ਦਿੱਲੀ ਮਾਡਲ ਪੰਜਾਬ ਲਈ ਅਨੁਕੂਲ: ਮੀਤ ਹੇਅਰ

ਚੰਡੀਗੜ੍ਹ (ਸਮਾਜ ਵੀਕਲੀ):  ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਮਗਰੋਂ ਅੱਜ ਕਿਹਾ ਕਿ ਦਿੱਲੀ ਦਾ ‘ਸਿੱਖਿਆ ਮਾਡਲ’ ਪੰਜਾਬ ਦੇ ਅਨੁਕੂਲ ਹੈ। ਪੰਜਾਬ ਦੇ ਵਿੱਦਿਅਕ ਖੇਤਰ ’ਚ ਬੁਨਿਆਦੀ ਢਾਂਚਾ ਉਪਲੱਬਧ ਹੈ। ਪੰਜਾਬ ਦੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ’ਚ ਬਹੁਤ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਦਾ ਇੱਕ ਖ਼ਾਸ ਮੰਤਰ ਇਹ ਨਜ਼ਰ ਪਿਆ ਹੈ ਕਿ ਉੱਥੇ ਬੱਚਿਆਂ ਦੇ ਸ਼ਖ਼ਸੀਅਤ ਉਭਾਰ, ਕਰੀਅਰ ਅਤੇ ਹੁਨਰ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।

ਸਿੱਖਿਆ ਮੰਤਰੀ ਮੀਤ ਹੇਅਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਸਕੂਲਾਂ ’ਚ ਦੌਰੇ ਦੌਰਾਨ ਬੱਚਿਆਂ ਦਾ ਆਤਮ ਵਿਸ਼ਵਾਸ ਅਤੇ ਅਧਿਆਪਕਾਂ ਦੇ ਅਧਿਆਪਨ ਤਰੀਕੇ ਪ੍ਰਭਾਵੀ ਲੱਗੇ। ਜਦੋਂ ਸਕੂਲਾਂ ਵਿੱਚ ਉਨ੍ਹਾਂ ਨੇ ਅਮੀਰ ਘਰਾਂ ਦੇ ਬੱਚੇ ਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕੋ ਛੱਤ ਹੇਠ ਦੇਖਿਆ ਤਾਂ ਇਹ ਸੱਚਮੁੱਚ ਸਮਾਜਵਾਦ ਦਾ ਇੱਕ ਨਮੂਨਾ ਸੀ। ਉਹ ਪੰਜਾਬ ਦੇ ਵਿੱਦਿਅਕ ਖੇਤਰ ’ਚ ਸਮਾਜਵਾਦ ਨੂੰ ਹਕੀਕਤ ਵਿੱਚ ਦੇਖਣ ਦੇ ਇੱਛੁਕ ਹਨ, ਜਿਸ ਲਈ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਵਿੱਦਿਅਕ ਸੁਧਾਰਾਂ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਸ ਤਹਿਤ ਪਹਿਲੇ ਪੜਾਅ ਵਿਚ ਅਜਿਹੇ ਮਾਡਲ ਸਕੂਲ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੇ ਬੱਚਿਆਂ ਤੇ ਅਧਿਆਪਕਾਂ ’ਚ ਸਭ ਕੁਝ ਉਹ ਦੇਖਣ ਨੂੰ ਮਿਲੇਗਾ, ਜੋ ਦਿੱਲੀ ਦੇ ਸਿੱਖਿਆ ਮਾਡਲ ’ਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੁਧਾਰਾਂ ’ਚ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਕੂਲਾਂ ’ਚ ਰੈਗੂਲਰ ਦੌਰੇ ਕਰਨਗੇ ਅਤੇ ਜ਼ਮੀਨੀ ਹਕੀਕਤ ਜਾਣ ਕੇ ਅਗਲੇ ਕਦਮ ਪੁੱਟਣਗੇ। ਮੀਤ ਹੇਅਰ ਅਨੁਸਾਰ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ ’ਚ ਲਾਗੂ ਕਰਨ ’ਚ ਬਹੁਤੀ ਔਖ ਨਹੀਂ ਆਵੇਗੀ। ਪੰਜਾਬ ਦੇ ਸਕੂਲੀ ਢਾਂਚੇ ਅਤੇ ਅਧਿਆਪਕਾਂ ਦੀ ਗਰੇਡਿੰਗ ਕੀਤੀ ਜਾਵੇਗੀ ਅਤੇ ਜਿੱਥੇ ਕਿਤੇ ਕਮਜ਼ੋਰੀਆਂ ਹੋਣਗੀਆਂ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਿਆ ਜਾਵੇਗਾ।

ਸਿੱਖਿਆ ਸੁਧਾਰ ਲਈ ਅਧਿਆਪਕਾਂ ਕੋਲੋਂ ਸੁਝਾਅ ਮੰਗੇ

ਸਿੱਖਿਆ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਅਧਿਆਪਕਾਂ ਦੀ ਸਿਖਲਾਈ ਲਈ ਐਕਸਚੇਂਜ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ। ਸ਼ੁਰੂਆਤ ਅਧਿਆਪਕਾਂ ਤੋਂ ਕੀਤੀ ਜਾਵੇਗੀ, ਜਿਨ੍ਹਾਂ ਨੇ ਪੰਜਾਬ ਦੇ ਸਿੱਖਿਆ ਇਨਕਲਾਬ ’ਚ ਮੋਹਰੀ ਬਣਨਾ ਹੈ। ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਸੁਧਾਰਾਂ ਲਈ ਉਸਾਰੂ ਮਸ਼ਵਰਿਆਂ ਨਾਲ ਅੱਗੇ ਆਉਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਤੇ ਯੂਕੇ ਵੱਲੋਂ ਦੁਵੱਲੇ ਰੱਖਿਆ ਤਾਲਮੇਲ ’ਤੇ ਚਰਚਾ
Next articleਚੱਲਦੀ ਕਾਰ ਨੂੰ ਅੱਗ ਲੱਗਣ ਕਾਰਨ ਚਾਲਕ ਜਿਊਂਦਾ ਸੜਿਆ