ ‘ਐੱਫ਼’ ਅੱਖਰ ਵਾਲ਼ੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਵੀ ਕੀਤੀ ਜਾਂਦੀ ਹੈ, ਜਿਵੇਂ; ਫ਼ਰਾਕ (frock), ਫ਼ਰਿੱਜ, ਫ਼ਾਰਮ (form), ਫ਼ੋਰਮ (forum), ਫ਼੍ਰੇਮ (frame), ਫ਼ਿਲਮ (film), ਫ਼ੈਕਸ, ਫ਼ੋਮ (foam), ਅਫ਼ਸਰ (officer), ਫ਼ੈਮਿਲੀ (family), ਫ਼੍ਰੈਂਡ (friend), ਫ਼ਿੱਗਰ, ਫ਼ਿੰਗਰ ਅਤੇ ਫ਼ਿਕਸ ਆਦਿ।
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਵਿੱਚ ਵਰਤੇ ਜਾਣ ਵਾਲ਼ੇ ਫ (ਬਿੰਦੀ-ਮੁਕਤ) ਅੱਖਰ ਨਾਲ਼ ਬਣਿਆ ਸ਼ਬਦ ਫ਼ੂਕ (ਫ਼ੂਕ ਮਾਰਨਾ/ ਫੂਕ ਭਰਨਾ/ ਫੂਕ ਛਕਾਉਣਾ) ਵੀ ਦਰਅਸਲ ਫ਼ਾਰਸੀ ਭਾਸ਼ਾ ਦੇ ‘ਪੂਕ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਭਾਵ ਇਹ ‘ਪੂਕ’ ਸ਼ਬਦ ਦਾ ਹੀ ਤਦਭਵ ਰੂਪ ਹੈ।
ਯਾਦ ਰਹੇ ਕਿ ‘ਐੱਫ਼’ ਅੱਖਰ ਵਾਲ਼ੇ ਅੰਗਰੇਜ਼ੀ ਦੇ ਲਗ-ਪਗ ਸਾਰੇ ਸ਼ਬਦ ਤਾਂ ਉਪਰੋਕਤ ਅਨੁਸਾਰ ਗੁਰਮੁਖੀ ਵਿੱਚ ਪੈਰ-ਬਿੰਦੀ ਪਾ ਕੇ ਹੀ ਲਿਖਣੇ ਹਨ ਪਰ ਅੰਗਰੇਜ਼ੀ ਦੇ p+h= ਫ (ਬਿੰਦੀ-ਮਕਤ ਅੱਖਰ) ਵਾਲ਼ੇ ਲਗ-ਪਗ ਸਾਰੇ ਹੀ ਸ਼ਬਦ ਬਿਨਾਂ ਫੱਫੇ ਪੈਰ ਬਿੰਦੀ ਤੋਂ ਲਿਖਣੇ ਹਨ, ਜਿਵੇਂ: ਟੈਲੀਫੂਨ (telephone), ਫੇਜ਼ (phase), ਫਾਸਫੋਰਸ (phosphorus), ਫਗਵਾੜਾ, ਫਿਲੌਰ, ਸਲਫਰ(sulphur), ਫਾਸਫੇਟ (phosphate), ਗ੍ਰਾਫ (graph),ਸਲਫਿਊਰਿਕ ਐਸਿਡ, ਡੌਲਫਿਨ (dolphin), ਪੈਰਾਗ੍ਰਾਫ (paragraph), ਫੋਟੋਗ੍ਰਾਫ (photograph), ਫੋਟੋਗ੍ਰਾਫੀ ਆਦਿ।
ਉਪਰੋਕਤ ਸ਼ਬਦਾਂ ਵਿੱਚੋਂ ਇੱਕਾ-ਦੁੱਕਾ ਸ਼ਬਦਾਂ, ਜਿਵੇਂ: p+h= ਫ ਵਾਲ਼ੇ ਫ਼ੋਨ, ਮੋਬਾਈਲ ਫ਼ੋਨ ਅਤੇ ਅੰਗਰੇਜ਼ੀ ਦੇ ਫ਼ਲਸਫ਼ਾ ਆਦਿ ਸ਼ਬਦਾਂ ਨੂੰ ਹੀ ਛੋਟ ਹੈ। philosophy ਸ਼ਬਦ ਨੂੰ ਛੋਟ ਸ਼ਾਇਦ ਇਸ ਕਾਰਨ ਹੈ ਕਿ ਇਸ ਦਾ ਮੂਲ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦਾ ਸ਼ਬਦ ‘ਫ਼ਲਸਫ਼ਾ’ ਹੈ। ਸੋ, ਇਸ ਸ਼ਬਦ ਦੀਆਂ ਮੂਲ ਧੁਨੀਆਂ ਨੂੰ ਬਰਕਰਾਰ ਰੱਖਣ ਲਈ ਪੰਜਾਬੀ ਵਾਲਿਆਂ ਨੇ ਫ ਅੱਖਰ ਦੇ ਪੈਰਾਂ ਵਿੱਚ ਬਿੰਦੀ ਦੇ ਪ੍ਰਭਾਵ ਨੂੰ ਕਾਇਮ ਰੱਖਿਆ ਹੈ। ਇਸੇ ਤਰ੍ਹਾਂ ‘ਸਿਫ਼ਰ’ ਸ਼ਬਦ ਵੀ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜੋਕਿ ਅੰਗਰੇਜ਼ੀ ਵਿੱਚ ਆ ਕੇ cipher ਜਾਂ cypher ਬਣ ਗਿਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਇਸ ਦੇ ਮੂਲ (ਅਰਬੀ/ਫਾਰਸੀ) ਅਨੁਸਾਰ ‘ਸਿਫ਼ਰ’ ਅਰਥਾਤ ਫੱਫੇ ਪੈਰ ਬਿੰਦੀ ਪਾ ਕੇ ਹੀ ਲਿਖਿਆ ਜਾਂਦਾ ਹੈ।
ਟੈਲੀਫੂਨ ਨੂੰ ਸ਼ੁਰੂ ਤੋਂ ਹੀ ਪੰਜਾਬੀ ਇਸੇ ਨਾਂ ਨਾਲ਼ ਅਰਥਾਤ ਫ ਨੂੰ ਦੁਲੈਂਕੜ ਪਾ ਕੇ ਹੀ ਇਸ ਦਾ ਉਚਾਰਨ ਕਰਦੇ ਰਹੇ ਹਨ ਇਸ ਲਈ ਇਸ ਸ਼ਬਦ ਦੇ ਇਹੋ ਸ਼ਬਦ-ਜੋੜ ਹੀ ਨਿਸ਼ਚਿਤ ਕਰ ਦਿੱਤੇ ਗਏ ਹਨ। ਪਿੰਡਾਂ ਵਿੱਚ ਅਜੇ ਵੀ ਬਹੁਤੇ ਲੋਕ ਇਸ ਨੂੰ ‘ਟੈਲੀਫੂਨ’ ਹੀ ਕਹਿੰਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਕਈ ਲੋਕ ਇਸ ਨੂੰ ਕੇਵਲ ‘ਖੂਨ’ ਕਹਿੰਦੇ ਵੀ ਸੁਣੇ ਗਏ ਹਨ। ਇਸ ਬਾਰੇ ਕਿਸੇ ਸਮੇਂ ਹਿੰਦੀ ਫ਼ਿਲਮ ਦਾ ਇਹ ਗਾਣਾ ਵੀ ਬੜਾ ਮਸ਼ਹੂਰ ਰਿਹਾ ਹੈ: “ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਕੀਆ ਹੈ ਟੈਲੀਫੂਨ…।” ਹੁਣ ਲੋਕਾਂ ਦੇ ਪੜ੍ਹ-ਲਿਖ ਜਾਣ ਕਾਰਨ ਥੋੜ੍ਹਾ ਫ਼ਰਕ ਜ਼ਰੂਰ ਪੈ ਗਿਆ ਹੈ ਤੇ ਪੜ੍ਹੇ-ਲਿਖੇ ਬਹੁਤੇ ਲੋਕ ਟੈਲੀਫੂਨ ਨੂੰ ਟੈਲੀਫੋਨ ਵੀ ਕਹਿਣ ਲੱਗ ਪਏ ਹਨ ਪਰ ਸ਼ਬਦ-ਜੋੜ ਕੋਸ਼ ਅਨੁਸਾਰ ਇਸ ਦੇ ਸ਼ਬਦ-ਜੋੜ ‘ਟੈਲੀਫੂਨ’ ਹੀ ਰੱਖੇ ਗਏ ਹਨ।
ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਹਿੰਦੀ/ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਨੂੰ ਵੀ ਪੈਰ-ਬਿੰਦੀ ਪਾ ਕੇ ਹੀ ਲਿਖ ਦਿੰਦੇ ਹਨ। ਹਿੰਦੀ/ ਪੰਜਾਬੀ /ਸੰਸਕ੍ਰਿਤ ਭਾਸ਼ਾਵਾਂ ਵਿੱਚ ਤਾਂ ਪੈਰ-ਬਿੰਦੀ ਦਾ ਕੋਈ ਪ੍ਰਾਵਧਾਨ ਹੀ ਨਹੀਂ ਹੈ। ਬਿੰਦੀ ਦਾ ਇਹ ਚਿੰਨ੍ਹ ਤਾਂ ਕੇਵਲ ਅਰਬੀ/ ਫ਼ਾਰਸੀ ਵਾਲ਼ੇ ਪਾਸਿਓਂ ਆਏ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਹੀ ਨਿਸ਼ਚਿਤ ਕੀਤਾ ਗਿਆ ਹੈ ਪਰ ਕਈ ਲੋਕ ਇਸ ਤੱਥ ਨੂੰ ਉੱਕਾ ਹੀ ਵਿਸਾਰ ਦਿੰਦੇ ਹਨ ਅਤੇ ਲਿਖਣ ਲੱਗਿਆਂ ਸੰਬੰਧਿਤ ਸ਼ਬਦ ਨੂੰ ਬੋਲ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਉਹਨਾਂ ਨੂੰ ਜਾਪੇ ਕਿ ‘ਫ’ ਦੀ ਅਵਾਜ਼ ਜ਼ਰਾ ਹਲਕੀ ਜਾਂ ਨਰਮ ਜਿਹੀ ਲੱਗਦੀ ਹੈ ਤਾਂ ਪੈਰ ਵਿੱਚ ਬਿੰਦੀ ਪਾ ਦਿੰਦੇ ਹਨ, ਨਹੀਂ ਤਾਂ ਫ ਮੁਕਤਾ (ਬਿਨਾਂ ਪੈਰ-ਬਿੰਦੀ ਤੋਂ ਫ)। ਫ ਦੇ ਪੈਰ ਵਿੱਚ ਬਿੰਦੀ ਪਾਉਣ ਜਾਂ ਨਾ ਪਾਉਣ ਦਾ ਇਹ ਕੋਈ ਪੈਮਾਨਾ ਨਹੀਂ ਹੈ। ਪੈਮਾਨਾ ਕੇਵਲ ਇੱਕ ਹੀ ਹੈ, ਉਹ ਇਹ ਹੈ ਕਿ ਜੇਕਰ ਸ਼ਬਦ ਅਰਬੀ/ ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧਿਤ ਹੈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੈ ਤਾਂ ਫ ਦੇ ਪੈਰ ਵਿੱਚ ਬਿੰਦੀ ਹਰ ਹਾਲਤ ਵਿੱਚ ਪਾਈ ਜਾਣੀ ਹੈ ਨਹੀਂ ਤਾਂ ਬਿਲਕੁਲ ਨਹੀਂ। ਇਸ ਸੰਬੰਧ ਵਿੱਚ ਇੱਕ ਗੱਲ ਜਿਸ ਦਾ ਇਸ ਲੇਖ ਦੇ ਅਰੰਭ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਸ਼, ਲ਼ ਤੇ ਉਪਰੋਕਤ ਹੋਰ ਚਾਰ ਅੱਖਰਾਂ ਨੂੰ ਛੱਡ ਕੇ ਕਿਸੇ ਵੀ ਅੱਖਰ ਹੇਠਾਂ ਬਿੰਦੀ ਨਹੀਂ ਪੈਂਦੀ। ਇਸ ਲਈ ਲਿਖਣ ਲੱਗਿਆਂ ਹਮੇਸ਼ਾਂ ਇਸ ਗੱਲ ਵੱਲ ਹੀ ਧਿਆਨ ਦੇਣਾ ਹੈ ਕਿ ਸੰਬੰਧਿਤ ਸ਼ਬਦ ਅਰਬੀ/ ਫ਼ਾਰਸੀ ਮੂਲ ਦਾ ਹੈ ਜਾਂ ਕਿਸੇ ਹਿੰਦ/ਆਰੀਆਈ ਭਾਸ਼ਾ ਪੰਜਾਬੀ/ ਹਿੰਦੀ ਆਦਿ ਦਾ।
ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਉਪਰੋਕਤ ਧਾਰਨਾ ਅਨੁਸਾਰ ਅਰਬੀ /ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਸਮਝ ਕੇ ਫ ਦੇ ਪੈਰ ਹੇਠਾਂ ਬਿੰਦੀ ਪਾ ਦਿੰਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ, ਜਿਵੇਂ: ਚਾਰ-ਚੁਫੇਰਾ ਨੂੰ ਚਾਰ-ਚੁਫ਼ੇਰਾ, ਫਿਰਕੀ ਨੂੰ ਫ਼ਿਰਕੀ, ਫੁੰਕਾਰਾ ਨੂੰ ਫ਼ੁੰਕਾਰਾ, ਫਲ਼ ਨੂੰ ਫ਼ਲ਼, ਸਫਲ ਨੂੰ ਸਫ਼ਲ, ਅਸਫਲ ਨੂੰ ਅਸਫ਼ਲ, ਧੂਫ ਨੂੰ ਧੂਫ਼, ਫੁਰਨਾ ਨੂੰ ਫ਼ੁਰਨਾ ਅਤੇ ਸੁਫਨਾ ਨੂੰ ਸੁਫ਼ਨਾ ਆਦਿ।
ਉਪਰੋਕਤ ਉਦਾਹਰਨਾਂ ਵਿੱਚੋਂ ਜੇਕਰ ਇੱਕ ਸ਼ਬਦ ਸੁਫਨਾ ਵੱਲ ਹੀ ਝਾਤ ਮਾਰ ਲਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਸ੍ਵਪ’ ਤੋਂ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ- ਨੀਂਦਰ ਦੀ ਅਵਸਥਾ ਵਿੱਚ ਚਲੇ ਜਾਣਾ ਜਾਂ ਸੌਂ ਜਾਣਾ। ਜ਼ਾਹਰ ਹੈ ਕਿ ਸੁਫਨੇ ਵੀ ਉਦੋਂ ਹੀ ਆਉਂਦੇ ਹਨ ਜਦੋਂ ਅਸੀਂ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਹੁੰਦੇ ਹਾਂ। ਇਸੇ ਤੋਂ ਹੀ ਅੱਗੋਂ ਸ਼ਬਦ ‘ਸ੍ਵਪਨ’ ਬਣਿਆ ਹੈ ਜਿਸ ਤੋਂ ਸ਼ਬਦ ‘ਸੁਫਨਾ’ ਹੋਂਦ ਵਿੱਚ ਆਇਆ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ‘ਸ੍ਵਪਨ’ ਤੋਂ ਇਹ ਸ਼ਬਦ ਹਿੰਦੀ ਵਿੱਚ ‘ਸਪਨਾ’ ਅਤੇ ਪੰਜਾਬੀ ਭਾਸ਼ਾ ਵਿੱਚ ਆ ਕੇ ‘ਸੁਫਨਾ’ ਬਣ ਗਿਆ ਹੈ। ਸੋ, ਇਹ ਜਾਣਦਿਆਂ ਹੋਇਆਂ ਕਿ ਇਸ ਸ਼ਬਦ ਨੇ ਸੰਸਕ੍ਰਿਤ/ਹਿੰਦੀ ਭਾਸ਼ਾਵਾਂ ਵਾਲੇ ਪਾਸਿਓਂ ਪੰਜਾਬੀ ਭਾਸ਼ਾ ਵਿੱਚ ਪ੍ਰਵੇਸ਼ ਕੀਤਾ ਹੈ, ਅਸੀਂ ਕਦੇ ਵੀ ‘ਸੁਫਨੇ’ ਦੇ ਫ ਅੱਖ਼ਰ ਹੇਠਾਂ ਬਿੰਦੀ ਨਹੀਂ ਪਾਵਾਂਗੇ। ਇਸੇ ਤਰ੍ਹਾਂ ਕਈ ਲੋਕ ‘ਧੂਫ’ ਸ਼ਬਦ ਦੇ ਫ ਅੱਖਰ ਹੇਠਾਂ ਵੀ ਬਿੰਦੀ ਪਾ ਦਿੰਦੇ ਹਨ ਜਦਕਿ ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਧੂਪ’ ਤੋਂ ਬਣਿਆ ਹੈ ਅਤੇ ਪੰਜਾਬੀ ਵਿੱਚ ਆ ਕੇ ‘ਧੂਫ’ ਵਿੱਚ ਬਦਲ ਗਿਆ ਹੈ। ‘ਫਾਂਸੀ’ ਸ਼ਬਦ ਵੀ ਸੰਸਕ੍ਰਿਤ ਦੇ ‘ਪਾਸ਼’ ਸ਼ਬਦ (ਬੰਨ੍ਹਣਾ/ਗੰਢ ਬੰਨ੍ਹਣੀ) ਤੋਂ ਬਣਿਆ ਹੈ। ਇਸ ਵਿਚਲੀ ਪ ਧੁਨੀ ਵੀ ਫ ਵਿੱਚ ਬਦਲ ਗਈ ਹੈ। ਸੋ, ਇਸ ਦੇ ਫ ਥੱਲੇ ਬਿੰਦੀ ਪਾਉਣ ਬਾਰੇ ਸੋਚਣਾ ਵੀ ਪੂਰੀ ਤਰ੍ਹਾਂ ਗ਼ਲਤ ਹੈ। ਪਸ਼ੂ/ਪਸੂ (ਜਿਸ ਨੂੰ ਬੰਨ੍ਹ ਕੇ ਰੱਖਿਆ ਜਾਵੇ) ਸ਼ਬਦ ਵੀ ਇਸੇ ‘ਪਾਸ਼’ ਸ਼ਬਦ ਤੋਂ ਹੀ ਬਣਿਆ ਹੋਇਆ ਹੈ।
ਇਸ ਪ੍ਰਕਾਰ ਕਿਸੇ ਸ਼ਬਦ ਵਿਚਲੇ ਫ ਪੈਰ ਬਿੰਦੀ ਪਾਉਣ ਸਮੇਂ ਸਾਨੂੰ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸ਼ਬਦ ਅਰਬੀ/ਫਾਰਸੀ ਪਿਛੋਕੜ ਦਾ ਹੈ ਕਿ ਸਾਡੀਆਂ ਦੇਸੀ ਭਾਸ਼ਾਵਾਂ ਦਾ ਹੈ। ਫ ਅੱਖਰ ਦੇ ਪੈਰ ਵਿੱਚ ਬਿੰਦੀ ਤਦੇ ਹੀ ਪਾਉਣੀ ਹੈ ਜੇਕਰ ਉਹ ਉਪਰੋਕਤ ਭਾਸ਼ਾਵਾਂ ਅਰਬੀ/ਫ਼ਾਰਸੀ ਨਾਲ਼ ਸੰਬੰਧਿਤ ਹੋਵੇ ਜਾਂ ਫਿਰ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੋਵੇ, ਨਹੀਂ ਤਾਂ ਬਿਲਕੁਲ ਨਹੀਂ। ਇਸ ਦੇ ਉਲਟ ਜੇਕਰ ਸਾਨੂੰ ਪੱਕਾ ਯਕੀਨ ਹੋਵੇ ਕਿ ਸੰਬੰਧਿਤ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪਿਛੋਕੜ ਵਾਲ਼ਾ ਹੈ ਤਾਂ ਫ ਦੀ ਸ਼ਮੂਲੀਅਤ ਵਾਲ਼ੇ ਸ਼ਬਦ ਦੇ ਫ ਦੇ ਪੈਰਾਂ ਹੇਠ ਬਿੰਦੀ ਜ਼ਰੂਰ ਪਾਉਣੀ ਹੈ ਕਿਉਂਕਿ ਪੰਜਾਬੀ ਦਾ ਫ ਮੁਕਤਾ ਅੱਖਰ (ਬਿਨਾਂ ਪੈਰ-ਬਿੰਦੀ ਤੋਂ ਫ ਅੱਖਰ) ਇਹਨਾਂ ਭਾਸ਼ਾਵਾਂ ਦਾ ਅੱਖਰ ਹੀ ਨਹੀਂ ਹੈ। ਇਹਨਾਂ ਭਾਸ਼ਾਵਾਂ ਦਾ ਅੱਖਰ ਕੇਵਲ ਫ਼ (ਫੱਫੇ ਪੈਰ ਬਿੰਦੀ ਵਾਲ਼ਾ ‘ਫ਼ੇ’) ਹੀ ਹੈ।

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋ.ਨੰ. 98884-03052.

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਂਸਲਰ ਪ੍ਰਦੀਪ ਸਿੰਘ ਲਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਹੋਏ ਸ਼ਾਮਿਲ
Next articleਬੈਂਤ ਛੰਦ