ਸਿਵਲ ਹਸਪਤਾਲ ਕਪੂਰਥਲਾ ਵਿੱਚ ਪਹਿਲੀ ਵਾਰ ਦੂਰਬੀਨ ਰਾਹੀਂ ਅਪ੍ਰੇਸ਼ਨ ਸ਼ੁਰੂ -ਡਾ.ਥਿੰਦ

ਕਪੂਰਥਲਾ (ਸਮਾਜ ਵੀਕਲੀ) ( ਕੌੜਾ) – ਸਿਵਲ ਹਸਪਤਾਲ ਕਪੂਰਥਲਾ ਵਿੱਚ ਪਹਿਲੀ ਵਾਰ ਦੂਰਬੀਨ ਰਾਹੀਂ ਅਪ੍ਰੇਸ਼ਨ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਹੁਣ ਮਰੀਜ਼ਾਂ ਨੂੰ ਜਲੰਧਰ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਮਹਿੰਗੇ ਅਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਹੁਣ ਸਿਵਲ ਹਸਪਤਾਲ ਕਪੂਰਥਲਾ ਵਿੱਚ ਹੀ ਦੂਰਬੀਨ ਰਾਹੀਂ ਮੁਫ਼ਤ ਅਪ੍ਰੇਸ਼ਨ ਹੋਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਤਾਇਨਾਤ ਸਰਜਰੀ ਦੇ ਮਾਹਿਰ ਡਾਕਟਰ ਸੰਦੀਪ ਸਿੰਘ ਥਿੰਦ ਨੇ ਦੱਸਿਆ ਕਿ ਬੀਤੇ ਦਿਨ ਪਹਿਲੀ ਵਾਰ ਧੁੰਨੀ ਦੀਆਂ ਹਰਨੀਆਂ ਦਾ ਅਪ੍ਰੇਸ਼ਨ ਦੂਰਬੀਨ ਰਾਹੀਂ ਸਫਲਤਾਪੂਰਵਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅਪ੍ਰੇਸ਼ਨ ਚੀਰਾ ਦੇ ਕੇ ਕੀਤਾ ਜਾਂਦਾ ਸੀ,ਜਿਸ ਨਾਲ ਮਰੀਜ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਸੀ ਅਤੇ ਉਸ ਨੂੰ ਠੀਕ ਹੁੰਦਿਆਂ ਕਾਫ਼ੀ ਸਮਾਂ ਲੱਗ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਨਵੀਂ ਤਕਨੀਕ ਨਾਲ ਦੂਰਬੀਨ ਰਾਹੀਂ ਕੀਤੇ ਗਏ ਅਪਰੇਸ਼ਨ ਨਾਲ ਮਰੀਜ਼ ਤਿੰਨ ਚਾਰ ਦਿਨਾਂ ਦੇ ਅੰਦਰ ਤੁਰਨ ਫਿਰਨ ਲੱਗ ਜਾਂਦਾ ਹੈ।ਉਸ ਨੂੰ ਕੋਈ ਬਹੁਤੀ ਤਕਲੀਫ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ ਅਤੇ ਸ਼ਰੀਰਕ ਕਮਜ਼ੋਰੀ ਵੀ ਘੱਟ ਹੁੰਦੀ ਹੈ। ਡਾਕਟਰ ਸੰਦੀਪ ਸਿੰਘ ਥਿੰਦ ਨੇ ਦੱਸਿਆ ਕਿ ਬੀਤੇ ਦਿਨ ਧੁੰਨੀ ਦੀਆਂ ਹਰਨੀਆਂ ਤੋਂ ਪੀੜਤ ਮਹਿਲਾ ਮਰੀਜ਼ ਰੀਨਾ ਪਤਨੀ ਅਵਤਾਰ ਸਿੰਘ ਵਾਸੀ ਸੁਰਖਪੁਰ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਹੋਏ ਸਨ। ਚੈੱਕਅਪ ਕਰਨ ਤੋਂ ਬਾਅਦ ਦੂਰਬੀਨ ਰਾਹੀਂ ਉਨ੍ਹਾਂ ਦਾ ਸਫਲਤਾਪੂਰਵਕ ਅਪ੍ਰੇਸ਼ਨ ਕੀਤਾ ਗਿਆ ਹੈ।ਦੋ ਦਿਨ ਬਾਅਦ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੂਰਬੀਨ ਰਾਹੀਂ ਬਹੁਤ ਛੋਟੇ-ਛੋਟੇ ਸ਼ੇਕ ਕਰਕੇ ਅਪ੍ਰੇਸ਼ਨ ਕੀਤਾ ਜਾਂਦਾ ਹੈ,ਜਿਸ ਨਾਲ ਮਰੀਜ ਨੂੰ ਬਹੁਤ ਘੱਟ ਤਕਲੀਫ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਦੂਰਬੀਨ ਰਾਹੀਂ ਹੋਰ ਅਪ੍ਰੇਸ਼ਨ ਕੀਤੇ ਜਾਣਗੇ।

 

Previous articleਜ਼ਮਾਨਾ ਬਦਲ ਗਿਆ
Next articleपुरानी पेंशन बहाली के लिए नई दिल्ली में होगा बड़ा प्रदर्शन