HOME ​ਵਿਰੋਧੀ ਪਾਰਟੀਆਂ ਦਾ ਦਲਿਤ ਵਿਰੋਧੀ ਤੇ ਜਾਤੀਸੂਚਕ ਮਾਨਸਿਕਤਾ ਵਾਲਾ ਚਿਹਰਾ ਨੰਗਾ ਹੋਇਆ...

​ਵਿਰੋਧੀ ਪਾਰਟੀਆਂ ਦਾ ਦਲਿਤ ਵਿਰੋਧੀ ਤੇ ਜਾਤੀਸੂਚਕ ਮਾਨਸਿਕਤਾ ਵਾਲਾ ਚਿਹਰਾ ਨੰਗਾ ਹੋਇਆ : ਡਾ. ਅਵਤਾਰ ਸਿੰਘ ਕਰੀਮਪੁਰੀ

ਸੂਬੇ ਦੇ ਸਵੈਮਾਣ ਨੂੰ ਬਚਾਉਣ ਲਈ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨਾਲ ਜੁੜਨ ਲੋਕ

​ ਜਲੰਧਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ‘ਪੰਜਾਬ ਸੰਭਾਲੋ ਮੁਹਿੰਮ’ ਦੇ ਮੁਖੀ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਉੱਤੇ ਦਲਿਤ ਅਤੇ ਪੱਛੜੇ ਵਰਗਾਂ ਪ੍ਰਤੀ ਅਤਿ ਦੀ ਨਫ਼ਰਤ, ਜਾਤੀਸੂਚਕ ਹੰਕਾਰ ਅਤੇ ਮਾਨਸਿਕ ਗੁਲਾਮੀ ਥੋਪਣ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਬੁੱਧਵਾਰ ਨੂੰ ਬਸਪਾ ਦੇ ਜਲੰਧਰ ਵਿਖੇ ਸੂਬਾ ਦਫਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਖੁਦ ਨੂੰ ਮਸੀਹਾ ਅਖਵਾਉਣ ਵਾਲੀਆਂ ਇਨ੍ਹਾਂ ਸਾਰੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਸਮੇਂ-ਸਮੇਂ ‘ਤੇ ਅਨੁਸੂਚਿਤ ਜਾਤੀ ਸਮਾਜ ਦਾ ਨਿਰਾਦਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਦੇ ਦਿਲਾਂ ਵਿੱਚ ਗੁਰੂਆਂ ਵੱਲੋਂ ਦਰਸਾਈ ਗਈ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ ਹੈ। ​ਡਾ. ਕਰੀਮਪੁਰੀ ਨੇ ਵਿਰੋਧੀ ਲੀਡਰਾਂ ਦੇ ਪੁਰਾਣੇ ਅਤੇ ਮੌਜ਼ੂਦਾ ਵਿਵਾਦਿਤ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕ੍ਰਮਵਾਰ ਸਾਰੀਆਂ ਪਾਰਟੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਅੰਦਰ ਇੱਕ ਦਲਿਤ ਵਿਧਾਇਕ ਪ੍ਰਤੀ ਬੇਹੱਦ ਘਟੀਆ ਅਤੇ ਗੈਰ-ਸੰਵਿਧਾਨਕ ਸ਼ਬਦਾਵਲੀ ਵਰਤਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ “ਇਸ ਨੂੰ ਜੁੱਤੀ ਸੁੰਘਾਓ, ਫਿਰ ਇਹ ਠੀਕ ਹੋਵੇਗਾ।” ਸਦਨ ਵਿੱਚ ਬੈਠ ਕੇ ਅਜਿਹੀ ਮਾਨਸਿਕਤਾ ਦਾ ਪ੍ਰਦਰਸ਼ਨ ਕਰਨਾ ਪੂਰੇ ਦਲਿਤ ਸਮਾਜ ਦੇ ਸਵੈਮਾਣ ‘ਤੇ ਸਿੱਧਾ ਹਮਲਾ ਹੈ। ਇਸ ਤੋਂ ਇਲਾਵਾ, ਇਸੇ ‘ਆਪ’ ਸਰਕਾਰ ਨੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਐਸਸੀ ਕੋਟੇ ਦੇ ਵਕੀਲਾਂ ਨੂੰ ‘ਨਲਾਇਕ ਅਤੇ ਅਯੋਗ’ ਦੱਸ ਕੇ ਭਰਤੀ ਤੋਂ ਇਨਕਾਰ ਕਰ ਦਿੱਤਾ, ਜੋ ਇਸ ਸਮਾਜ ਦੇ ਪੜ੍ਹੇ-ਲਿਖੇ ਨੌਜਵਾਨਾਂ ਦੀ ਯੋਗਤਾ ਦਾ ਸਭ ਤੋਂ ਵੱਡਾ ਅਪਮਾਨ ਹੈ। ​ਇਸੇ ਤਰ੍ਹਾਂ ਵਿਧਾਨ ਸਭਾ ਵਿੱਚ ਜਦੋਂ ਦਲਿਤਾਂ ਦੀ ਭਲਾਈ ਅਤੇ ਐਸਸੀ ਸਕੀਮਾਂ ਦਾ ਮੁੱਦਾ ਉੱਠਦਾ ਹੈ, ਤਾਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਰਗੇ ਲੀਡਰ ਸ਼ਰੇਆਮ ਭੱਦੀ ਅਤੇ ਜਾਤੀਸੂਚਕ ਸ਼ਬਦਾਵਲੀ ਵਰਤ ਕੇ ਆਪਣੀ ਜਾਤੀਵਾਦੀ ਸੋਚ ਉਜਾਗਰ ਕਰਦੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗਰੀਬ ਵਰਗਾਂ ਲਈ ‘ਢੇਡ’ ਅਤੇ ‘ਭੇਡ’ ਵਰਗੇ ਨਫ਼ਰਤੀ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਦਲਿਤ ਮੁੱਖ ਮੰਤਰੀ ਨੂੰ ‘ਦੇਸੀ ਟੱਟੂ’ ਕਹਿਣਾ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਿਛਲੀ ਕਿੱਤਾਮੁਖੀ ਮਿਹਨਤ ਦਾ ਮਜ਼ਾਕ ਉਡਾਉਣਾ ਇਨ੍ਹਾਂ ਦੇ ਅਮੀਰੀ ਹੰਕਾਰ ਨੂੰ ਦਰਸਾਉਂਦਾ ਹੈ। ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਕਾਂਗਰਸ ਵਿੱਚ ਰਹਿੰਦੇ ਹੋਏ ​ਚੋਣਾਂ ਹਾਰਨ ਤੋਂ ਬਾਅਦ ਹਾਰ ਦਾ ਠੀਕਰਾ ਇੱਕ ਦਲਿਤ ਚਿਹਰੇ ਸਿਰ ਭੰਨਦਿਆਂ ਟੀਵੀ ਇੰਟਰਵਿਊ ਵਿੱਚ ‘ਪੈਰ ਦੀ ਜੁੱਤੀ ਨੂੰ ਸਿਰ ‘ਤੇ ਬਿਠਾਉਣ’ ਦਾ ਤਾਨਾ ਮਾਰਨਾ ਦਲਿਤਾਂ ਪ੍ਰਤੀ ਇਨ੍ਹਾਂ ਦੀ ਅਸਲ ਨਫ਼ਰਤ ਦਾ ਪ੍ਰਮਾਣ ਸੀ। ਭਾਜਪਾ ਆਗੂ ਰਵਨੀਤ ਬਿੱਟੂ ਵੱਲੋਂ ਇੱਕ ਪੁਲਿਸ ਅਫਸਰ ਨੂੰ ਡਰਾਉਣ-ਧਮਕਾਉਣ ਵੇਲੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨਾ ਇਨ੍ਹਾਂ ਦੀ ਮਾੜੀ ਸੋਚ ਦਾ ਸਬੂਤ ਹੈ। ​ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੇ ਦਲਿਤ, ਪੱਛੜੇ, ਮਜ਼ਦੂਰ ਅਤੇ ਸੂਝਵਾਨ ਵਰਗ ਨੂੰ ਵੰਗਾਰਦਿਆਂ ਕਿਹਾ ਕਿ ਇਹ ਪਾਰਟੀਆਂ ਵੋਟਾਂ ਵੇਲੇ ਪੈਰੀਂ ਪੈਂਦੀਆਂ ਹਨ, ਪਰ ਸੱਤਾ ਮਿਲਦਿਆਂ ਹੀ ਦਲਿਤ ਪੱਛੜੇ ਸਮਾਜ ਨੂੰ ਪੈਰ ਦੀ ਜੁੱਤੀ ਸਮਝਣ ਲੱਗ ਪੈਂਦੀਆਂ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਸਵੈਮਾਣ ਨਾਲ ਜੀਊਣ ਦਾ ਸੁਨੇਹਾ ਦਿੱਤਾ ਹੈ। ਡਾ. ਕਰੀਮਪੁਰੀ ਨੇ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਹੰਕਾਰੀ ਅਤੇ ਜਾਤੀਵਾਦੀ ਸਿਆਸੀ ਆਗੂਆਂ ਨੂੰ ਸਬਕ ਸਿਖਾਇਆ ਜਾਵੇ। ਉਨ੍ਹਾਂ ਪੰਜਾਬ ਦੇ ਨੌਜਵਾਨਾਂ, ਬੁੱਧੀਜੀਵੀਆਂ, ਵਕੀਲਾਂ ਅਤੇ ਮਿਹਨਤਕਸ਼ ਲੋਕਾਂ ਨੂੰ ਬਸਪਾ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਿੱਚ ਬਰਾਬਰੀ, ਸਤਿਕਾਰ, ਸੁਰੱਖਿਆ ਅਤੇ ਸਵੈਮਾਣ ਵਾਲਾ ਨਿਜ਼ਾਮ ਕਾਇਮ ਕੀਤਾ ਜਾ ਸਕੇ। ਇਸ ਮੌਕੇ ਪਾਰਟੀ ਆਗੂ ਤੀਰਥ ਮਹਿਰਾ ਰਾਜਪੁਰਾ, ਬਲਵਿੰਦਰ ਕੁਮਾਰ ਐਡਵੋਕੇਟ, ਇੰਜ. ਜਸਵੰਤ ਰਾਏ, ਪਰਮਜੀਤ ਮੱਲ, ਸਲਵਿੰਦਰ ਕੁਮਾਰ ਵੀ ਮੌਜ਼ੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰੀ ਵਿੱਚ ਗੋਲੀਬਾਰੀ ਦੀ ਘਟਨਾ ਚ ਪੰਜਾਬੀ ਨੌਜਵਾਨ ਦੀ ਮੌਤ
Next articleਝੂਠੇ ਪਰਚਿਆਂ ਦੇ ਵਿਰੋਧ ’ਚ ਬਸਪਾ ਦਾ ਪ੍ਰਦਰਸ਼ਨ