“ਨੰਬਰਦਾਰ ਸਾਬ੍ਹ”

ਅਸ਼ੋਕ ਸੋਨੀ
(ਸਮਾਜ ਵੀਕਲੀ) ਜੈਸਮੀਨ ਨੇ ਇਸੇ ਸਾਲ, ਸਾਡੇ ਸਰਕਾਰੀ ਮਿਡਲ ਸਕੂਲ ਚ ਅੱਠਵੀਂ ਚ ਦਾਖਲਾ ਲਿਆ ਸੀ। ਜੈਸਮੀਨ ਦਾ ਦਾਦਾ ਨੰਬਰਦਾਰ ਗੁਰਦੇਵ ਸਿੰਘ, ਸੱਤਾਧਾਰੀ ਪਾਰਟੀ ਦਾ ਸੀਨੀਅਰ ਲੀਡਰ ਹੋਣ ਦੇ ਨਾਲ-ਨਾਲ,ਬਹੁਤ ਪ੍ਰਭਾਵਸ਼ਾਲੀ ਬੁਲਾਰਾ, ਤੇ ਧਾਰਮਿਕ ਸਮਾਗਮਾਂ ਤੇ ਗੁਰਦੁਆਰੇ ਚ ਪ੍ਰਵਚਨ ਨਾਲ ਸਮਾਂ ਬੰਨਣ ਵਾਲਾ ਜਾਣਿਆ-ਪਛਾਣਿਆ ਨਾਮ ਸੀ।ਮੇਰੇ ਹੀ ਸਕੂਲ ਚ ਸਾਥੀ ਅਧਿਆਪਕ ਸ ‘ਰਵਿੰਦਰ ਸਿੰਘ ਰਸ’,ਜੋ ਬਹੁਤ ਈ ਸੰਵੇਦਨਸ਼ੀਲ ਇਨਸਾਨ ਤੇ ਵਧੀਆ ਲੇਖਕ ਨੇ, ਨੰਬਰਦਾਰ ਸਾਬ੍ਹ ਤੋਂ ਕਾਫੀ ਪ੍ਰਭਾਵਿਤ ਸਨ, ਇਸੇ ਲਈ ਅਕਸਰ ਈ ਨੰਬਰਦਾਰ ਸਾਬ੍ਹ ਆਪਣੀ ਐਕਟਿਵਾ ਤੇ ਰਵਿੰਦਰ ਕੋਲ ਵਿਚਾਰ ਚਰਚਾ ਕਰਨ ਆਉਂਦੇ ਰਹਿੰਦੇ ਸਨ।
ਜਦੋਂ ਜੈਸਮੀਨ ਨੂੰ ਸਕੂਲ ਦਾਖਲ ਕਰਵਾਇਆ ਤਾਂ ਇਸ ਗੱਲ ਦਾ  ਪ੍ਰਚਾਰ ਵੀ ਹੋਇਆ,ਜਾਂ ਨੰਬਰਦਾਰ ਸਾਬ੍ਹ ਵਲੋਂ ਕਰਵਾਇਆ ਗਿਆ। ਮੈਨੂੰ ਕਈ ਮਹੀਨਿਆਂ ਬਾਅਦ ਜੈਸਮੀਨ ਦੇ ਸਾਬਕਾ ਪ੍ਰਾਈਵੇਟ ਸਕੂਲ ਦੀ ਮੁੱਖ ਅਧਿਆਪਕਾ ਨੇ ਫੋਨ ਤੇ ਦੱਸਿਆ ਕਿ ਨੰਬਰਦਾਰ ਸਾਬ੍ਹ ਉਹਨਾਂ ਦੀ ਢਾਈ ਕੁ ਸਾਲਾਂ ਦੀ ਫੀਸ ਜੋ ਕੋਈ ਪੰਜਾਹ ਹਜ਼ਾਰ ਬਣਦੀ ਸੀ, ਨੱਪ ਚੁੱਕੇ ਸਨ। ਮੈਂ ਜਦੋਂ ਆਹ ਗੱਲ ਸਟਾਫ ਚ ਕੀਤੀ ਤਾਂ ਰਵਿੰਦਰ ਸਿੰਘ ਦਾ ਦਰਦ ਬਾਹਰ ਆ ਗਿਆ,” ਨੰਬਰਦਾਰ ਸਾਬ੍ਹ, ਮੈਨੂੰ ਵੀ ਵੀਹ ਹਜ਼ਾਰ ਦਾ ਥੁੱਕ ਲਾ ਚੁੱਕੇ ਨੇ”।
ਅਸਲ ਚ ਨੰਬਰਦਾਰ ਸਾਬ੍ਹ ਨੇ ਇਕ ਦਿਨ ਰਵਿੰਦਰ ਨੂੰ ਕਿਹਾ,” ਮਾਸਟਰ ਜੀ ,ਮੈਂ ਪੰਜਾਬ ਚ ਸਮਾਜਿਕ ਚੇਤਨਾ ਦੇ ਵਿਸ਼ੇ ਤੇ ਇਕ ਕਿਤਾਬ ਦਾ ਖਰੜਾ ਤਿਆਰ ਕਰ ਲਿਆ ਏ ਤੇ ਇਸ ਕਿਤਾਬ ਦੀ ਭੂਮਿਕਾ ਲਿਖਣ ਲਈ, ਮੈਂਨੂੰ ਕਈ ਵੱਡੇ-ਵੱਡੇ ਲੇਖਕਾਂ ਨੇ ਭੂਮਿਕਾ ਲਿਖ ਕੇ ਭੇਜੀ ਪਰ ਓ ਗੱਲ੍ਹ ਨੀਂ ਬਣੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਕਿਤਾਬ ਦੀ ਭੂਮਿਕਾ ਲਿਖੋ”। ਲਓ ਜੀ, ਸਾਫ ਦਿੱਲ, ਇਮਾਨਦਾਰ ਮਾਸਟਰ ਜੀ ਨੂੰ ਚਾਅ ਚੜ੍ਹ ਗਿਆ, ਤੇ ਨੰਬਰਦਾਰ ਸਾਬ੍ਹ ਨੇ ਲੋਹਾ ਗਰਮ ਵੇਖ ਹਥੌੜਾ ਠੋਕਦਿਆਂ,ਵੀਹ ਹਜ਼ਾਰ ਰੁਪਈਆ ਦਸ ਕੁ ਦਿਨਾਂ ਲਈ ਉਧਾਰਾ ਮੰਗਿਆਂ ਤੇ ਮਾਸਟਰ ਜੀ ਨੇ ਝੱਟ ਦੇ ਮਾਰਿਆ। ਮੁੜਕੇ ਤਿੰਨ ਮਹੀਨੇ ਤੱਕ ਨਾਂ ਤਾਂ ਨੰਬਰਦਾਰ ਸਾਬ੍ਹ ਬਹੁੜੇ ਤੇ ਨਾਂ ਕੋਈ ਕਿਤਾਬ।ਮਾਸਟਰ ਜੀ, ਗੇੜੇ ਮਾਰਦੇ ਰਹੇ ਤੇ ਨੰਬਰਦਾਰ ਸਾਬ੍ਹ ਤਰੀਕ ਤੇ ਤਰੀਕ ਦਿੰਦੇ ਰਹੇ,ਅਖੀਰ ਲੰਮੇ ਲਾਰੇ-ਲੱਪੇ ਤੋਂ ਬਾਅਦ, ਇਕ ਦਿਨ ਸ਼ਬਦਾਂ ਦੇ ਜਾਦੂਗਰ ਨੰਬਰਦਾਰ ਸਾਬ੍ਹ ਸਾਫ ਈ ਕਹਿੰਦੇ,”ਮੇਰੀ ਜ਼ੁਬਾਨ, ਮੇਰੇ ਲਫਜ਼ਾਂ ਦਾ ਸਾਥ ਨਹੀਂ ਦੇ ਰਹੀ। ਮੈਂ ਲਾਲੇਆਂ-ਲੂਲੇਆਂ ਦੇ ਤਾਂ ਬੜੇ ਮਾਰੇ ਨੇਂ,ਪਰ ਤੁਹਾਡੇ ਜਰੂਰ ਮੋੜੂਂਗਾ, ਗੇੜੇ ਮਾਰਨੇ ਛੱਡ ਦਿਓ”। ਥੋੜਾ ਅੱਗੇ ਆਏ ਤਾਂ ਨੰਬਰਦਾਰ ਸਾਬ੍ਹ ਦਾ ਪੜੋਸੀ ਰਾਜਾ ਅਮਲੀ,ਖੱਚਰਾ ਜਿਹਾ ਹਾਸਾ ਹੱਸ ਕੇ ਹੋਲੀ ਜਿਹੀ ਕਹਿੰਦਾ ,”ਮਾਸਟਰ ਜੀ, ਪੈਸੇ ਦੇਣ ਲੱਗਿਆਂ, ਇਕ ਜੀਰੋ ਵੱਧ ਲਾਤੀ”। ਉਹ ਪੈਸੇ ਵਾਪਸ ਨਾਂ ਆਏ।
ਲੋਕ ਡਾਊਨ ਤੋਂ ਬਾਅਦ ਸਕੂਲ ਖੁਲ੍ਹ ਗਏ। ਸਾਡੇ ਸਕੂਲ ਚ ਮਿਡ ਡੇਅ ਮੀਲ ਬਹੁਤ ਵਧੀਆ ਚੱਲਦਾ ਏ, ਪਰ ਮੈਂ ਅੱਧੀ ਛੁੱਟੀ ਦੌਰਾਨ ਵੇਖਿਆ ਕਿ ਜੈਸਮੀਨ ਜਮਾਤ ਵਿੱਚ ਇਕੱਲੀ ਬੈਠ, ਆਪਣੇ ਟਿਫਨ ਚੋਂ ਖਾਣਾ ਖਾ ਰਹੀ ਏ, ਜਦੋਂ ਮੈਂ ਇਸ ਦਾ ਕਾਰਨ ਪੁੱਛਿਆ ਤਾਂ ਜੈਸਮੀਨ ਕਹਿੰਦੀ, “ਅਸੀਂ ,,,, ਹੁਨੇ ਆਂ ਸਰ ਜੀ, ਮੈਂ ਇਹਨਾਂ ਨਾਲ ਖਾਣਾ ਥੋੜੀ ਖਾਵਾਂਗੀ”। ਮੈਨੂੰ ਬਹੁਤ ਧੱਕਾ ਲੱਗਿਆ ਤੇ ਮੈਂ ਜੈਸਮੀਨ ਨੂੰ ਝਿੜਕਿਆ। ਮੈਂ ਨੰਬਰਦਾਰ ਸਾਬ੍ਹ ਨੂੰ ਤੁਰੰਤ ਸਕੂਲ ਬੁਲਾਇਆ,ਨੰਬਰਦਾਰ ਸਾਬ੍ਹ ਆਪਣੀ ਚਿੱਟੀ ਐਕਟਿਵਾ ਤੇ ਆਣ ਪਹੁੰਚੇ।
ਜਦੋਂ ਮੈਂ ਗੱਲ ਦੱਸੀਂ ਤਾਂ ਨੰਬਰਦਾਰ ਸਾਬ੍ਹ ਕਹਿੰਦੇ “ਮਾਸਟਰ ਜੀ, ਆਹ ਕਿਡੀ ਕੁ ਗੱਲ ਏ,ਮੇਰਾ ਤਾਂ ਧਾਰਮਿਕ ਸਮਾਗਮ ਚੱਲ ਰਿਹਾ ਸੀ, ਤੁਸੀਂ ਇਕਦਮ ਬੁਲਾ ਲਿਆ, ਬਾਕੀ ਸਰਕਾਰਾਂ ਨੇਂ ਸਾਨੂੰ ਜਮਾਂ ਈ ਨੀਂਵਾ ਤਾ ਕਰਤਾ ਏ, ਹੁਣ ਤੁਸੀਂ ਇੰਨਾ ਕੁ ਵਿੱਥ ਤਾਂ ਰਹਿਣ ਦਿਓ, ਤੁਸੀਂ ਤਾਂ ਆਪ ਸੁਨਿਆਰੇ ਜੇ, ਉੱਚੀ ਜਾਤ ਓ, ਜੁੱਤੀਆਂ ਨੂੰ ਸਿਰ ਤੇ ਨ੍ਹੀਂ ਰਖੀਦਾ ਹੁੰਦਾ। ਨਾਲੇ ਮਾਸਟਰ ਜੀ, ਤੁਹਾਨੂੰ ਪਤਾ ਸਾਡੀ ਸਰਕਾਰ,ਸਰਕਾਰੀ ਸਕੂਲਾਂ ਦੀ ਕਿੱਡੀ ਮਸ਼ਹੂਰੀ ਕਰ ਰਹੀ ਏ, ਮੈਂ ਵੀ ਤਾਂ ਕਰਕੇ ਈ, ਕੁੜੀ ਨੂੰ ਈ, ਸਰਕਾਰੀ ਸਕੂਲ ਚ ਲਾਇਆ ਏ, ਕੇ ਮੰਤਰੀ ਸਾਬ੍ਹ ਦੇ ਦਿਲ ਚ ਥਾਂ ਬਣਾਈਏ ਤੇ ਬਲਾਕ ਸੰਮਤੀ ਦੀ ਚੌਣ ਚ ਟਿਕਟ ਪੱਕੀ ਹੋਜੇ, ਬਾਕੀ ਮੇਰੇ ਤਿੰਨੇ ਪੋਤੇ ਸ਼ਹਿਰ ਕੌਨਵੈਂਟ ਚ ਈ ਨੇ “।
“ਨੰਬਰਦਾਰ ਸਾਬ੍ਹ, ਤੁਹਾਡੀ ਉਮਰ ਦਾ ਲਿਹਾਜ਼ ਕਰਦਾ ਹਾਂ, ਇਸ ਕਰਕੇ ਤੁਹਾਨੂੰ ਧੱਕੇ ਮਾਰ ਕੇ ਨਹੀਂ ਕੱਢ ਰਿਹਾ, ਗੇਟ ਆਉਟ”। ਲੰਡੂ ਜਿਹੀ ਬਦਲੀ ਦੀ ਧਮਕੀ ਮਾਰ, ਬੇਸ਼ਰਮੀ ਤੋਂ ਲਬਰੇਜ ਨੰਬਰਦਾਰ ਸਾਬ੍ਹ ਐਕਟਿਵਾ ਤੇ ਸਿੱਧੇ ਸਮਾਗਮ ਚ ਪਹੁੰਚ, ਸੰਬੋਧਨ ਕਰਨ ਲੱਗੇ ਤੇ ਲਾਊਡ ਸਪੀਕਰ ਰਾਹੀਂ ਨੰਬਰਦਾਰ ਸਾਬ੍ਹ ਦੀ ਪ੍ਰਭਾਵਸ਼ਾਲੀ ਆਵਾਜ਼ ਚ ਸਾਡੇ ਕੰਨਾਂ ਚ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਸ਼ਲੋਕ ਪੈ ਰਹੇ ਸਨ,,
ਜਾਤਿ ਕਾ ਗਰਬੁ ਨ ਕਰੀਅਹਿ ਕੋਈ॥
ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ॥
ਜਾਤਿ ਕਾ ਗਰੁਬ ਨਾ ਕਰਿ ਮੂਰਖ ਗਵਾਰਾ॥
ਇਸ ਗਰਬ ਤੇ ਚਲਹਿ ਬਹੁਤ ਵਿਕਾਰਾ॥
ਅਸ਼ੋਕ ਸੋਨੀ ਪਿੰਡ ਖੂਈ ਖੇੜਾ 
ਫਾਜ਼ਿਲਕਾ, ਪੰਜਾਬ 
9872705078
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੰਵਰ ਗਰੇਵਾਲ, ਭੋਲਾ ਯਮਲਾ, ਗੁਰਲੇਜ ਅਖ਼ਤਰ ਤੇ ਅਫ਼ਸਾਨਾ ਖਾਨ ‘ਤੀਆਂ ਦੇ ਮੇਲੇ’ ਤੇ ਬੰਨਣਗੇ ਰੰਗ – ਡਿਪਟੀ ਕਮਿਸ਼ਨਰ
Next article“ਬਿੱਲੀ ਰਸਤਾ ਕੱਟ ਗਈ”