(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਹੌਲੀ ਹੌਲੀ ਇਸ ਕਦਰ ਵਹਿੰਦਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਤੋਂ ਬਿਨਾਂ ਬਾਹਰਲੇ ਰਾਜਾਂ ਦੇ ਪ੍ਰਵਾਸੀ ਮਜ਼ਦੂਰ ਆਦਿ ਨਸ਼ਿਆਂ ਦੇ ਕਾਰੋਬਾਰ ਵਿੱਚ ਹੱਥ ਰੰਗਦੇ ਅਕਸਰ ਹੀ ਨਜ਼ਰ ਆਉਂਦੇ ਸਨ ਪਰ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਨਸ਼ਿਆਂ ਦੀ ਤਸਕਰੀ ਦੇ ਵਿੱਚ ਹੁਣ ਗੁੱਜਰ ਵੀ ਸ਼ਾਮਿਲ ਹੋ ਗਏ ਹਨ। ਉਹ ਗੁੱਜਰ ਜੋ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਮੱਝਾਂ ਰੱਖ ਕੇ ਦੁੱਧ ਦਾ ਕੰਮ ਕਰਦੇ ਹਨ ਤੇ ਹੁਣ ਇਹਨਾਂ ਵਿੱਚੋਂ ਵੀ ਕੁਝ ਲੋਕ ਨਸ਼ਿਆਂ ਦੇ ਤਸਕਰ ਬਣ ਗਏ ਹਨ।
ਅਜਿਹਾ ਹੀ ਮਾਮਲਾ ਅੱਜ ਜਲੰਧਰ ਦੇ ਟਾਂਡਾ ਇਲਾਕੇ ਵਿੱਚੋਂ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗੁਜਰ ਕੋਲੋਂ ਛਾਪੇਮਾਰੀ ਦੌਰਾਨ ਕਰੀਬ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੋਈ ਹੈ ਜਿਸ ਦੀ ਕੀਮਤ ਕਈ ਕਰੋੜ ਰੁਪਏ ਬਣਦੀ ਹੈ। ਮੌਕੇ ਉੱਤੇ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਅਨੁਸਾਰ ਐਸਟੀਐਫ ਜਲੰਧਰ ਟੀਮ ਦੇ ਇੰਚਾਰਜ ਡੀ ਐਸ ਪੀ ਜੋਗੇਸ਼ ਕੁਮਾਰ ਨੇ ਦੱਸਿਆ ਕਿ ਐਸ ਟੀ ਐਫ ਜਲੰਧਰ ਦੀ ਟੀਮ ਦੇ ਏ ਐਸ ਆਈ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਸਬੰਧੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਖ਼ਾਸ ਮੁੱਖਬਰ ਰਾਹੀਂ ਪਤਾ ਲੱਗਾ ਤਾਂ ਮਾਰੂਤੀ ਏਜੰਸੀ ਨੇੜੇ ਬਣੀ ਕਲੋਨੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇਕ ਗੁੱਜਰ ਦੀ ਕੁੱਲੀ ਉੱਤੇ ਛਾਪੇਮਾਰੀ ਕੀਤੀ ਤਾਂ ਛਾਪੇਮਾਰੀ ਦੌਰਾਨ ਕੁੱਲੀ ਵਿੱਚ ਰੱਖੇ ਹੋਏ ਬੈਗ ਵਿੱਚ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੀ ਕੀਮਤ ਸੱਤ ਕਰੋੜ ਰੁਪਏ ਤੋਂ ਉੱਪਰ ਬਣਦੀ ਹੈ ਤੇ ਇਸ ਗੁੱਜਰ ਦਾ ਨਾਂ ਰਾਂਝਾ ਦੱਸਿਆ ਜਾ ਰਿਹਾ ਹੈ ਹੈ ਜਿਸ ਵੱਲੋਂ ਮੱਝਾਂ ਰੱਖ ਕੇ ਦੁੱਧ ਦੀ ਆੜ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਹੈ ਪੁਲਿਸ ਅਨੁਸਾਰ ਆਪਣੇ ਆਪ ਵਿੱਚ ਇਹ ਪੰਜਾਬ ਵਿੱਚ ਪਹਿਲਾ ਅਜਿਹਾ ਮਾਮਲਾ ਹੈ ਕਿ ਨਸ਼ਿਆਂ ਦੇ ਵਿੱਚ ਗੁਜਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀ ਅਨੁਸਾਰ ਇਹ ਸਾਰਾ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਲਿਆ ਕੇ ਫੜੇ ਗਏ ਗੁੱਜਰ ਤੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਸਦੇ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਕਿਸੇ ਵੱਡੇ ਨਸ਼ੇ ਦੇ ਗਰੁੱਪ ਨਾਲ ਸਬੰਧ ਹੋਣਗੇ ਜਿਸ ਨੇ ਏਨੀ ਹੈਰੋਇਨ ਆਪਣੀ ਕੁੱਲੀ ਦੇ ਵਿੱਚ ਰੱਖੀ ਹੋਈ ਸੀ। ਉਸ ਤੋਂ ਇਹ ਪੁਛ ਪੜਤਾਲ ਕੀਤੀ ਜਾਵੇਗੀ ਕਿ ਉਸਨੇ ਇਹ ਨਸ਼ਾ ਕਿੱਥੋਂ ਲਿਆਂਦਾ ਕਿਸ ਨੂੰ ਦੇਣਾ ਸੀ ਤੇ ਪਹਿਲਾਂ ਕਿੰਨੀ ਵਾਰ ਇਹੋ ਜਿਹੇ ਨਸ਼ਿਆਂ ਦੀ ਸਪਲਾਈ ਉਹ ਕਰ ਚੁੱਕਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly