ਨਵੀਂ ਦਿੱਲੀ (ਸਮਾਜ ਵੀਕਲੀ): ਪਿਛਲੇ 24 ਘੰਟਿਆਂ ਦੌਰਾਨ ਓਮੀਕਰੋਨ ਸਰੂਪ ਦੇ 156 ਸੱਜਰੇ ਕੇਸਾਂ, ਜੋ ਇਕ ਦਿਨ ਵਿੱਚ ਰਿਪੋਰਟ ਹੋਣ ਵਾਲਾ ਸਭ ਤੋਂ ਵੱਡਾ ਅੰਕੜਾ ਹੈ, ਨਾਲ ਦੇਸ਼ ਵਿੱਚ ਕੋਵਿਡ-19 ਦੇ ਇਸ ਨਵੇਂ ਸਰੁੂਪ ਨਾਲ ਸਬੰਧਤ ਕੇਸਾਂ ਦੀ ਗਿਣਤੀ ਵੱਧ ਕੇ 578 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 578 ਵਿਅਕਤੀਆਂ ’ਚੋਂ 151 ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਜਾਂ ਫਿਰ ਪਰਵਾਸ ਕਰ ਚੁੱਕੇ ਹਨ। ਇਹ 578 ਕੇਸ 19 ਰਾਜਾਂ ਤੇ ਯੂਟੀਜ਼ ਤੋਂ ਰਿਪੋਰਟ ਹੋਏ ਹਨ। 142 ਕੇਸਾਂ ਨਾਲ ਕੌਮੀ ਰਾਜਧਾਨੀ ਦਿੱਲੀ ਇਸ ਸੂਚੀ ਵਿੱਚ ਸਿਖਰ ’ਤੇ ਹੈ। ਮਹਾਰਾਸ਼ਟਰ ਤੋਂ 141, ਕੇਰਲਾ 57, ਗੁਜਰਾਤ 49, ਰਾਜਸਥਾਨ 43 ਅਤੇ ਤਿਲੰਗਾਨਾ ਤੋਂ 41 ਕੇਸ ਰਿਪੋਰਟ ਹੋੲੇ ਹਨ।
ਉਧਰ 6531 ਵਿਅਕਤੀਆਂ ਦੇ ਕਰੋਨਾਵਾਇਰਸ ਦੀ ਲਾਗ ਨਾਲ ਪਾਜ਼ੇਟਿਵ ਨਿਕਲਣ ਮਗਰੋਂ ਦੇਸ਼ ਵਿੱਚ ਕੋਵਿਡ-19 ਕੇਸਾਂ ਦਾ ਅੰਕੜਾ ਵਧ ਕੇ 3,47,93,333 ਨੂੰ ਪੁੱਜ ਗਿਆ ਹੈ ਜਦੋਂਕਿ ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 75,841 ਰਹਿ ਗਈ ਹੈ। ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 315 ਹੋਰ ਮੌਤਾਂ ਨਾਲ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 4,79,997 ਹੋ ਗਈ ਹੈ। ਕਰੋਨਾ ਤੋਂ ਸਿਹਤਯਾਬੀ ਦੀ ਕੌਮੀ ਦਰ 98.40 ਫੀਸਦ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly