HOME ” ਨਾਵਲ ਜਿਗਰੀ ਰਾਹੀਂ ਰਿੱਛ ਜਾਤੀ ਬਾਰੇ ਮਿਲਦੀ ਭਰਪੂਰ ਜਾਣਕਾਰੀ”

” ਨਾਵਲ ਜਿਗਰੀ ਰਾਹੀਂ ਰਿੱਛ ਜਾਤੀ ਬਾਰੇ ਮਿਲਦੀ ਭਰਪੂਰ ਜਾਣਕਾਰੀ”

ਪੁਸਤਕ ਦਾ ਨਾਂ –         ਜਿਗਰੀ (ਤੇਲਗੂ ਨਾਵਲ)
ਨਾਵਲਕਾਰ –             ਪੀ. ਅਸ਼ੋਕ ਕੁਮਾਰ
ਅਨੁਵਾਦ –                 ਤਰਸੇਮ
ਪੰਨੇ –                       104   ਕੀਮਤ – 300/- ਰੁਪਏ
ਪ੍ਰਕਾਸ਼ਕ –                 ਨਵਯੁੱਗ ਪਬਲਿਸ਼ਰਸ , ਨਵੀਂ ਦਿੱਲੀ।
ਰਿਵਿਊਕਾਰ –            ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

 (ਸਮਾਜ ਵੀਕਲੀ)    ਤਰਸੇਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਤਰਸੇਮ ਕਵੀ, ਬਾਲ ਸਾਹਿਤਕਾਰ, ਅਨੁਵਾਦਕ ਹੈ। ਉਸਨੇ ਹਥਲਾ ਨਾਵਲ ” ਜਿਗਰੀ ” ਪੀ. ਅਸ਼ੋਕ ਕੁਮਾਰ ਦੇ ਤੇਲਗੂ ਨਾਵਲ ਦਾ ਪੰਜਾਬੀ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਨਾਲ ਸਾਂਝਾ ਕੀਤਾ ਹੈ। ਭਾਵੇਂ ਨਾਵਲ ਦੀ ਪਹਿਲੀ ਦਿੱਖ ਤੋਂ ਇਹ ਬਾਲ ਨਾਵਲ ਲਗਦਾ ਹੈ ਪਰ ਮਨੁੱਖ ਦਾ ਜਾਨਵਰਾਂ ਨਾਲ ਪ੍ਰੇਮ, ਉਹਨਾਂ ਤੋਂ ਕੰਮ ਕਰਵਾ ਕੇ ਆਪਣੇ ਗੁਜ਼ਾਰੇ ਲਈ ਆਮਦਨ ਦਾ ਵਸੀਲਾ ਵੀ ਬਣਦਾ ਦਿਖਾਇਆ ਹੈ। ਨਾਵਲ ਦਾ ਮਨੁੱਖੀ ਮੁੱਖ ਪਾਤਰ ਇਮਾਮ ਅਤੇ ਜਾਨਵਰਾਂ ਵਿਚੋਂ ਸਾਦੁਲ (ਰਿੱਛ) ਹੈ।
ਇਸ ਨਾਵਲ ਵਿਚੋਂ ਲੰਘਦਿਆਂ ਮਦਾਰੀ ਇਮਾਮ ਦੀ ਪਤਨੀ ਬੀਬੰਮਾ, ਪੁੱਤਰ ਚਾਂਦ ਸਹਿ ਪਾਤਰ ਹਨ। ਲੋਕਾਂ ਭਾਣੇ ਇਮਾਮ ਰਿੱਛ ਵਾਲਾ ਜਾਂ ਫ਼ਕੀਰ ਮੀਆਂ ਹੈ। ਚਾਂਦ ਅਤੇ ਸਾਦੁਲ ਦਾ ਵੀਹ ਸਾਲ ਪੁਰਾਣਾ ਵਾਸਤਾ ਹੈ ਜਿਸ ਨੂੰ ਇਮਾਮ ਦੀ ਘਰਵਾਲੀ ਬੇਟਾ ਹੀ ਸਮਝਦੀ ਹੈ ਅਤੇ ਆਪਣਾ ਦੁੱਧ ਪਿਲਾ ਕੇ ਪਾਲਦੀ ਹੈ। ਮੰਡਲ ਰੇਵਨਿਊ ਅਫਸਰ ਵਲੋ ਉਹਨਾਂ ਨੂੰ ਦੋ ਏਕੜ ਜ਼ਮੀਨ ਮਿਲਣੀ ਹੈ ਪਰ ਸ਼ਰਤ ਇਹ ਹੈ ਕਿ ਉਹਨਾਂ ਕੋਲ ਰਿੱਛ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਇਮਾਮ ਉਸ ਨੂੰ ਵੇਚਣ ਲਈ ਸ਼ਹਿਰ ਲੈਕੇ ਜਾਂਦਾ ਹੈ ਪਰ ਵਾਪਿਸ ਆ ਜਾਂਦਾ ਹੈ। ਭਾਵੇਂ ਕੋਈ ਇਨਸਾਨ ਹੋਵੇ ਜਾਂ ਜਾਨਵਰ ਜਿਹੜਾ ਕਰੀਬ ਵੀਹ ਸਾਲ ਨਾਲ ਰਿਹਾ ਹੋਵੇ ਉਸ ਨੂੰ ਛੱਡਣਾ ਬੜਾ ਔਖਾ ਜਾਪਦਾ ਹੈ। ਇਸੇ ਕਰਕੇ ਪਿਓ ਪੁੱਤਰ ਵਿਚ ਤਕਰਾਰ ਹੋ ਜਾਂਦੀ ਹੈ ਅਤੇ ਪੁੱਤਰ ਚਾਂਦ ਜਮੀਨ ਲਈ ਉਸ ਨੂੰ ਜ਼ਮੀਨ ਵਿਚ ਦੱਬਣਾ ਚਾਹੁੰਦਾ ਹੈ ਜਿਸ ਤੋਂ ਇਮਾਮ ਦੁੱਖੀ ਹੈ।
ਇਮਾਮ ਦਾ ਰਿੱਛਾਂ ਦੇ ਖੇਡੇ ਪਾਉਣੇ ਪਿਤਾ ਪੁਰਖੀ ਕੰਮ ਹੈਂ। ਬੀਬੰਮਾ ਦੇ ਪੇਕਿਆਂ ਦੇ ਰਿੱਛ ਦੀ ਗੱਲ ਵੀ ਚੱਲਦੀ ਹੈ ਕਿ ਇਕਵਾਰ ਮੀਂਹ ਕਾਰਨ ਉਸਦੇ ਪਿਤਾ ਰਸੂਲ ਅਤੇ ਰਿੱਛ ਨੂੰ ਗ੍ਰਾਮ ਦੇਵਤਾ ਯਾਲਮਾ ਦੇ ਮੰਦਰ ਵਿਚ ਰੁਕਣਾ ਪਿਆ ਪਰ ਉਸ ਦੇ ਮਲ ਮੂਤਰ ਕਾਰਨ ਮੰਦਰ ਅਪਵਿੱਤਰ ਮੰਨਿਆ ਗਿਆ। ਰਿੱਛ ਦੇ ਹਲਕਣ   ਕਾਰਨ ਉਸ ਨੂੰ ਮਾਰਨਾ ਪਿਆ। ਸਾਦੂਲ ਨੂੰ ਸਿੱਖਣ ਲਈ ਛੇ ਮਹੀਨੇ ਲਗੇ। ਉਹਨਾਂ ਲੋਕਾਂ ਲਈ ਰਿੱਛ ਤ੍ਰੇਤਾ ਯੁੱਗ ‘ ਚ ਰਾਮ ਦਾ ਮੰਤਰੀ ਅਤੇ ਦਵਾਪਰ ਯੁੱਗ ‘ ਚ ਕ੍ਰਿਸ਼ਨ ਦੇ ਨਾਲ ਹੋਏ ਦਵੰਦ ਯੁੱਧ ਵਿੱਚ ਹਾਰਨ ਬਾਅਦ ਆਪਣੀ ਪੁੱਤਰੀ ਜਾਂਬਵਤੀ ਦੇ ਨਾਲ ਰੋਜ ਸੋਨਾ ਦੇਣ ਅਤੇ ਸੰਕਟਾਂ ਤੋਂ ਰੱਖਿਆ ਕਰਨ ਦੀ ਸ਼ਕਤੀ ਰੱਖਣ ਵਾਲੀ ਸਾਯਮੰਤਕ ਮਣੀ ਅਰਪਿਤ ਕਰਨ ਵਾਲੇ ਜਾਂਬਵਾਨ ਦਾ ਪ੍ਰਤੀ ਰੂਪ ਅਤੇ ਸ਼ਕਤੀ ਦਾ ਪ੍ਰਤੀਕ ਹੈ।
ਨਾਵਲ ਵਿਚ ਆਇਆ ਹੈ ਕਿ ਅਕਾਲ ਸਮੇਂ ਵੀ ਸਾਦੁਲ ਦੇ ਖੇਡਿਆ ਨਾਲ ਉਹਨਾਂ ਦੇ ਪਰਿਵਾਰ ਦਾ ਢਿੱਡ ਭਰਦਾ ਰਿਹਾ। ਰਿੱਛ ਕੁੱਤਿਆਂ ਤੋਂ ਡਰਦਾ ਹੈ, ਇਸੇ ਲਈ ਉਹ ਬਾਹਰ ਗਿਆ ਡਰ ਕੇ ਭੱਜ ਗਿਆ ਸੀ ਤੇ ਇਕ ਕਿਸਾਨ ਵਲੋਨਿਸ ਸ਼ਰਤ ਤੇ ਉਸ ਦੀ ਜਾਣਕਾਰੀ ਦਿੱਤੀ ਕਿ ਇਮਾਮ ਉਸ ਦੇ ਖੇਤਾਂ ਵਿੱਚ ਝੋਨੇ ਦੀ ਵਾਢੀ ਕਰੇ। ਚਾਂਦ ਅਤੇ ਸਾਦੁਲ ਦੀ ਦੁਸ਼ਮਣੀ ਇਸ ਗੱਲ ਤੋਂ ਪਤਾ ਲਗਦੀ ਹੈ ਕਿ ਚਾਂਦ ਉਸ ਨੂੰ ਕੁਟਦਾ ਹੈ, ਮਾਰਨਾ ਚਾਹੁੰਦਾ ਹੈ ਜਿਸ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਵਲੋ ਚਾਂਦ ਦਾ ਵਿਰੋਧ ਕਰਦਾ ਹੈ। ਨਾਵਲ ਵਿਚ ਮੱਲਾ ਰੇਡੀ ਨਾਲ ਰਿੱਛ ਦਾ ਮੁਕਾਬਲਾ, ਨਵੇਂ ਆਏ ਥਾਣੇਦਾਰ ਦਾ ਹਮ ਜਾਤ ਹੋਣ ਕਰਕੇ ਨਰਮ ਵਤੀਰਾ ਅਤੇ ਪੁਰਾਣੇ ਕਿੱਸਿਆਂ ਦੀ ਯਾਦ ਕਈ ਮੋੜ ਦਿੰਦਾ ਹੈ। ਰਿੱਛ ਦੇ ਸੰਭੋਗ ਕਰਨ ਅਤੇ ਉਸ ਦੇ ਕਾਮ ਨੂੰ ਸ਼ਾਂਤ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦੀ ਵਰਤੋਂ ਦੀ ਜਾਣਕਾਰੀ ਵੀ ਮਿਲਦੀ ਹੈ। ਆਪਣੇ ਪੁੱਤਰ ਚਾਂਦ ਦੀ ਜਿੱਦ ਅਤੇ ਸਾਦੁਲ ਦੇ ਪ੍ਰੇਮ ਕਰਕੇ ਦੁਚਿੱਤੀ ਵਿਚ ਹੈ ਕਿ ਕਿਸ ਨੂੰ ਜਿਉਂਦਾ ਰੱਖੇ। ਜੇਕਰ ਚਾਂਦ ਦੀ ਗੱਲ ਮੰਨਦਾ ਹੈ ਤਾਂ ਸਾਦੁਲ ਨੂੰ ਛੱਡਣਾ ਪੈਂਦਾ ਹੈ ਤੇ ਜੇਕਰ ਸਾਦੁਲ ਨੂੰ ਰੱਖਣਾ ਜ਼ਰੂਰੀ ਹੈ ਤਾਂ ਉਸ ਦਾ ਪੁੱਤਰ ਮਰਨ ਲਈ ਬਾ ਜਿੱਦ ਹੈ। ਅਖੀਰ ਵਿੱਚ ਉਹ ਸਾਦੁਲ ਨੂੰ ਉਸ ਦੇ ਖਾਣੇ ਵਿਚ ਕੁੱਤੇ ਮਾਰ ਦਵਾਈ ਪਾ ਕੇ ਮਾਰਨ ਲਈ ਬਾਹਰ ਲੈਕੇ ਜਾਂਦਾ ਹੈ ਪਰ ਵਾਪਿਸ ਨਹੀਂ ਮੁੜਦਾ।
ਨਾਵਲ ਦੇ ਆਖਰੀ ਪੰਨਿਆਂ ਤੇ ਪੁਨਰ ਕਥਨ ਸਿਰਲੇਖ ਹੇਠ ਰਿੱਛ ਜਾਤੀ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਉਸਦੇ ਖਾਣ ਪੀਣ ਬਾਰੇ। ਇਕ ਪਾਸੇ ਉਸ ਨੂੰ ਸ਼ਾਕਾਹਾਰੀ ਦਸਿਆ ਗਿਆ ਹੈ ਤੇ ਦੂਜੇ ਪਾਸੇ ਕੀੜੀਆਂ ਅਤੇ ਸਿਉਂਕ ਦਾ ਸੇਵਨ ਵੀ ਕਰਦਾ ਦੱਸਿਆ ਹੈ। ਸ਼ਹਿਦ ਉਸ ਦਾ ਮਨ ਭਾਉਂਦਾ ਖਾਣਾ ਹੈ। ਨਾਵਲ ਦੇ ਹਿੰਦੀ ਅਨੁਵਾਦ ਤੋਂ ਬਾਅਦ ਲਗਭਗ ਅੱਠ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਦੱਸਿਆ ਹੈ ਪਰ ਨਾਵਲ ਦਾ ਸਿਰਲੇਖ ਜਿਗਰੀ ਕਿਵੇਂ ਰੱਖਿਆ ਦਾ ਪਤਾ ਨਹੀਂ ਲਗਦਾ।
ਬੇਸ਼ੱਕ ਇਹ ਨਾਵਲ ਪਾਠਕਾਂ ਵਿਚ ਦਿਲਚਸਪੀ ਪੈਦਾ ਕਰਦਾ ਹੈ ਅਤੇ ਨਾਲ ਹੀ ਰਿੱਛ ਜਾਤੀ ਬਾਰੇ ਭਰਪੂਰ ਜਾਣਕਾਰੀ ਦੱਸਦਾ ਹੈ। ਇਸ ਕਾਰਜ ਲਈ ਤਰਸੇਮ ਨੂੰ ਮੁਬਾਰਕਾਂ।

ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।

Previous articleਇੱਕ ਅਧਿਆਪਕ ਸਿਰਫ਼ ਕਿਤਾਬਾਂ ਪੜ੍ਹਾਉਣ ਵਾਲਾ ਵਿਅਕਤੀ ਨਹੀਂ, ਸਗੋਂ ਉਹ ਇੱਕ ‘ਰਹਿਬਰ’ ਅਤੇ ‘ਮਿਅਮਾਰ-ਏ-ਕੌਮ’ ਹੁੰਦਾ ਹੈ। ਅਧਿਆਪਕ ਉਹ ਸ਼ਖਸੀਅਤ ਹੈ ਜੋ ਮਨੁੱਖੀ ਰੂਹ ਨੂੰ ਤਰਾਸ਼ ਕੇ ਉਸ ਵਿੱਚ ਇਨਸਾਨੀਅਤ ਦੇ ਰੰਗ ਭਰਦੀ ਹੈ।
Next articleਮੈਗਾ ਪੀ.ਟੀ.ਐਮ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ‘ਚ ਅੱਜ ਮਨਾਇਆ ਗਿਆ ‘ਸਿੱਖਿਆ ਦਾ ਮਹਾਂ ਜਸ਼ਨ’