ਕਿਸਾਨਾਂ ਦੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰ ਰਿਹੈ ਕੇਂਦਰ: ਸੁਖਬੀਰ

ਕੁਰੂਕਸ਼ੇਤਰ (ਸਮਾਜ ਵੀਕਲੀ): ਇੱਥੇ ਜੀਟੀ ਰੋਡ ’ਤੇ ਸਥਿਤ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਦਾ ਹਾਲ-ਚਾਲ ਪੁੱਛਣ ਲਈ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਰੁੁੁਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੋਰਚੇ ਨੂੰ ਖਤਮ ਕਰਨ ਲਈ ਘਟੀਆ ਰਾਜਨੀਤੀ ’ਤੇ ਉਤਰ ਆਈ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਅਤੇ ਅੰਦੋਲਨ ਦੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਪੀਏਸੀ ਮੈਂਬਰ ਤੇ ਹਰਿਆਣਾ ਰਾਜ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਵੀ ਹੋਟਲ ‘ਗੋਲਡਨ ਹੱਟ’ ਦੇ ਬਾਹਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਬੈਰੀਕੇਡਿੰਗ ਦਿਖਾਈ। ਇਸ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਰਾਮ ਸਿੰਘ ਰਾਣਾ ਨੂੰ ਸਿਰੋਪਾਓ ਪਾ ਕੇ ਸਨਮਾਨਿਆ ਅਤੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਦੇ ਪਰਿਵਾਰ ਦੀ ਰਾਖੀ ਕਰੇਗਾ।

ਜ਼ਿਕਰਯੋਗ ਹੈ ਕਿ ਹੋਟਲ ‘ਗੋਲਡਨ ਹੱਟ’ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਉਸ ਦੇ ਹੋਟਲ ਦੇ ਬਾਹਰ ਬੈਰੀਕੇਡ ਲਗਵਾ ਦਿੱਤੇ ਸਨ ਤਾਂ ਕਿ ਜੀਟੀ ਰੋਡ ਤੋਂ ਲੰਘਣ ਵਾਲੇ ਵਾਹਨ ਉਸ ਕੋਲ ਨਾ ਰੁਕ ਸਕਣ ਅਤੇ ਉਸ ਦਾ ਕਾਰੋਬਾਰ ਠੱਪ ਹੋ ਜਾਵੇ। ਹਾਲਾਂਕਿ ‘ਗੋਲਡਨ ਹੱਟ’ ਦੇ ਆਲੇ-ਦੁਆਲੇ ਬਣੇ ਬਾਕੀ ਹੋਟਲਾਂ ਦੇ ਰਸਤੇ ਬਰਕਰਾਰ ਹਨ ਅਤੇ ਉਥੇ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJharkhand preparing for Covid third wave; each district to have 20-bed PICU facility
Next articleCongress appoints Revanth Reddy as TPCC president