ਦਰਦ ਪ੍ਰਦੇਸਾਂ ਦੇ (ਮਿੰਨੀ ਕਹਾਣੀ)

ਹੈਪੀ ਸ਼ਾਹਕੋਟੀ
         (ਸਮਾਜ ਵੀਕਲੀ)
ਇੱਕੀ ਸਾਲ ਬਾਅਦ ਮੇਰਾ ਹਮਜਮਾਤੀ ਤਜਿੰਦਰ ਪਿਛਲੇ ਐਤਵਾਰ ਸ਼ਾਮੀ ਮੂੰਹ ਨ੍ਹੇਰੇ ਮੈਨੂੰ ਮਿਲਣ ਘਰ ਆਇਆ ।
“ਓਹ ਕੀ ਹਾਲ ਤਜਿੰਦਰ ?” ਮੈਂ ਹੱਥ ਮਿਲਾਉਣ ਤੋਂ ਬਾਅਦ ਕਲਾਵੇ ਚ ਲੈ ਕੇ ਪੁੱਛਿਆ |
“ਬੱਸ ਵਧੀਆ,ਤੂੰ ਸੁਣਾ। ਆਹ ਦਾੜੀ ਤੇਰੀ ਚ ਵੀ ਚਿੱਟੇ ਝਾਕਣ ਲੱਗ ਪਏ !” ਤਜਿੰਦਰ ਨੇ ਆਪਣਾ ਹਾਲ ਦੱਸ ਕੇ ਟਿੱਚਰ ਜਿਹੀ ਵਿੱਚ ਮੈਨੂੰ ਕਿਹਾ |
“ਓਹ ਇਹ ਤਾਂ ਮਿੱਤਰਾ ਸਮੇਂ ਦੇ ਰੰਗ ਹੁੰਦੇ, ਉਮਰ ਮੁਤਾਬਿਕ ਨਿਸ਼ਾਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ”, ਮੈਂ ਅਪਣੀ ਗੱਲ ਮੁਕਾ ਤਜਿੰਦਰ ਨੂੰ ਕੁਰਸੀ ਦਿੱਤੀ ਤੇ ਆਪ ਨੇੜੇ ਪਏ ਮੰਜੇ ਤੇ ਬੈਠ ਗਿਆ |
“ਹੋਰ ਸੁਣਾ ਤਜਿੰਦਰ ਘਰ ਪਰਿਵਾਰ ਕਿੱਦਾਂ ? ਕੰਮ ਕਾਰ ਕਿੱਦਾਂ ?ਹੁਣ ਤਾਂ ਤੂੰ ਪੁਰਾਣਾ ਕਨੈਡੀਅਨ ਹੋ ਗਿਆ ਅੱਧਾ ਕਨੇਡਾ ਤਾਂ ਵਲ ਲਿਆ ਹੋਣਾ?” ਅਪਣੀ ਆਦਤ ਅਨੁਸਾਰ ਮਸ਼ਕਰੀ ਜਿਹੀ ‘ਚ ਤਜਿੰਦਰ ਕੋਲ ਗੱਲ ਅੱਗੇ ਤੋਰਦੇ ਹੋਏ ਪੁੱਛਿਆ |
“ਰੁੱਖਾਂ ਨੂੰ ਨਹੀਂ ਲੱਗਦੇ ਉੱਥੇ ਭਰਾ, ਬੰਦੇ ਨੂੰ ਮਸ਼ੀਨ ਬਣਨਾ ਪੈਂਦਾ ਬਾਹਰ ਜਾ ਕੇ, ਤਾਂ ਕਿਤੇ ਚਾਰ ਛਿੱਲੜ ਹੱਥ ਤੇ ਧਰਦੇ ਅਗਲੇ |ਹਰ ਵੀਕ ਕਿਸ਼ਤਾਂ ਆ ਖੜਦੀਆਂ ਕਦੇ ਘਰ ਦੀ ਕਿਸ਼ਤ, ਕਦੇ ਕਾਰ ਦੀ ਕਿਸ਼ਤ, ਕਦੇ ਪਾਣੀ ਦਾ ਬਿੱਲ,ਬੱਚਿਆਂ ਦੀ ਸਟੱਡੀ ,ਕਦੇ ਗਰੋਸਰੀ ਮੁੱਕ ਗਈ |ਬੱਸ ਪੁੱਛ ਨਾ ਜੋ ਸੋਚ ਕੇ ਗਏ ਸੀ, ਓਹ ਕੁਝ ਨਹੀਂ ਲੱਭਾ ਇੱਕੀਆਂ ਸਾਲਾਂ ‘ਚ ਅਜੇ ਤੱਕ|” ਤਜਿੰਦਰ ਨੇ ਗੱਲ ਕਰਦੇ ਹੋਏ ਇੱਕ ਲੰਮਾ ਜਿਹਾ ਹਉਕਾ ਲਿਆ ਤੇ ਗੱਲ ਨੂੰ ਜ਼ਾਰੀ ਰੱਖਦੇ ਹੋਏ ਕਹਿਣ ਲੱਗਾ “…ਕੰਮ ਦੀ ਤਾਂ ਪੂਰੀ ਕਦਰ ਹੈ ਉੱਥੇ ਇਹ ਸਿਫ਼ਤ ਜ਼ਰੂਰ ਉਨ੍ਹਾਂ ਦੀ , ਜਿਹੋ ਜਿਹਾ ਕੰਮ ਉਹੋ ਜਿਹੇ ਡਾਲਰ |ਕੰਮ ਦੇ ਸਮੇਂ ਕੰਮ ਬੱਸ no talk no phone | ਤੁਸੀ ਤਾਂ ਨਜ਼ਾਰੇ ਲੈਨੇ ਇੰਡੀਆ ‘ਚ|”
ਫਿਰ ਵੀ ਯਰ ਜਹਾਜ ਭਰੇ ਜਾਂਦੇ ਬਾਹਰ ਵੱਲ ਜਮੀਨਾਂ ਜਾਇਦਾਦਾਂ ਵੇਚ ਬਾਹਰ ਤੁਰੀ ਜਾ ਰਹੇ ਸਾਰੇ ਆਖਿਰ ਕੁਝ ਤਾਂ ਹੋਊ ਉੱਥੇ ?”ਮੈਂ ਆਪਣਾ ਸਵਾਲ ਤਜਿੰਦਰ ਅੱਗੇ ਰੱਖਦੇ ਪੁੱਛਿਆ|
“ਬੱਸ ਭੇਡ ਚਾਲ, ਜਦੋਂ ਉੱਥੇ ਪੁਹੰਚ ਜਾਂਦੇ, ਫਿਰ ਲੂਣ ਤੇਲ ਦਾ ਭਾਅ ਪਤਾ ਲੱਗਦਾ|ਬਾਕੀ ਭਾਈ ਉਧਰਲੇ ਖ਼ਰਚੇ ਵੀ ਉਧਰਲੇ ਹਿਸਾਬ ਨਾਲ ਆ, ਇੰਡੀਆ ਆ ਕੇ ਜਰੂਰ ਸੱਠ ਗੁਣਾ ਹੋ ਜਾਂਦੇ | ਹੁਣ ਉਹ ਵੇਲੇ ਲੱਦੇ ਗਏ ਜਦੋਂ ਲੋਕ ਬਾਹਰ ਜਾ ਕੇ ਪੰਡਾ ਦੀਆਂ ਪੰਡਾ ਡਾਲਰਾਂ ਦੀਆਂ ਭੇਜ ਦਿੰਦੇ ਸੀ |”ਤਜਿੰਦਰ ਨੇ ਮੇਰੀ ਗੱਲ ਦਾ ਜਵਾਬ ਦਿੰਦੇ ਹੋਏ ਦੱਸਿਆ |
ਯਾਰ ਗੱਲ ਤਾਂ ਤੇਰੀ ਸਹੀ ਆ, ਬਾਹਰਲਾ ਕੀੜਾ ਜਿੰਨਾ ਅੰਦਰ ਹੁੰਦਾ ਬਾਹਰ ਜਾ ਕੇ ਹੀ ਨਿਕਲਦਾ |” ਮੈਂ ਤਜਿੰਦਰ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ |
“ਚੱਲ ਛੱਡ…..ਤੂੰ ਆਪਣੇ ਬਾਰੇ ਦੱਸ ਕੁਝ ਕੀ ਗਵਾਇਆ ਕੀ ਪਾਇਆ ਕਨੇਡਾ ਜਾ ਕੇ?”
“ਮਿੱਤਰ ਪਿਆਰੇ ਪਾਇਆ ਤਾਂ ਕੁਝ ਵੀ ਨਹੀਂ, ਜੇ ਕੁਝ ਪਾਉਣਾ ਹੁੰਦਾ ਅੱਠ ਕਿੱਲੇ ਜਮੀਨ ਦੇ ਸੀ, ਏਥੇ ਵੀ ਬਹੁਤ ਕੁਝ ਪਾ ਲੈਣਾ ਸੀ| struggle ਹੀ ਏਥੇ ਸੀ ਤੇ struggle ਹੀ ਉੱਥੇ |ਬੱਸ ਪਹਿਲਾਂ ਦੇ ਗਏ ਆਪਣੇ ਭਰਾਵਾਂ ਦੀ ਚਕਾਚੌਂਧ ਖਿੱਚ ਕੇ ਲੈ ਗਈ ਸੀ ਮੈਨੂੰ, ਸੋਚਦਾ ਸੀ ਖ਼ਬਰੇ ਕਨੇਡਾ ਤੰਗਲੀ ਨਾਲ ਡਾਲਰ ਕੱਠੇ ਕਰਦੇ ਹੋਣਗੇ | “
“ਹਾਂ ਗਵਾਇਆ ਬਹੁਤ ਕੁਝ ਮੈਂ ਯਰ…..ਬੱਤੀ ਲੱਖ ਕੋਠੀ ਤੇ ਲਾ ਕੇ, ਮੁਫ਼ਤ ਚ ਟੱਬਰ ਰੱਖਿਆ ਤਾਂ ਜੋ ਸਫਾਈ ਹੁੰਦੀ ਰਹੇ |ਬੱਚੇ ਮੇਰੇ ਪੰਜਾਬ ਪੰਜਾਬੀ ਨਾਲੋਂ ਟੁੱਟ ਕੇ ਉਧਰਲੇ ਕਲਚਰ ਵਿੱਚ ਰਚ ਮਿਚ ਗਏ |ਦਾਦਿਆਂ ਪੜਦਾਦਿਆਂ ਦੀ ਵਿਰਾਸਤ ਚੋਂ ਮਿਲੀ ਜਮੀਨ ਵਾਹੁਣ ਲਈ ਆਪਣੇ ਪਿੰਡ ਦੇ ਹੀ ਜਿਮੀਦਾਰ ਨੂੰ ਦਿੱਤੀ, ਗਾਂਹ ਸਾਡੇ ਨਿਆਣਿਆ ਨੂੰ ਕੀ ਭਾਅ ਇਨ੍ਹਾਂ ਜਮੀਨਾਂ ਨਾਲ |ਅਸੀਂ ਤਾਂ ਹਰ ਸਾਲ ਠੇਕਾ ਲੈਣ ਆ ਜਾਈਦਾ ਪਿੰਡ ਤੇ ਨਵੇਂ ਵਰੇ ਲਈ ਇਕਰਾਰਨਾਮਾ ਲਿਖਵਾ ਲਈਦਾ ਕਿਉਂਕਿ ਬਾਹਰ ਬੈਠਿਆ ਨੂੰ ਕਬਜ਼ੇ ਦਾ ਧੁੜਕੂ ਵੀ ਲੱਗਿਆ ਰਹਿੰਦਾ| ਪਰ ਬੱਚਿਆਂ ਦਾ ਏਧਰ  ਕੋਈ ਮੋਹ ਤੇਹ ਨਾ ਦੇਖਦੇ ਹੋਏ ਮੈਨੂੰ ਹੱਥੀਂ ਵੇਚਣੀ ਪੈਣੀ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ ਪੈਲ਼ੀ | ਮੇਰੇ ਤੋਂ ਵੱਡਾ ਬਦਨਸੀਬ ਹੋਰ ਕਿਹੜਾ ਹੋਵੇਗਾ, ਜੀਹਨੇ ਮੈਨੂੰ ਪਾਲਿਆ, ਪੜ੍ਹਾਇਆ-ਲਿਖਾਇਆ,ਮੈਨੂੰ ਪੈਰਾਂ ਸਿਰ ਕੀਤਾ, ਮੇਰਾ ਆਇਡਲ, ਮੇਰਾ ਸੂਰਮਾ ਬਾਪ, ਜੀਹਦਾ ਮੂੰਹ ਵੀ ਮੈਂ ਸਿਵਿਆਂ ਚ ਫੋਨ ਤੇ ਵੀਡੀਓ ਕਾਲ ਕਰ ਕੇ ਦੇਖਿਆ ਸੀ, ਦੱਸ ਹੋਰ ਕੀ ਗਵਾਉਣ ਲਈ ਰਹਿ ਗਿਆ |”
ਅੱਖਾਂ ਭਰਦਾ ਹੋਇਆ ਤਜਿੰਦਰ ਇਕਦਮ ਕੁਰਸੀ ਤੋਂ ਉੱਠਿਆ ਰੁਮਾਲ ਨਾਲ ਹੰਝੂ ਪੂੰਝਦਾ ਹੋਇਆ ਬੋਲਿਆ,”ਹਰਦੂ ਲਾਹਨਤ ਇਹੋ ਜਿਹੀਆਂ ਕਮਾਈਆਂ ਦੇ, ਫਿੱਟੇ ਮੂੰਹ ਮੇਰੇ ਜੀਹਨੂੰ ਅੰਤਿਮ ਯਾਤਰਾ ਤੇ ਜਾ ਰਹੇ ਆਪਣੇ ਪਿਓ ਨੂੰ ਮੋਢਾ ਦੇਣਾ ਵੀ ਨਸੀਬ ਨਾ ਹੋਇਆ |”
ਹੈਪੀ ਸ਼ਾਹਕੋਟੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਲਿਤ ਦੇਸ਼ ਦੇ ਉੱਚੇ ਲੋਗ
Next articleਆਓ ਸਿੱਖੀਏ ਫਾਰਮੂਲੇ