HOME “ਸਵਾ ਲਾਖ ਸੇ ਏਕ ਲੜਾਊਂ ——– ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ...

“ਸਵਾ ਲਾਖ ਸੇ ਏਕ ਲੜਾਊਂ ——– ਚਿੜੀਓਂ ਸੇ ਮੈਂ ਬਾਜ਼ ਤੁੜਾਊਂ,  ਸਵਾ ਲਾਖ ਸੇ ਏਕ ਲੜਾਊਂ ,ਤਬੈ ਗੋਬਿੰਦ ਸਿੰਘ ਨਾਮ ਕਹਾਊਂ।।

3
    (ਸਮਾਜ ਵੀਕਲੀ)   ਖਾਲਸਾ ਸਾਜਨਾ ਦਿਵਸ਼ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦਿਹਾੜਾ ਹੈ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਾਤ- ਪਾਤ ਰਹਿਤ, ਸ਼ੁੱਧ ਅਤੇ ਨਿਡਰ ਖਾਲਸਾ ਪੰਥ ਦੀ ਸਿਰਜਣਾ ਨਾਲ ਸਬੰਧਤ ਹੈ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਇਤਿਹਾਸਕ ਧਾਰਮਿਕ ਕ੍ਰਾਂਤੀ ਲਿਆਂਦੀ। ਉਨ੍ਹਾਂ ਨੇ ਜਾਤ-ਪਾਤ ਦੇ ਭੇਦਭਾਵ ਨੂੰ ਖਤਮ ਕਰਕੇ, ਖੰਡੇ-ਬਾਟੇ ਦੀ ਪਾਹੁਲ ਰਾਹੀਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਵੀ ਅੰਮ੍ਰਿਤ ਛਕ ਕੇ ‘ਸੰਤ-ਸਿਪਾਹੀ’ (ਸਿੰਘ/ਕੌਰ) ਦਾ ਨਵਾਂ ਜੀਵਨ-ਸਿਧਾਂਤ ਦਿੱਤਾ, ਜਿਸਦਾ ਮੁੱਖ ਉਦੇਸ਼ ਜ਼ੁਲਮ ਵਿਰੁੱਧ ਜੂਝਣਾ ਅਤੇ ਬਰਾਬਰੀ ਸਥਾਪਿਤ ਕਰਨਾ ਸੀ। ਖਾਲਸੇ ਦੀ ਸਿਰਜਣਾ, ਗੁਰੂ ਸਾਹਿਬ ਵੱਲੋਂ ਲਿਆ ਗਿਆ ਅਚਣਚੇਤ ਫੈਸਲਾ ਨਹੀਂ ਸੀ ਸਗੋਂ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸ ਦੀਆਂ ਕਰੁਣਾਮਈ ਚੀਸਾਂ ਗੁਰੂ ਜੀ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਮੁਗਲ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲ੍ਹੇ ਜ਼ਖਮਾਂ ਦੀਆਂ ਅਤੇ ਇਹਨਾਂ ਹੋ ਚੁੱਕੇ ਜ਼ਖਮਾਂ ’ਤੇ ਮੱਲਮ ਲਾਉਣਾ ਅਤੇ ਅੱਗੇ ਤੋਂ ਅਜਿਹੇ ਜ਼ੁਲਮ ਨੂੰ ਹੋਣ ਤੋਂ ਰੋਕਣਾ ਹੀ ਖ਼ਾਲਸਾ ਪੰਥ ਦੀ ਸਾਜਣਾ ਦਾ ਮੁੱਖ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇੱਕ ਨਵਾਂ ਇਨਕਲਾਬ ਸੀ ਜਿਸ ਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜ ਦਿੱਤਾ ਅਤੇ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ। ਉਸ ਸਮੇਂ ਮੁਗਲਾ ਦੇ ਜ਼ੁਲਮ ਨੂੰ ਰੋਕਣ ਲਈ ਇੱਕ ਇਹੋ ਜਿਹੀ ਨਿਡਰ ਕੌਮ ਦੀ ਲੋੜ ਸੀ ਜੋ ਉਨ੍ਹਾਂ ਦੇ ਜ਼ੁਲਮ ਨੂੰ ਟੱਕਰ ਦੇ ਸਕੇ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੌਮ ਨੂੰ ਖਾਲਸਾ ਪੰਥ ਦਾ ਨਾਂ ਦੇਣ ਦਾ ਫੈਸਲਾ ਕੀਤਾ। ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਸੁੱਧ’ ਮਿਲਾਵਟ ਤੋਂ ਬਿਨਾਂ, ਮੈਕਾਲਿਫ ਅਨੁਸਾਰ ‘ਖਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਖਾਲਿਸ’ ਅਰਥਾਤ ਸ਼ੁੱਧ ਵਿੱਚੋਂ ਨਿਕਲਿਆ ਹੈ। ਖਾਲਸਾ’ ਮਜ਼ਲੂਮਾਂ ਲਈ ਢਾਲ ਹੈ ਅਤੇ ਦੁਸ਼ਮਣ ਲਈ ਤਲਵਾਰ ਹੈ, ‘ਖਾਲਸੇ’ ਦਾ ਜ਼ੁਲਮ ਨਾਲ ਵੈਰ ਹੈ। ‘ਖਾਲਸਾ’ ਕਿਸੇ ਬੇਕਸੂਰ ਤੇ ਹੋ ਰਹੇ ਜ਼ੁਲਮਾਂ ਨੂੰ ਨਹੀਂ ਸਹਿ ਸਕਦਾ ਭਾਵੇਂ ਇਸ ਨੂੰ ਆਪਣਾ ਆਪ ਕੁਰਬਾਨ ਕਰਨਾ ਪੈ ਜਾਵੇ। ‘ਖਾਲਸਾ’ ਸਦਾ ਚੜਦੀਆਂ ਕਲਾਂ ਵਿਚ ਰਹਿੰਦਾ ਹੈ, ਇਹ ਕਦੀ ਢਹਿੰਦੀਆਂ ਕਲਾਂ ਵਿਚ ਨਹੀਂ ਗਿਆ ਭਾਵੇਂ ਇਸ ਦੇ ਸਿਰ ’ਤੇ ਆਰਾ ਕਿਉਂ ਨਾ ਚੱਲਦਾ ਹੋਵੇ। ‘ਖਾਲਸਾ’ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ ਹੈ ਜਿਸ ਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ’ਚੋਂ ਕੀਤੀ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਜੀ, ਅਜਿਹੇ ਰਾਜ ਭਾਗ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਤਾਂ ਜੋ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਅਣਖ ਨਾਲ ਜਿਉਣ ਦਾ ਸੁਨਹਿਰੀ ਮੌਕਾ ਮਿਲ ਸਕੇ ਤੇ ਉਹ ਆਪਣੀ ਰਾਖੀ ਆਪ ਹੀ ਕਰ ਸਕਣ।  ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਕੋਈ ਨਵਾਂ ਪੰਥ ਹੋਂਦ ਵਿੱਚ ਨਹੀਂ ਲਿਆਂਦਾ ਸੀ ਸਗੋਂ ਬਾਬੇ ਨਾਨਕ ਜੀ ਦੇ ਲਾਏ ਸਿੱਖੀ ਦੇ ਬੂਟੇ ਨੂੰ ਹੀ ਹੋਰ ਪ੍ਰਫੁੱਲਿਤ ਕੀਤਾ ਸੀ ਕਿਉਂਕਿ ਖਾਲਸੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਲਗਭਗ ਉਹੀ ਸਨ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਦਿੱਤੀਆਂ ਸਨ। ਫਰਕ ਸਿਰਫ ਇਹ ਸੀ ਕਿ ਗੁਰੂ ਜੀ ਨੇ ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸ਼ਾਸਤਰਾਂ ਦਾ ਸੁਮੇਲ ਕਰਕੇ ਇੱਕ ਨਵਾਂ ਜੋਸ਼ ਸਿੱਖਾਂ ਅੰਦਰ ਭਰ ਦਿੱਤਾ ਸੀ ਅਤੇ ਖਾਲਸੇ ਦਾ ਪਹਿਰਾਵਾ ਸਭ ਤੋਂ ਵੱਖਰੀ ਕਿਸਮ ਦਾ ਬਣਾਉਣਾ, ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਸਾਹਮਣੇ ਬਚਨ ਕਰਦਿਆਂ ਕਿਹਾ ਕਿ ਮੈਂ ਇੱਕ ਅਜਿਹਾ ਸਿੱਖ (ਖਾਲਸਾ) ਪ੍ਰਗਟ ਕਰਾਂਗਾ ਜੋ ਹਜ਼ਾਰਾਂ ’ਚੋਂ ਨਹੀਂ ਬਲਕਿ ਲੱਖਾਂ ’ਚੋਂ ਪਛਾਣਿਆ ਜਾ ਸਕੇਗਾ, ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਿਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ। ਇਸ ਪ੍ਰਕਾਰ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ ਨੂੰ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚੋਂ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਪੰਡਾਲ ਵਿੱਚ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ‘ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ? ਦਿਵਾਨ ਵਿੱਚ ਸੰਨਾਟਾ ਛਾ ਗਿਆ ਜਦੋਂ ਗੁਰੂ ਜੀ ਨੇ ਤੀਜੀ ਵਾਰ ਲਲਕਾਰਿਆ ਤਾਂ ਲਾਹੌਰ ਦਾ ਵਾਸੀ ਦਇਆ ਰਾਮ ਉੱਠ ਖਲੋਇਆ ਅਤੇ ਗੁਰੂ ਜੀ ਦੇ ਸਨਮੁੱਖ ਹੋ ਕੇ ਬੋਲਿਆ, ‘ਮੈਂ ਹਾਜ਼ਿਰ ਹਾਂ।’ ਗੁਰੂ ਸਾਹਿਬ ਉਸ ਨੂੰ ਅਲੱਗ ਤੰਬੂ ਵਿੱਚ ਲੈ ਗਏ ਅਤੇ ਦੁਬਾਰਾ ਇਕ ਹੋਰ ਸੀਸ ਦੀ ਮੰਗ ਕੀਤੀ, ਇਸੇ ਤਰ੍ਹਾਂ ਵਾਰ ਵਾਰ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਦੂਜੀ ਵਾਰ ਭਾਈ ਧਰਮ ਦਾਸ, ਫਿਰ ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਨੇ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ ॥ ਦੇ ਪਵਿੱਤਰ ਵਾਕ ’ਤੇ ਸ਼ਰਧਾ ਦੇ ਫੁਲ ਚੜ੍ਹਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕੀਤਾ।  ਪ੍ਰਿੰ. ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਤੰਬੂ ਦੇ ਪੜਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ ਇਹ ਕਹਿਣਾ ਅਸੰਭਵ ਹੈ ਸਿਰਫ ਇਤਨਾਂ ਹੀ ਕਹਿਣਾ ਬਣਦਾ ਹੈ ਕਿ ਉਹ ਪ੍ਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਹੀ ਦੱਸ ਦਿੱਤਾ ਤਾਂ ਇਮਤਿਹਾਨ ਕਾਹਦਾ ਹੋਇਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਬਾਅਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਜਦੋਂ ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਜੀ ਨੇ ਜਲ ਵਿੱਚ ਪਤਾਸੇ ਪਾਏ ਅਤੇ ਗੁਰੂ ਸਾਹਿਬਾਨ ਨੇ ਬਚਨ ਕੀਤਾ:- ‘ਭਲੋ ਭਯੋ ਤੂੰ ਚਲਿ ਕਰਿ ਆਈ। ਨੀਰ ਬਿਖੈ ਪਾਈ ਮਧੁਰਾਈ। ਨਾ ਤੁਰ ਪੰਥ ਹੋਇ ਬਡ ਕੂਰਾ। ਤੇਜ ਕ੍ਰੋਧ ਕਲਹਾ ਕਰਿ ਪੂਰਾ॥’ ਇਸ ਪ੍ਰਕਾਰ ਪਵਿੱਤਰ ਪਾਹੁਲ ਤਿਆਰ ਹੋਈ। ਜਿਸ ਨੇ ਵੀ ਇਹ ਪਾਹੁਲ ਛਕੀ ਉਸ ਦਾ ਜਨਮ ਸੁਹੇਲਾ ਹੋ ਗਿਆ। ਖਾਲਸੇ ਦੀ ਰਹਿਤ ਨਿਸ਼ਚਤ ਕੀਤੀ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਬਣਾਉਣ ਉਪਰੰਤ ਖਾਲਸੇ ਨੂੰ ਉਪਦੇਸ਼ ਕੀਤਾ ਕਿ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ ਅਤੇ ਹੱਕ ਸੱਚ ਲਈ ਲੜਦਾ ਰਹੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਬਾਹਰੀ ਪਹਿਰਾਵਾ ਪਹਿਨਣ ’ਤੇ ਹੀ ਜੋਰ ਨਹੀਂ ਦਿੱਤਾ ਸਗੋਂ ਕਿਹਾ ਕਿ ਜਿੰਨਾ ਚਿਰ ਕੋਈ ਮਨੁੱਖ ਅੰਦਰੋਂ ਸ਼ੁੱਧ ਨਹੀਂ ਹੁੰਦਾ ਉਨਾਂ ਚਿਰ ਉਹ ਖਾਲਸਾ ਅਖਵਾਉਣ ਦਾ ਹੱਕਦਾਰ ਨਹੀਂ। ਪੂਰਨ ਖਾਲਸਾ ਓਹੀ ਹੈ ਜੋ ਆਪਣੇ ਬਾਹਰੀ ਪਹਿਰਾਵੇ ਦੇ ਨਾਲ ਨਾਲ ਆਪਣੇ ਕਮਲ ਰੂਪੀ ਹਿਰਦੇ ਨੂੰ ਗਿਆਨ ਦੀ ਕਸਵੱਟੀ ’ਤੇ ਪਰਖਦਾ ਹੈ: ‘‘ਜਾਗਤ ਜੋਤਿ ਜਪੈ ਨਿਸ ਬਾਸੁਰ, ਏਕੁ ਬਿਨਾ ਮਨਿ ਨੈਕ ਨ ਆਨੈ। ਇਸ ਤਰ੍ਹਾਂ ਸਿੱਖਾਂ ਨੂੰ ਬਾਦਸ਼ਾਹੀ ਬਖਸ਼ਸ ਕਰਕੇ ਗੁਰੂ ਜੀ ਨੇ ਆਪ ਭੀ ਅੰਮ੍ਰਿਤ ਦੀ ਦਾਤ ਆਪਣੇ ਹੀ ਅਨੁਆਈਆਂ ਤੋਂ ਲੈ ਕਿ ‘ਆਪੇ ਗੁਰ ਚੇਲਾ’, ਵਾਲਾ ਮਹਾਂਵਾਕ ਸੱਚ ਕਰ ਵਿਖਾਇਆ। ਇਹ ਨਿਵੇਕਲੀ ਘਟਨਾ ਇਸ ਦੁਨੀਆਂ ’ਚ ਪਹਿਲੀ ਅਤੇ ਆਖਰੀ ਮੰਨੀ ਜਾ ਸਕਦੀ ਹੈ ਜਦ ਗੁਰੂ ਸਿੱਖ ਬਣ ਗਿਆ ਅਤੇ ਸਿੱਖ, ਗੁਰੂ ਰੂਪ ਬਣ ਕੇ ਆਪਣੇ ਹੀ ਗੁਰੂ (ਸਿੱਖ) ਨੂੰ ਅੰਮ੍ਰਿਤ ਦੀ ਦਾਤ ਦੇ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਖਾਲਸਾ ਪੰਥ ਨੇ ਦੁਨੀਆਂ ਵਿੱਚ ਜ਼ਾਤ-ਪਾਤ, ਰੰਗ ਭੇਦ ਭਾਵ ਅਤੇ ਸਮਾਜਿਕ ਵਿਤਕਰੇ ਨੂੰ ਖ਼ਤਮ ਕਰਕੇ ਸਮਾਜਿਕ ਬਰਾਬਰੀ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੇ ਖਾਲਸਾ ਪੰਥ ਨੇ ਕਿਸੇ ਵੀ ਮਨੁੱਖ ਤੇ ਹੁੰਦੇ ਜ਼ੁਲਮ, ਅੱਤਿਆਚਾਰ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਇੱਕ ਨਿਡਰ ਕੌਮ ਤਿਆਰ ਕੀਤੀ।
ਕੁਲਦੀਪ ਸਿੰਘ ਸਾਹਿਲ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਜਾ ਸਕੂਲ ਵਿੱਚ ਕਰਵਾਏ ਵਿੱਦਿਅਕ ਮੁਕਾਬਲਿਆਂ ਦੌਰਾਨ ਜ਼ਿਲੇ ਭਰ ਤੋਂ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ 
Next articleਨੀਲੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਸਰਪੰਚ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਬਸਤੀ ਬੂਲਪੁਰ ਤੋਂ ਵੱਡਾ ਜਥਾ ਰਵਾਨਾ