HOME ਲੈਂਡ ਪੂਲਿੰਗ ਨੀਤੀ ਦੇ ਵਿਰੋਧ ‘ਚ ਕਿਸਾਨਾਂ ਨੇ ਹੁਸ਼ਿਆਰਪੁਰ ‘ਚ ਕੱਢਿਆ ਟਰੈਕਟਰ...

ਲੈਂਡ ਪੂਲਿੰਗ ਨੀਤੀ ਦੇ ਵਿਰੋਧ ‘ਚ ਕਿਸਾਨਾਂ ਨੇ ਹੁਸ਼ਿਆਰਪੁਰ ‘ਚ ਕੱਢਿਆ ਟਰੈਕਟਰ ਮਾਰਚ

2

• ਹਜ਼ਾਰਾਂ ਟਰੈਕਟਰਾਂ ਨਾਲ ਸੜਕਾਂ ‘ਤੇ ਨਿਕਲੇ ਕਿਸਾਨ 

• ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਸਖਤ ਚੇਤਾਵਨੀ; ਨੀਤੀ ਰੱਦ ਨਾ ਹੋਣ ‘ਤੇ ਆਪ ਲੀਡਰਾਂ ਦੇ ਪਾੜੇ ਜਾਣਗੇ ਕੱਪੜੇ 

ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦੇ ਅਗਲੇ ਪੜਾਅ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ‘ਤੇ ਆਪ ਮੁਹਾਰੇ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਹਜ਼ਾਰਾਂ ਟਰੈਕਟਰ ਚਲਾ ਕੇ ਅਨੋਖੇ ਢੰਗ ਨਾਲ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਸਖਤ ਰੋਸ ਪ੍ਰਦਰਸ਼ਨ ਕੀਤਾ |  ਹੁਸ਼ਿਆਰਪੁਰ ਦੇ ਫਗਵਾੜਾ ਰੋਡ ਤੋਂ ਆਰੰਭ ਹੋਇਆ ਟਰੈਕਟਰ ਮਾਰਚ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਚੌਕ ਪੁਰਹੀਰਾਂ ਤੋਂ ਸ਼ੇਰਗੜ੍ਹ ਬਾਈਪਾਸ ਤੋਂ ਚੰਡੀਗੜ੍ਹ ਬਾਈਪਾਸ ਰੋਡ, ਡੀਸੀ ਰੋਡ, ਸੈਸ਼ਨ ਚੌਕ ਘੰਟਾ ਘਰ,ਭਗਵਾਨ ਵਾਲਮੀਕ ਚੌਕ, ਬੱਸ ਸਟੈਂਡ ਚੌਂਕ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਪ੍ਰਭਾਤ ਚੌਂਕ, ਗੌਰਮਿੰਟ ਕਾਲਜ ਚੋਂਕ ਤੋਂ ਪੁਰਹੀਰਾਂ ਵਿਖੇ ਸਮਾਪਤ ਹੋਇਆ | ਅੱਜ ਦੇ ਇਸ ਟਰੈਕਟਰ ਮਾਰਚ ਦੀ ਖਾਸ ਗੱਲ ਇਹ ਰਹੀ ਕਿ ਇਸ ਮਾਰਚ ਦੀ ਕਿਸੇ ਖਾਸ ਜਥੇਬੰਦੀ ਵੱਲੋਂ ਅਗਵਾਈ ਨਹੀਂ ਕੀਤੀ ਗਈ ਸਗੋਂ ਆਪ ਮੁਹਾਰੇ ਕਿਸਾਨ ਟਰੈਕਟਰ ਲੈ ਕੇ ਹੁਸ਼ਿਆਰਪੁਰ ਦੇ ਵੱਖ ਵੱਖ ਕਸਬਿਆਂ ਤੋਂ ਸ਼ਾਮਿਲ ਹੋਏ | ਇਸ ਮਾਰਚ ਬਾਰੇ ਜਾਣਕਾਰੀ ਦਿੰਦਿਆਂ ਉੱਘੇ ਕਿਸਾਨ ਲੀਡਰ ਜਸਵਿੰਦਰ ਸਿੰਘ ਛਾਉਣੀ ਨੇ ਦੱਸਿਆ ਕਿ ਲੈਂਡ ਪੁਲਿੰਗ ਦੇ ਤਹਿਤ ਮਾਨ ਦਰ ਸਰਕਾਰ ਉਦਯੋਗੀਕਰਨ ਦੇ ਨਾਂਅ ‘ਤੇ ਰਿਹਾਇਸ਼ੀ ਕਲੋਨੀਆਂ ਅਤੇ ਉਦਯੋਗਿਕ ਪਾਰਕ ਬਣਾ ਕੇ ਇੱਕ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ। ਜਿਸ ਦੇ ਤਹਿਤ ਸਰਕਾਰ ਪੰਜਾਬ ਦੀ ਉਪਜਾਊ ਜ਼ਮੀਨ ਹੜੱਪਣਾ ਚਾਹੁੰਦੀ ਹੈ ਜੋ ਜਨਤਾ ਅਤੇ ਕਿਸਾਨਾਂ ਲਈ ਨੁਕਸਾਨਦੇਹ ਹੈ ਜਿਸ ਕਾਰਨ ਸਰਕਾਰ ਨੂੰ ਇਸ ਨੀਤੀ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਜੇਕਰ ਪੰਜਾਬ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਪ ਲੀਡਰਾਂ ਦੇ ਪਿੰਡਾਂ ਵਿੱਚ ਵੜਨ ਤੇ ਕੱਪੜੇ ਪਾੜ ਦਿੱਤੇ ਜਾਣਗੇ | ਇਸ ਸਬੰਧ ਵਿੱਚ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ।ਆਗੂਆਂ ਨੇ ਮੰਗ ਕੀਤੀ ਕਿ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਦਾ ਉਜਾੜਾ ਬੰਦ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਬੁਲੇਟ ਟ੍ਰੇਨ ਲਈ ਉਜਾੜਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਹਰ ਤਰ੍ਹਾਂ ਦੇ ਨਾਜਾਇਜ਼ ਕਾਬਜ਼ਕਾਰਾਂ ਨੂੰ ਸਥਾਈ ਮਾਲਕੀ ਅਧਿਕਾਰ ਦਿੱਤੇ ਜਾਣ ਅਤੇ ਉਨ੍ਹਾਂ ਦਾ ਉਜਾੜਾ ਬੰਦ ਕੀਤਾ ਜਾਵੇ।ਉਨਾਂ ਕਿਹਾ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਵਿਰੁੱਧ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਇਸਦਾ ਵਿਰੋਧ ਕਰਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਤਲਵਾੜ ਜੋੜੇ ਨੇ ਮਰਨ ਤੋ ਬਾਅਦ ਕੀਤਾ ਅੰਗ ਦਾਨ ਕਰਨ ਦਾ ਪ੍ਰਣ *
Next articleਮਸਤਾਨ ਗਰੇਵਾਲ ਨੇ ਆਸ਼ਾ ਕਿਰਨ ਸਕੂਲ ਨੂੰ 51 ਹਜ਼ਾਰ ਦਾ ਚੈੱਕ ਸੌਂਪਿਆ