ਸਾਡਾ ਸਮਾਜਿਕ ਜੀਵਨ ਤੇ ਬਿਖ਼ਰਦੇ ਰਿਸ਼ਤੇ……

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਅਸੀਂ ਕੁਦਰਤੀ ਤੌਰ ਤੇ ਹੀ ਸਮਾਜਿਕ ਪ੍ਰਾਣੀ ਹਾਂ। ਸਾਨੂੰ ਦੂਸਰਿਆਂ ਨਾਲ ਮਿਲ਼ ਕੇ ਰਹਿਣਾ ਚੰਗਾ ਲੱਗਦਾ ਹੈ। ‘ਕੱਲਿਆਂ ਰਹਿਣ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਅਸੀਂ ਸ਼ੁਰੂ ਤੋਂ ਹੀ ਇੱਕ ਦੂਜੇ ਦਾ ਸਾਥ ਭਾਲ਼ਦੇ ਹਾਂ। ਇਸੇ ਸਾਥ ਲਈ ਅਸੀਂ ਸਾਰੀ ਜ਼ਿੰਦਗੀ ਰਿਸ਼ਤਿਆਂ ਵਿੱਚ ਬੱਝ ਕੇ ਰਹਿੰਦੇ ਹਾਂ। ਇਹ ਰਿਸ਼ਤੇ ਸਾਡੇ ਜੀਣ ਦਾ ਸਹਾਰਾ ਹੁੰਦੇ ਹਨ।

ਪਰ ਅੱਜਕਲ੍ਹ ਹਾਲਾਤ ਕੁਝ ਹੋਰ ਹੀ ਹੋ ਗਏ ਹਨ। ਸ਼ਾਇਦ ਪੈਸੇ ਦੀ ਅੰਨ੍ਹੀ ਦੌੜ ਨੇ ਸਾਡੇ ਸਮਾਜਿਕ ਪਿਆਰ ਅਤੇ ਰਿਸ਼ਤਿਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਅਸੀਂ ਸਵਾਰਥੀ ਹੋ ਗਏ ਹਾਂ। ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਉਦੋਂ ਅਸੀਂ ਰਿਸ਼ਤਿਆਂ ਦੇ ਬੂਟਿਆਂ ਨੂੰ ਪਾਣੀ ਪਾਉਂਦੇ ਹਾਂ, ਨਹੀਂ ਤਾਂ ਇਹ ਬੂਟੇ ਬਿਨਾਂ ਪਾਣੀ ਸੁੱਕ ਜਾਣ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ।

ਦੂਜੀ ਗੱਲ ਇਹ ਕਿ ਅੱਜਕਲ੍ਹ ਅਸੀਂ ਵਿਦੇਸ਼ੀ ਸੱਭਿਅਤਾ ਦੇ ਸ਼ਿਕਾਰ ਹੋ ਰਹੇ ਹਾਂ। ਅਸੀਂ ਦੇਸੀ ਕੱਪੜੇ ਛੱਡ ਕੇ ਵਿਦੇਸ਼ੀ ਕੱਪੜੇ ਤਾਂ ਪਹਿਲਾਂ ਹੀ ਪਾ ਲਏ ਸਨ ਤੇ ਬੋਲੀ ਵੀ ਅਸੀਂ ਵਿਦੇਸ਼ੀ ਹੀ ਬੋਲਣੀ ਪਸੰਦ ਕਰਦੇ ਹਾਂ। ਤਾਂ ਫ਼ੇਰ ਰਿਸ਼ਤੇ ਕਿਓਂ ਨਹੀਂ? ਹਾਂ ਬਿਲਕੁਲ ਸਹੀ ਸੋਚਿਆ ਤੁਸੀਂ ਕਿ ਰਿਸ਼ਤੇ ਵੀ ਅਸੀਂ ਹੁਣ ਵਿਦੇਸ਼ਾਂ ਵਾਂਗ ਹੀ ਨਿਭਾਉਣ ਲੱਗੇ ਹਾਂ।

ਅੱਜਕਲ੍ਹ ਵਿਆਹਾਂ ਨਾਲ਼ੋਂ ਵੱਧ ਤਲਾਕ ਹੋਣ ਲੱਗ ਪਏ ਹਨ। ਵਿਆਹ ਵੀ ਮਰਜ਼ੀਆਂ ਨਾਲ਼ ਹੁੰਦੇ ਹਨ ਤੇ ਤਲਾਕ ਵੀ ਕੁੱਝ ਹੀ ਚਿਰ ਪਿੱਛੋਂ ਹੋ ਜਾਂਦੇ ਹਨ।

ਜਦੋਂ ਪਸੰਦ ਆਪਣੀ ਹੁੰਦੀ ਹੈ ਫ਼ੇਰ ਕਿਓਂ ਹੁੰਦੇ ਹਨ ਇਸ ਤਰ੍ਹਾਂ ਤਲਾਕ? ਇਸ ਗੱਲ ਦਾ ਜਵਾਬ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਨਹੀਂ ਦੇ ਰਹੇ ਹਾਂ ਜਾਂ ਇੰਝ ਕਹੀਏ ਕਿ ਸਾਡੇ ਕੋਲ਼ ਸਮਾਂ ਹੀ ਨਹੀਂ ਹੈ। ਅੱਜਕਲ੍ਹ ਮਾਪਿਆਂ ਨੂੰ ਨਾਲ਼ ਰੱਖਣ ਦਾ ਰਿਵਾਜ਼ ਨਹੀਂ ਰਿਹਾ। ਉਹ ਜਾਂ ਤਾਂ ਪਿੰਡਾਂ ਵਿੱਚ ‘ਕੱਲੇ ਰਹਿੰਦੇ ਹਨ ਜਾਂ ਬਿਰਧ ਆਸ਼ਰਮਾਂ ਦਾ ਸ਼ਿੰਗਾਰ ਬਣ ਗਏ ਹਨ। ਸਾਡੇ ਕੋਲ਼ ਉਹਨਾਂ ਨੂੰ ਸੰਭਾਲਣ ਦਾ ਸਮਾਂ ਹੀ ਨਹੀਂ। ਘਰ ਵਿੱਚ ਬੱਚੇ ਵੀ ਇੱਕ ਜਾਂ ਦੋ ਹੀ ਹੁੰਦੇ ਹਨ ਤੇ ਮਾਂ ਬਾਪ ਦੋਵੇਂ ਹੀ ਨੌਕਰੀ ਪੇਸ਼ਾ ਹੁੰਦੇ ਹਨ।

ਹੁਣ ਬੱਚਿਆਂ ਨੂੰ ਸੰਸਕਾਰ ਕੌਣ ਦਵੇਂ? ਬੱਚਿਆਂ ਨੂੰ ਸ਼ੁਰੂ ਤੋਂ ਹੀ ਇਕੱਲਤਾ ਦਾ ਮਾਹੌਲ ਮਿਲ਼ਦਾ ਹੈ, ਉਹਨਾਂ ਨੂੰ ਕਿਸੇ ਦੇ ਨਾਲ਼ ਰਹਿਣ ਦੀ ਆਦਤ ਹੀ ਨਹੀਂ ਹੈ। ਉਹਨਾਂ ਨੂੰ ਘਰ ਵਿੱਚ ਸਿਰਫ਼ ਟੀ. ਵੀ. ਜਾਂ ਮੋਬਾਇਲ ਫ਼ੋਨ ਦੀ ਜ਼ਰੂਰਤ ਹੈ, ਹੋਰ ਕੁੱਝ ਨਹੀਂ। ਖਾਣਾ ਬਣਾਉਣਾ ਸਿੱਖਣਾ ਤੇ ਸਿਖਾਉਣਾ ਕਿਸਨੇ ਹੈ? ਭੁੱਖ ਲੱਗੀ ਤਾਂ ਆਨਲਾਈਨ ਆਰਡਰ ਕਰ ਕੇ ਕੁੱਝ ਵੀ ਮੰਗਵਾ ਲਿਆ ਜਾਂ ਫੇਰ ਮੈਗੀ, ਪਾਸਤਾ, ਨਿਊਡਲ ਬਣਾ ਕੇ ਨਾਲ਼ ਕੋਕ ਸ਼ੋਕ ਪੀ ਲਿਆ। ਹੁਣ ਦੱਸੋ ਕਿ ਕੀ ਜ਼ਰੂਰਤ ਰਹਿ ਗਈ ਆਪਸ ਵਿੱਚ ਮਿਲ਼ ਕੇ ਰਹਿਣ ਦੀ?

ਅੱਜਕਲ੍ਹ ਛੋਟੀਆਂ ਉਮਰਾਂ ਵਿੱਚ ਹੀ ਬੱਚੇ ਇੱਕ ਦੂਜੇ ਪ੍ਰਤੀ ਆਕ੍ਰਸ਼ਿਤ ਹੋ ਜਾਂਦੇ ਹਨ ਫ਼ਿਰ ਉਸੇ ਆਕਰਸ਼ਣ ਨੂੰ ਪਿਆਰ ਦਾ ਨਾਮ ਦੇ ਕੇ ਘਰਵਾਲਿਆਂ ਤੇ ਵਿਆਹ ਦਾ ਦਬਾਅ ਪਾਉਂਦੇ ਹਨ। ਇੱਕੋ ਇੱਕ ਬੱਚੇ ਦੀ ਖ਼ੈਰ ਮਨਾਉਣ ਲਈ ਮਾਪਿਆਂ ਨੂੰ ਮਜ਼ਬੂਰ ਹੋਣਾ ਪੈਂਦਾ ਹੈ ਕਿਉਂਕਿ ਉਹ ਤਾਂ ਖੁਦਖੁਸ਼ੀ ਕਰਨ ਵਿੱਚ ਵੀ ਦੇਰ ਨਹੀਂ ਲਗਾਉਂਦੇ ਅਤੇ ਨਾਂਹ ਸੁਣਨ ਦੀ ਤਾਂ ਉਹਨਾਂ ਨੂੰ ਆਦਤ ਹੀ ਨਹੀਂ ਹੁੰਦੀ।

ਇੱਥੇ ਹੀ ਬੱਸ ਨਹੀਂ, ਵਿਆਹ ਤੋਂ ਬਾਅਦ ਜਦੋਂ ਕੁੱਝ ਕੁ ਦਿਨਾਂ ਬਾਅਦ ਆਕਰਸ਼ਣ ਖ਼ਤਮ ਹੋ ਗਿਆ ਤਾਂ ਫ਼ੇਰ ਅਲੱਗ ਹੋਣ ਦੀ ਵੀ ਉੱਨੀਂ ਹੀ ਕਾਹਲ਼ੀ ਕਰਦੇ ਹਨ ਇਹੋ ਜਿਹੇ ਬੱਚੇ । ਇੱਥੇ ਵੀ ਮਾਪੇ ਪੂਰਾ ਸਾਥ ਦਿੰਦੇ ਹਨ। ਕੁੜੀ ਮੁੰਡੇ ਦੀਆਂ ਛੋਟੀਆਂ- ਛੋਟੀਆਂ ਗੱਲਾਂ ਜਦੋਂ ਮਾਪਿਆਂ ਤੱਕ ਪਹੁੰਚਦੀਆਂ ਹਨ ਤਾਂ ਉਹ ਆਪੇ ਉਹਨਾਂ ਨੂੰ ਬੜੀਆਂ ਬਣਾ ਕੇ ਕਲੇਸ਼ ਵਧਾ ਦਿੰਦੇ ਹਨ।

ਪਿੱਛੇ ਜਿਹੇ ਮੈਂ ਇੱਕ ਔਰਤ (ਪਹਿਚਾਣ ਵਿੱਚੋ) ਨੂੰ ਕਿਹਾ ਕਿ ਤੁਸੀਂ ਕੁੜੀ ਨੂੰ ਸਮਝਾਉਂਦੇ ਕਿਉਂ ਨਹੀਂ। ਛੋਟੀਆਂ ਮੋਟੀਆਂ ਗੱਲਾਂ ਤਾਂ ਹਰ ਘਰ ਵਿੱਚ ਹੁੰਦੀਆਂ ਹਨ। ਉਹਨਾਂ ਪਿੱਛੇ ਕਾਹਨੂੰ ਕੁੜੀ ਦਾ ਘਰ ਖ਼ਰਾਬ ਕਰਦੇ ਹੋ? ਮੇਰੀ ਇੰਨੀ ਗੱਲ ਸੁਣ ਕੇ ਉਹ ਖਿੱਝ ਕੇ ਬੋਲੀ ਕਿ ਕੁੜੀ ਕੀ ਕਰੇ, ਜਦ ਪ੍ਰਾਹੁਣਾ ਹੀ ਕਿਸੇ ਕੰਮ ਦਾ ਨਹੀਂ, ਨਾਂ ਕੋਈ ਕੰਮਕਾਰ ਕਰਦਾ ਨਾਂ ਕੋਈ ਚੱਜ ਉਹਨੂੰ। ਮੈਂ ਕਿਹਾ, ਤੁਸੀਂ ਪਹਿਲਾਂ ਨੀਂ ਪਤਾ ਕੀਤਾ ਸੀ ਤਾਂ ਕਹਿੰਦੀ ਕਾਹਨੂੰ ਭੈਣਜੀ ਮੈਂ ਤਾਂ ਸੋਹਣਾ ਸੁਨੱਖਾ ਦੇਖ਼ ਕੇ ਕਰ ਲਿਆ ਰਿਸ਼ਤਾ। ਕੀ ਪਤਾ ਸੀ ਕਿ ਨਿਕੰਮਾ ਹੀ ਹੈ?….
ਹੁਣ ਦੱਸੋ ਭਲਾ ਕੀ ਸਮਝਾਵੇ ਕੋਈ ਕਿਸੇ ਨੂੰ।

ਅੱਜਕਲ੍ਹ ਬਹੁਤੇ ਘਰ ਮੋਬਾਇਲ ਫ਼ੋਨਾਂ ਦੇ ਵੀ ਪੱਟੇ ਹੋਏ ਹਨ। ਕੀ ਬੰਦਾ, ਕੀ ਜਨਾਨੀ ਤੇ ਕੀ ਬੱਚੇ ਵੱਡੇ… ਸੱਭ ਏਸੇ ‘ਚ ਰੁੱਝੇ ਰਹਿੰਦੇ ਹਨ।
ਘਰ ਵਿੱਚ ਜੇਕਰ ਚਾਰ ਜੀਅ ਹਨ ਤਾਂ ਚਾਰਾਂ ਕੋਲ਼ ਫ਼ੋਨ ਹੁੰਦੇ ਹਨ। ਹਰ ਰੋਜ਼ ਕਿੰਨੇ ਹੀ ਮੁੰਡੇ ਕੁੜੀਆਂ ਫੇਸਬੁੱਕ ਅਤੇ ਹੋਰ ਕਈ ਐਪਸ ਰਾਹੀਂ ਬੇਵਕੂਫ਼ ਬਣਦੇ ਜਾਂ ਬਣਾਉਂਦੇ ਹਨ। ਕਈਆਂ ਨੂੰ ਤਾਂ ਆਪਣਾ ਸਾਰਾ ਕੁੱਝ ਗਵਾ ਕੇ ਹੀ ਹੋਸ਼ ਆਉਂਦੀ ਹੈ। ਵੈਸੇ ਵੀ ਅੱਜਕਲ੍ਹ ਤਾਂ ਕਰੋਨਾ ਕਰਕੇ ਬੱਚਿਆਂ ਕੋਲ਼ ਤਾਂ ਫ਼ੋਨ ਬਹੁਤ ਜ਼ਰੂਰੀ ਹੈ। ਪੜ੍ਹਾਈ ਭਾਵੇਂ ਕਰਨ ਨਾਂ ਕਰਨ ਹੋਰ ਵਥੇਰਾ ਕੁੱਝ ਕਰਦੇ ਹਨ ਫ਼ੋਨ ਤੇ। ਤੇ ਮਾਵਾਂ ਬੜੇ ਮਾਣ ਨਾਲ ਕਹਿਣਗੀਆਂ ਕਿ ਮੇਰਾ ਤਾਂ ਨਿੱਕਾ ਜਿਹਾ ਬੱਚਾ ਵੀ ਫ਼ੋਨ ‘ਚੋਂ ਸਾਰਾ ਕੁੱਝ ਕੱਢ ਲੈਂਦਾ।

ਅੱਜਕਲ੍ਹ ਮਾਮੇ, ਮਾਸੀਆਂ, ਭੂਆ ਘਰੇ ਜਾ ਕੇ ਰਹਿਣ ਦਾ ਰਿਵਾਜ਼ ਹੀ ਨਹੀਂ ਰਿਹਾ। ਬੱਚਿਆਂ ਨੂੰ ਆਪਣੇ ਘਰ ਇੰਨੀਆਂ ਸੁੱਖ-ਸੁਵਿਧਾਵਾਂ ਮਿਲ਼ ਗਈਆਂ ਹਨ ਕਿ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਰਹਿਣਾ ਚੰਗਾ ਨਹੀਂ ਲੱਗਦਾ।

ਹੁਣ ਗੱਲ ਜੇਕਰ ਵੱਡਿਆਂ ਦੀ ਕਰੀਏ ਤਾਂ ਉਹਨਾਂ ਦਾ ਵੀ ਇਹੀ ਹਾਲ ਹੈ। ਉਹਨਾਂ ਨੂੰ ਆਪਣੇ ਮਾਂ-ਬਾਪ ਨਾਲ਼ ਰਹਿਣਾ ਵੀ ਔਖਾ ਲੱਗਦਾ ਹੈ, ਭੈਣ- ਭਰਾ ਤਾਂ ਬਹੁਤ ਦੂਰ ਦੀ ਗੱਲ ਹੈ।

ਹਰ ਕੋਈ ਨਿੱਜਤਾ ਚਾਹੁੰਦਾ ਹੈ। ਬਜ਼ੁਰਗਾਂ ਦੀਆਂ ਗੱਲਾਂ ਕਿਸੇ ਨੂੰ ਪਸੰਦ ਨਹੀਂ ਸਗੋਂ ਉਹਨਾਂ ਗੱਲਾਂ ਨੂੰ ਫਜ਼ੂਲ ਦੀ ਟੋਕਾ ਟੋਕਾਈ ਮੰਨਿਆ ਜਾਂਦਾ ਹੈ। ਫ਼ੇਰ ਕਿਸੇ ਤਰ੍ਹਾਂ ਉਹਨਾਂ ਨੂੰ ਅਲੱਗ ਹੋਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਵੱਡੇ ਹੋ ਕੇ ਆਪਣੇ ਬੱਚੇ ਵੀ ਇਹੀ ਕਰਦੇ ਹਨ ਤਾਂ ਬਹੁਤ ਅਫ਼ਸੋਸ ਹੁੰਦਾ ਹੈ ਪਰ ਅਜੀਬ ਗੱਲ ਇਹ ਹੈ ਕਿ ਅਸੀਂ ਆਪ ਹੀ ਬੱਚਿਆਂ ਨੂੰ ਇਹ ਸੱਭ ਸਿਖਾਉਂਦੇ ਹਾਂ ਤੇ ਫ਼ੇਰ ਆਪ ਹੀ ਭੁਗਤਦੇ ਹਾਂ।

ਲੋੜ ਹੈ ਸਾਨੂੰ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮੇਂ ਸਿਰ ਸਮਝਣ ਦੀ। ਘਰ ਵਿੱਚ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨਾਲ਼ ਘਰ ਵਿੱਚ ਰੌਣਕ ਵੀ ਰਹਿੰਦੀ ਹੈ ਤੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਚੰਗੇ ਸੰਸਕਾਰ ਵੀ ਮਿਲ਼ਦੇ ਹਨ। ਸੱਭ ਤੋਂ ਵੱਡੀ ਗੱਲ ਕਿ ਬਾਹਰ ਜਾ ਕੇ ਘਰ ਦੀ ਤੇ ਬੱਚਿਆਂ ਦੀ ਕੋਈ ਫ਼ਿਕਰ ਨਹੀਂ ਹੁੰਦੀ।

ਚਲੋ ਸਮੇਂ ਸਿਰ ਆਪਣੇ ਇਹਨਾਂ ਮਹਾਨ ਰਿਸ਼ਤਿਆਂ ਦੀ ਸੰਭਾਲ਼ ਕਰੀਏ ਤੇ ਇਹਨਾਂ ਦੀ ਅਹਿਮੀਅਤ ਸਮਝੀਏ ਤੇ ਆਪਣੇ ਘਰ ਅਤੇ ਜ਼ਿੰਦਗੀ ਨੂੰ ਬਿਹਤਰ ਬਣਾਈਏ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article. “ਸਿਆਣਿਆਂ ਦੇ ਲੀਡਰ ਵੀ ਸਿਆਣੇ ਹੋਣਗੇ”
Next articleਵੇਦਨਾ