ਬੁੱਢਾ ਬਾਪ

(ਸਮਾਜ ਵੀਕਲੀ)

ਸੁਖਦੇਵ ਸਿੰਘ ਨੇ ਸਾਰੀ ਉਮਰ ਰੱਜ ਕੇ ਮਿਹਨਤ ਕੀਤੀ । ਜਿੰਨਾ ਹੋ ਸਕਿਆ ਆਪਣੇ ਤਿੰਨਾਂ ਪੁੱਤਰਾਂ ਨੂੰ ਪੜ੍ਹਾ ਲਿਖਾ ਕੇ ਵਿਆਹ ਦਿੱਤਾ। ਹੱਡ ਤੋੜਵੀਂ ਮਿਹਨਤ ਸਦਕਾ ਸਭ ਦੇ ਰਹਿਣ ਲਈ ਇੱਕ ਚੰਗਾ ਘਰ ਵੀ ਬਣਾ ਲਿਆ ਪਰ ਜਦ ਤੱਕ ਸੁਖਦੇਵ ਸਿੰਘ ਦੇ ਆਰਾਮ ਦਾ ਸਮਾਂ ਆਇਆ ਉਸ ਦੀ ਘਰਵਾਲੀ ਗੁਜ਼ਰ ਗਈ। ਸੁਖਦੇਵ ਨੂੰ ਪਤਨੀ ਦੇ ਜਾਣ ਦਾ ਗਹਿਰਾ ਦੁੱਖ ਹੋਇਆ । ਵਕਤ ਬੀਤਦਾ ਗਿਆ । ਹੁਣ ਨੂੰਹਾਂ ਉਸ ਨੂੰ ਵੇਲੇ – ਕੁਵੇਲੇ ਰੋਟੀ ਫੜਾ ਛੱਡਦੀਆਂ । ਬੇਵੱਸ ਹੋਇਆ ਸੁਖਦੇਵ ਕੁਝ ਨਾ ਬੋਲਦਾ ਚਲੋ ਰੋਟੀ ਮਿਲੀ ਤਾਂ ਜਾਂਦੀ ਹੈ ਸੋਚ ਕੇ ਸਬਰ ਕਰ ਲੈਂਦਾ।

ਇੱਕ ਦਿਨ ਉਸ ਦੇ ਤਿੰਨੋਂ ਪੁੱਤਰ ਪਰਿਵਾਰਾਂ ਸਮੇਤ ਤੜਕੇ ਹੀ ਦੂਜੇ ਸ਼ਹਿਰ ਕਿਸੇ ਵਿਆਹ ਸਮਾਗਮ ਲਈ ਚਲੇ ਗਏ । ਰਸੋਈ ਵਿੱਚ ਕੁਝ ਵੀ ਨਹੀਂ ਸੀ ਬਣਿਆ ਹੋਇਆ। ਸੁਖਦੇਵ ਨੇ ਚਾਹ ਬਣਾਈ ਤੇ ਥੋੜ੍ਹੇ ਜਿਹੇ ਪਏ ਰਸਾਂ ਨਾਲ ਪੀ ਲਈ । ਦੁਪਹਿਰੇ ਫੇਰ ਉਹੀ ਹਾਲ ਨਾ ਤਾਂ ਸਬਜ਼ੀ ਸੀ ਤੇ ਨਾ ਹੀ ਗੁੰਨਿਆ ਹੋਇਆ ਆਟਾ । ਉਸਨੇ ਫੇਰ ਚਾਹ ਬਣਾਈ ਤੇ ਸੁੱਕੀ ਹੀ ਪੀ ਲਈ। ਬੀਮਾਰ ਹੋਣ ਕਾਰਨ ਉਹ ਬਾਹਰੋਂ ਵੀ ਕੁਝ ਨਹੀਂ ਸੀ ਲਿਆ ਸਕਦਾ ।

ਸ਼ਾਮੀ ਛੇ ਕੁ ਵਜੇ ਦੇ ਕਰੀਬ ਸਾਰੇ ਆ ਗਏ । ਸੁਖਦੇਵ ਨੂੰ ਭੁੱਖ ਨਾਲ ਖੋਹ ਜਿਹੀ ਪੈ ਰਹੀ ਸੀ ਪਰ ਉਹ ਡਰਦਿਆਂ ਕਹੇ ਨਾ ਕਿ ਨੂੰਹਾਂ ਕਹਿਣਗੀਆਂ ਥੱਕ ਕੇ ਆਈਆਂ ।ਔਖੇ – ਸੌਖੇ ਰਾਤ ਵੀ ਪੈ ਗਈ । ਸਭ ਰੱਜੇ ਹੋਣ ਕਾਰਨ ਦੁੱਧ ਪੀ ਕੇ ਸੌਂ ਗਏ । ਸੁਖਦੇਵ ਰੋਣਹਾਕਾ ਜਿਹਾ ਹੋ ਕੇ ਉੱਠਿਆ ਤੇ ਨੂੰਹ ਨੂੰ ਆਵਾਜ਼ਾਂ ਮਾਰਨ ਲੱਗਾ ,”ਪੁੱਤਰ ਮੈਨੂੰ ਫੁਲਕਾ ਬਣਾ ਦਿਓ ।ਅੱਜ ਤਾਂ ਸਵੇਰ ਦੀ ਨਾ ਰੋਟੀ ਖਾਧੀ ਤੇ ਨਾ ਦਵਾਈ।”ਉਸ ਨੇ ਸਭ ਦੇ ਕਮਰਿਆਂ ਦਾ ਦਰਵਾਜ਼ਾ ਵੀ ਖੜਕਾਇਆ ਪਰ ਕਿਸੇ ਨੇ ਬਜ਼ੁਰਗ ਦੀ ਸਾਰ ਨਾ ਲਈ । ਬੱਸ ਇੱਕ ਪੁੱਤ ਨੇ ਗੁੱਸੇ ‘ਚ ਆਵਾਜ਼ ਦਿੱਤੀ ‘ਬਾਪੂ ਥੱਕੇ ਪਏ ਆਂ ਸੌਣ ਦੇ ।’ ਥੱਕ- ਹਾਰ ਉਹ ਰਸੋਈ ‘ਚ ਗਿਆ ,ਚੱਲ ਦੁੱਧ ਹੀ ਪੀ ਲੈਂਦਾ ….. ਪਰ ਸਾਰੇ ਭਾਂਡੇ ਖ਼ਾਲੀ ਦੇਖ ਆਪਣੇ ਕਮਰੇ ਚ ਮੁੜ ਆਇਆ।

ਮੰਜੇ ਤੇ ਪੈਂਦੇ ਸਾਰ ਉਸ ਦੀ ਭੁੱਬ ਨਿਕਲ ਗਈ ,”ਸਾਰੀ ਉਮਰ ਇਨ੍ਹਾਂ ਲਈ ਕਮਾਇਆ……. ਮੇਰੇ ਪੁੱਤਰ ਜਦ ਛੋਟੇ ਸੀ ਤਾਂ ਇਨ੍ਹਾਂ ਚੋਂ ਜਦ ਕੋਈ ਰੋਟੀ ਨਹੀਂ ਸੀ ਖਾਂਦਾ ਤਾਂ ਅਸੀਂ ਆਦਮੀ- ਤੀਵੀਂ ਪਰਚਾ- ਵਰਚਾਅ ਕੇ ਕਹਾਣੀਆਂ ਸੁਣਾ -ਸੁਣਾ ਕੇ ਇਨ੍ਹਾਂ ਨੂੰ ਰੋਟੀ ਖੁਆਉਂਦੇ ਹੁੰਦੇ ਸੀ ਤਾਂਕਿ ਸਾਡੇ ਬੱਚੇ ਕਿਤੇ ਭੁੱਖੇ ਹੀ ਨਾ ਸੋ ਜਾਣ ……ਤੇ ਅੱਜ …….ਕਿਸੇ ਨੂੰ ਫਿਕਰ ਵੀ ਨਹੀਂ ਕਿ ਇਨ੍ਹਾਂ ਦਾ ਬੁੱਢਾ ਬਾਪ……. ਤੇ ਅਗਲੀ ਭੁੱਬ ਦੇ ਨਾਲ ਹੀ ਬਾਪੂ ਪ੍ਰਾਣ ਤਿਆਗ ਗਿਆ ।ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਤੇ ਸਭ ਪਾਸੇ ਸੰਨਾਟਾ ਸੀ।

ਮਨਪ੍ਰੀਤ ਕੌਰ ਭਾਟੀਆ
ਐਮ ਏ ,ਬੀ ਐੱਡ।
ਫਿਰੋਜ਼ਪੁਰ ਸ਼ਹਿਰ । 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੋਕੇ ਰਿਸ਼ਤੇ
Next articleਆਪਣੇ ਪਿਤਾ ਨੰਬਰਦਾਰ ਦਲਬੀਰ ਸਿੰਘ ਨੂੰ ਯਾਦ ਕਰਦਿਆਂ