ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਅਕਾਲੀ ਦਲ ਨੂੰ ਘੇਰਿਆ

ਅੰਮ੍ਰਿਤਸਰ (ਸਮਾਜ ਵੀਕਲੀ):ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਇਕ ਟਵੀਟ ਵਿਚ ਬਿਨਾਂ ਨਾਂ ਲਏ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਆਖਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਵਾਪਰਿਆਂ 6 ਸਾਲ ਹੋ ਗਏ ਹਨ। ਤੁਹਾਡੇ ਰਾਜ ਦੇ 2 ਸਾਲਾਂ ਦੇ ਸਮੇਂ ਦੌਰਾਨ ਇਸ ਬਾਰੇ ਕੋਈ ਇਨਸਾਫ਼ ਨਹੀਂ ਮਿਲਿਆ, ਸਾਢੇ 4 ਸਾਲ ਦੇ ਹੁਣ ਦੇ ਰਾਜ ਵਿਚ ਕੋਈ ਨਿਆਂ ਨਹੀ ਮਿਲਿਆ। ਹੁਣ ਜਦੋਂ ਪੰਜਾਬ ਦੇ ਲੋਕਾਂ ਨੂੰ ਨਿਆਂ ਦੇਣ ਲਈ ਨਵੀ ਸਿੱਟ ਜਾਂਚ ਕਰਦੀ ਹੋਈ ਅਗਾਂਹ ਵਧ ਰਹੀ ਹੈ ਤਾਂ ਤੁਸੀ ਸਿਆਸੀ ਦਖ਼ਲਅੰਦਾਜੀ ਹੋਣ ਦਾ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਹੈ।

ਸਿਆਸੀ ਦਖ਼ਲਅੰਦਾਜ਼ੀ ਤਾਂ ਉਹ ਸੀ ਜਿਸ ਰਾਹੀਂ 6 ਸਾਲ ਨਿਆਂ ਨਹੀ ਹੋਣ ਦਿੱਤਾ ਗਿਆ। ਸਿੱਧੂ ਨੇ ਆਪਣੇ ਟਵੀਟ ਰੂਪੀ ਤੀਰਾਂ ਦਾ ਰੁਖ਼ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ  (ਡੀਜੀਪੀ) ਵੱਲ ਕਰਦਿਆਂ ਸਵਾਲ ਕੀਤਾ ਕਿ ਉਨ੍ਹਾਂ ਨੇ ਸੂਬੇ ਵਿਚ ਕੈਮੀਕਲ ਡਰੱਗ ਬਣਾਉਣ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਦੇਣ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ? ਆਪਣੇ ਟਵੀਟ ਰਾਹੀਂ ਅੱਜ ਉਨ੍ਹਾਂ ਡੀਜੀਪੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ‘ਤੁਸੀਂ  ਮਜੀਠੀਆ ਬਾਰੇ ਕੀ ਕੀਤਾ ਹੈ? ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਕੈਮੀਕਲ ਡਰੱਗ ਫੈਕਟਰੀ ਨੂੰ ਸਹੂਲਤਾਂ ਤੇ ਸੁਰੱਖਿਆ ਦਿੱਤੀ।

ਐੱਸਟੀਐਫ ਦੀ ਰਿਪੋਰਟ ਵਿਚ ਜਿਨ੍ਹਾਂ ਵੱਡੇ ਵਿਅਕਤੀਆਂ ਦਾ ਜ਼ਿਕਰ ਸੀ, ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ? ਅੱਜ ਉਹੀ ਲੋਕ ਸਾਡੇ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।’ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਜਦ ਤੋਂ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਕਰਨ ਲਈ ਯਤਨ ਚੱਲ ਰਹੇ ਸਨ ਤਾਂ ਸ੍ਰੀ ਸਿੱਧੂ ਨੇ ਵੀ ਪੂਰੀ ਚੁੱਪ ਧਾਰੀ ਹੋਈ ਸੀ, ਪਰ ਹੁਣ ਜਦੋਂ ਬੇਅਦਬੀ ਮਾਮਲਿਆਂ ਵਿਚ ਨਵੀਂ ਬਣੀ ‘ਸਿੱਟ’ ਵਲੋਂ ਬਾਦਲਾਂ ਕੋਲੋਂ ਪੁੱਛਗਿੱਛ ਕੀਤੀ ਜਾ  ਰਹੀ ਹੈ ਤਾਂ ਇਸ ਵੇਲੇ ਕਾਂਗਰਸ ਆਗੂ ਸਿੱਧੂ ਵੀ ਮੁੜ ਪੂਰੇ ਸਰਗਰਮ ਹੋ ਗਏ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰ ਰਿਹੈ ਕੇਂਦਰ: ਸੁਖਬੀਰ
Next articleਅਕਾਲੀ ਦਲ ਨੂੰ ਭਾਰਤ ਦੇ ਸੰਵਿਧਾਨ ’ਤੇ ਭਰੋਸਾ ਨਹੀਂ: ਹਰਪਾਲ ਸਿੰਘ ਚੀਮਾ