ਕੋਲਕਾਤਾ (ਸਮਾਜ ਵੀਕਲੀ): ਫੇਸਬੁੱਕ ’ਤੇ ਸਿਆਸਤ ਛੱਡਣ ਦਾ ਐਲਾਨ ਕਰਕੇ ਸਿਆਸਤ ’ਚ ਭੂਚਾਲ ਲਿਆਉਣ ਦੇ ਇਕ ਦਿਨ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਬਾਬੁਲ ਸੁਪ੍ਰਿਓ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਆਪਣੇ ਅਗਲੇ ਕਦਮ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਆਸਨਸੋਲ ਤੋਂ ਸੰਸਦ ਮੈਂਬਰ ਨੇ ਇਕ ਟੀਵੀ ਚੈਨਲ ਨੂੰ ਕਿਹਾ,‘‘ਭਵਿੱਖ ’ਚ ਮੈਂ ਕੀ ਕਰਦਾ ਹਾਂ, ਇਹ ਤਾਂ ਵੇਲਾ ਹੀ ਦੱਸੇਗਾ।’’
ਟੀਐੱਮਸੀ ਤਰਜਮਾਨ ਕੁਨਾਲ ਘੋਸ਼ ਦੇ ਉਸ ਦਾਅਵੇ ਕਿ ਸੁਪ੍ਰਿਓ ਡਰਾਮਾ ਕਰ ਰਿਹਾ ਹੈ ਅਤੇ ਉਸ ’ਚ ਸੰਸਦ ਮੈਂਬਰ ਦਾ ਅਹੁਦਾ ਛੱਡਣ ਦੀ ਹਿੰਮਤ ਨਹੀਂ ਹੈ, ’ਤੇ ਟਿੱਪਣੀ ਕਰਦਿਆਂ ਸੁਪ੍ਰਿਓ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ ਲੋਕ ਸਭਾ ਸਪੀਕਰ ਤੋਂ ਸਮਾਂ ਮੰਗ ਲਿਆ ਹੈ ਕਿਉਂਕਿ ਉਸ ਦੇ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਭਾਜਪਾ ਸੂਤਰਾਂ ਨੇ ਕਿਹਾ ਕਿ ਸ਼ਨਿਚਰਵਾਰ ਅੱਧੀ ਰਾਤ ਨੂੰ ਸੁਪ੍ਰਿਓ ਨੇ ਦਿੱਲੀ ’ਚ ਪਾਰਟੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਕੀਤੀ।
ਬੰਗਾਲ ਭਾਜਪਾ ਮੁਖੀ ਦਿਲੀਪ ਘੋਸ਼ ’ਤੇ ਨਿਸ਼ਾਨਾ ਸੇਧਦਿਆਂ ਸੁਪ੍ਰਿਓ ਨੇ ਕਿਹਾ ਕਿ ਉਨ੍ਹਾਂ ਦਾ ਅਜਿਹੇ ਲੋਕਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਜੋ ਤੰਗ ਸੋਚ ਰਖਦੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਨਾਲ ਉਲਝਣ ਦੀ ਬਜਾਏ ਹਰ ਰੋਜ਼ ਆਪਣੀ ਹਾਂ-ਪੱਖੀ ਊਰਜਾ ਬਚਾਉਂਦਾ ਹੈ। ਸੂਬਾ ਪ੍ਰਧਾਨ ਨੇ ਕਿਹਾ ਸੀ ਕਿ ਜਿਥੋਂ ਤੱਕ ਜਾਣਕਾਰੀ ਹੈ ਸੁਪ੍ਰਿਓ ਅਜੇ ਵੀ ਭਾਜਪਾ ’ਚ ਹੈ। ਜ਼ਿਕਰਯੋਗ ਹੈ ਕਿ ਆਸਨਸੋਲ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਸੁਪ੍ਰਿਓ ਕੈਬਨਿਟ ਮੰਤਰੀ ਸਨ ਅਤੇ 7 ਜੁਲਾਈ ਨੂੰ ਹੋਏ ਵੱਡੇ ਫੇਰਬਦਲ ਦੌਰਾਨ ਉਸ ਨੂੰ ਮੰਤਰੀ ਮੰਡਲ ’ਚੋਂ ਹਟਾ ਦਿੱਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly