ਪੁਰਾਣਾ ਸਮਾਂ

(ਸਮਾਜ ਵੀਕਲੀ)

ਕੱਚੇ ਘਰ ਉਹ ਸਤੀਰਾਂ ਵਾਲ਼ੇ ਸੋਹਣੇ ਹੁੰਦੇ ਸੀ।
ਨਿੱਕੇ ਨਿੱਕੇ ਜੇ ਪਰਿੰਦੇ ਮਨ-ਮੋਹਣੇ ਹੁੰਦੇ ਸੀ।
ਚਿੜੀ ਛੱਤ ਵਾਲ਼ੇ ਗਾਡਰ ਤੇ ਸੁੱਤੀ ਹੁੰਦੀ ਸੀ।
ਬੇਬੇ ਹੇਠ ਸੰਦੂਕ ਬਿੱਲੀ ਲੁੱਕੀ ਹੁੰਦੀ ਸੀ।
ਕਿੱਥੇ ਹੁਣ ਅੰਡੇ ਦੇਣ ਬਈ ਟਟੀਰੀਆਂ,
ਕਿਉਂਕੀ ਅੱਜ ਦੀ ਤਾਂ ਖੇਤੀ ਕਿਸੇ ਢੰਗ ਦੀ ਈ ਨਈਂ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਅਲੀ ਵਾਲ਼ੇ ਦਰਵਾਜਿਆਂ ਚੋਂ ਲੰਘਦੀ ਈ ਨਈਂ।

ਕਾਂ ਰੋਟੀ ਟੁੱਕ ਲੈਣ ਵੇਹੜੇ ਆਇਆ ਕਰਦੇ ਸੀ।
ਕਾਂ-ਕਾਂ ਵਾਲ਼ੀ ਕਾਵਾਂ ਰੌਲੀ ਪਾਇਆ ਕਰਦੇ ਸੀ।
ਨਾ ਕੋਈ ਪਿੱਟਬੁੱਲ ਰੱਖਿਆ ਸੀ ਦੇਸੀ ਕੁੱਤੇ ਸੀ।
ਖਾਕੇ ਅੰਨ ਪਿੰਡ ਵਾਲਾ ਸੱਭੇ ਹੁੰਦੇ ਸੁੱਤੇ ਸੀ।
ਜਦੋਂ ਰੁੱਖ ਹੀ ਜੜਾਂ ਤੋਂ ਆਪਾਂ ਪੱਟਤੇ
ਕਾਟੋ ਕਿੱਕਰ ਦੇ ਤੁੱਕਿਆਂ ਨੂੰ ਝੰਬਦੀ ਈ ਨਈਂ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜਿਆਂ ਚੋਂ ਲੰਘਦੀ ਈ ਨਈਂ।

ਠੂੰਗਾਂ ਮਾਰਦੇ ਰੁੱਖਾਂ ਤੇ ਚੱਕੀਰਾਹੇ ਹੁੰਦੇ ਸੀ।
ਮਾਹਾਂ ਵਾਲ਼ੇ ਖੇਤਾਂ ਵਿੱਚ ਭੂਰੇ ਸਾਹੇ ਹੁੰਦੇ ਸੀ।
ਵਿੱਚ ਝਾੜੀਆਂ ਦੇ ਤਿੱਤਰਾਂ ਦੀ ਡਾਰ ਹੁੰਦੀ ਸੀ।
ਓਦੋਂ ਪੰਛੀਆਂ ਦੀ ਬਹੁਤ ਭਰਮਾਰ ਹੁੰਦੀ ਸੀ।
ਜੋੜਾ ਘੁੱਗੀਆਂ ਦਾ ਨਜ਼ਰ ਨਾ ਆਵਾਂਦਾ
ਕਾਲ਼ੀ ਚਿੜੀ ਵੀ ਦਿਸੇ ਕੋਈ ਕਾਲ਼ੇ ਰੰਗ ਦੀ ਨਈਂ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜਿਆਂ ਚੋਂ ਲੰਘਦੀ ਈ ਨਈਂ।

ਸ਼ਾਮਲਾਟ ਦੇ ਸਫੇਦਿਆਂ ਚ ਮੋਰ ਹੁੰਦੇ ਸੀ।
ਧੰਨੇ ਧਾਲੀਵਾਲਾ ਦਿਨ ਜਿਵੇੰ ਹੋਰ ਹੁੰਦੇ ਸੀ।
ਗੱਡੀ ਮੋਟਰ ਨਾ ਸੋਰ ਕੋਈ ਸਰਾਬਾ ਹੁੰਦਾ ਸੀ।
ਸ਼ੱਕੀ ਕਾਲ਼ੀ ਚਿੜੀ ਵੇਖ ਸਾਡਾ ਬਾਬਾ ਹੁੰਦਾ ਸੀ।
ਗਿੱਦ ਦਿਸਦੇ ਨਾ ਪਿੱਪਲ ਜਾਂ ਬੋਹੜ ਤੇ,
ਸ਼ਹਿਦ ਵਾਲ਼ੀ ਕੋਈ ਮੱਖੀ ਹੁਣ ਡੰਗਦੀ ਈ ਨਈਂ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜ਼ਿਆਂ ਚੋਂ ਲੰਘਦੀ ਈ ਨਈਂ।

ਧੰਨਾ ਧਾਲੀਵਾਲ

 

 

 

 

 

 

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIn a first, Pakistan Army promotes Hindu officer as Lt Colonel
Next articleਲੱਭਣ ਚੱਲਿਆ ਇਸਰੋ ਨਾਸਾ ਵੇ ਰੱਬਾ ਤੇਰੇ ਟਿਕਾਣਿਆਂ ਨੂੰ।