ਬਿਰਧ ਆਸ਼ਰਮ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਰੁੱਖ ਸੁੱਕਣ ਤੇ ਜੜ੍ਹਾਂ ਚੋਂ ਲੋਕੀਂ ਵੱਡ ਦਿੰਦੇ ਨੇ,
ਕਿੱਲੇ ਬਣਾ ਕੇ ਪਸ਼ੂਆਂ ਦੇ ਲਈ ਗੱਡ ਦਿੰਦੇ ਨੇ
ਇਹੀ ਹਾਲ ਮੈਂ ਹੁੰਦਾ ਵੇਖਿਆ ਮਾਪਿਆਂ ਦਾ,
ਬਿਰਧ ਹੋਇਆਂ ਨੂੰ ਬਿਰਧ ਆਸ਼ਰਮ ਛੱਡ ਦਿੰਦੇ ਨੇ
ਖੰਘਦੇ ਥੁੱਕਦੇ ਹੁੰਗੇ ਮਾਰਦੇ ਚੰਗੇ ਨਹੀਂ ਲੱਗਦੇ
ਬੱਚਿਆਂ ਲਈ ਜੋ ਰਾਤਾਂ ਜਾਗ ਲਘਾਉੰਦੇ ਨੇ।
ਮਾਪਿਆਂ ਨੇ ਤਾਂ ਬੋਝ ਕਦੇ ਵੀ ਸਮਝਿਆ ਨਹੀਂ
ਬੱਚਿਆਂ ਨੂੰ ਫੇਰ ਬੋਝ ਨਜ਼ਰ ਕਿਉਂ ਆਉਂਦੇ ਨੇ

ਦੁੱਧਾਂ ਦੇ ਨਾਲ ਪਾਲੇ ਪੁੱਤ ਫੇਰ ਨਹੀਂ ਪਾਣੀ ਪੁੱਛਦੇ
ਬੋਲ ਨੂੰਹਾਂ ਦੇ ਫੱਟਾਂ ਵਰਗੇ ਰਹਿੰਦੇ ਨੇ ਦੁੱਖ ਦੇ
ਰੁੱਖੀ ਰੋਟੀ ਮੱਚ ਸੜ ਕੇ ਮੱਥੇ ਵਿੱਚ ਮਾਰਦੀਆੰ
ਆਪ ਮੁਹਾਰੇ ਬਹਿੰਦੇ ਆ ਫੇਰ ਹੰਝੂ ਨਹੀਂ ਰੁੱਕਦੇ
ਮੂੰਹ ਚੋਂ ਕੱਢ ਕੇ ਬੁਰਕੀ ਪਾਈ ਜਿਨ੍ਹਾਂ ਨੇ
ਉਨ੍ਹਾਂ ਕੋਲੋਂ ਬੱਚੇ ਚੀਜ਼ ਲਕੋਉੰਦੇ ਨੇ
ਮਾਪਿਆਂ ਨੇ ਤਾਂ ਬੋਝ ਕਦੇ ਵੀ ਸਮਝਿਆ ਨਹੀਂ
ਬੱਚਿਆਂ ਨੂੰ ਫੇਰ ਬੋਝ ਨਜ਼ਰ ਕਿਉਂ ਆਉਂਦੇ ਨੇ

ਜਨਮ ਦੇਣ ਵਾਲਿਆਂ ਦੀ ਮੌਤ ਉਡੀਕ ਦੇ ਨੇ
ਬੋਲਦਿਆਂ ਨੂੰ ਵੀ ਕਹਿੰਦੇ ਇਹ ਚੀਕ ਦੇ ਨੇ
ਘਰ ਜਮੀਨ ਚ ਵੰਡੀਆਂ ਤਾਂ ਚੱਲ ਪਾ ਲੈਂਦੇ
ਮਾਪਿਆਂ ਵਿੱਚ ਕਿਉਂ ਦੂਰੀ ਪੁੱਤ ਉਲੀਕ ਦੇ ਨੇ
ਵੀਰਪਾਲ ਭੱਠਲ” ਕਹੇ ਪੁੱਤ ਇਹੋ ਜਿਹੇ ਕੀ ਕਰਨੇ
ਜੋ ਇੱਕ ਦੂਜੇ ਨੂੰ ਮਿਲਣ ਲਈ ਦਰਸਾਉਂਦੇ ਨੇ
ਮਾਪਿਆਂ ਨੇ ਤਾਂ ਬੋਝ ਕਦੇ ਵੀ ਸਮਝਿਆ ਨਹੀਂ
ਬੱਚਿਆਂ ਨੂੰ ਫੇਰ ਬੋਝ ਨਜ਼ਰ ਕਿਉਂ ਆਉਂਦੇ ਨੇ

ਵੀਰਪਾਲ ਕੌਰ ਭੱਠਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲਾਂ ਦੇ ਰਾਹ
Next articleਮੁਰੀਦ ਹੋਈ