ਕਿਤੇ ਠੰਢੇ ਬਸਤੇ ਨਾ ਪੈ ਜਾਣ 1158 ਭਰਤੀਆਂ

(ਸਮਾਜ ਵੀਕਲੀ)-ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 25 ਸਾਲਾਂ ਤੋਂ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਕੋਈ ਪੱਕੀ ਭਰਤੀ ਨਹੀਂ ਹੋਈ। (ਵਿਚਕਾਰਲੇ ਸਮੇਂ ਦੌਰਾਨ ਇੱਕ–ਦੋ ਵਾਰ ਯਤਨ ਜ਼ਰੂਰ ਹੋਏ ਸਨ ਪਰ ਉਹ ਯਤਨ ਸਫ਼ਲ ਨਹੀਂ ਸਨ ਹੋ ਸਕੇ।) ਇੰਨੇ ਲੰਮੇ ਸਮੇਂ ਤੋਂ ਭਰਤੀਆਂ ਨਾ ਹੋਣ ਕਾਰਨ ਪੰਜਾਬ ਦੇ, ਸਰਕਾਰੀ ਕਾਲਜ ਪੱਕੇ ਅਸਿਸਟੈਂਟ ਪ੍ਰੋਫ਼ੈਸਰਾਂ ਤੋਂ ਸੱਖਣੇ ਹੁੰਦੇ ਜਾ ਰਹੇ ਹਨ। ਸਾਰੇ ਸਰਕਾਰੀ ਕਾਲਜਾਂ ਵਿੱਚ ਲਗਭਗ ਪਾਰਟ ਟਾਈਮ, ਗੈਸਟ ਫ਼ੈਕਲਿਟੀ ਵਾਲ਼ੇ ਅਸਿਸਟੈਂਟ ਪ੍ਰੋਫ਼ੈਸਰ ਬੇਸਿਕ ਪੇਅ ‘ਤੇ ਹੀ ਪੜ੍ਹਾ ਰਹੇ ਹਨ।

ਹੁਣ ਪੰਜਾਬ ਸਰਕਾਰ ਨੇ ਯਤਨ ਕੀਤਾ ਹੈ। ਨਿਰੋਲ ਟੈਸਟ ਦੇ ਆਧਾਰ ‘ਤੇ ਸਰਕਾਰੀ ਕਾਲਜਾਂ ਵਿੱਚ 1158 ਅਸਾਮੀਆਂ (ਅਸਿਸਟੈਂਟ ਪ੍ਰੋਫ਼ੈਸਰ ਅਤੇ ਲਾਇਬਰੇਰੀਅਨ) ਭਰਨ ਦਾ ਯਤਨ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਦੀ ਭਰਤੀ ਨੂੰ ਛੇਤੀ ਨੇਪਰੇ ਚਾੜ੍ਹਨ ਹਿੱਤ ਪੰਜਾਬ ਸਰਕਾਰ ਨੇ ਇਨ੍ਹਾਂ ਭਰਤੀਆਂ ਨੂੰ, ਪੀ.ਪੀ.ਐਸ.ਸੀ. (ਜਿਹੜੀ ਕਿ ਆਮ ਤੌਰ ‘ਤੇ ਭਰਤੀਆਂ ਕਰਦੀ ਹੈ) ਪ੍ਰਕਿਰਿਆ ਤੋਂ ਬਾਹਰ ਕੱਢ ਕੇ ਭਰਨ ਦਾ ਯਤਨ ਕੀਤਾ ਸੀ। ਟੈਸਟ ਲਈ ਯੋਗਤਾ ਐਮ.ਏ. ਅਤੇ ਨੈੱਟ ਨਿਰਧਾਰਤ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਦੀ ਭਰਤੀ ਲਈ ਸਿਰਫ ਤੇ ਸਿਰਫ ਟੈਸਟ ਦੇ ਆਧਾਰ ‘ਤੇ ਮੈਰਿਟ ਵਿੱਚ ਆਉਣ ਵਾਲ਼ੇ ਉਮੀਦਵਾਰਾਂ ਨੂੰ ਚੁਣਿਆ ਜਾਣਾ ਸੀ। (ਉਂਝ ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕਾਰਜ ਕਰ ਰਹੇ ਗੈਸਟ ਫ਼ੈਕਲਿਟੀ ਲੈਕਚਰਾਰਾਂ ਨੂੰ ਦੋ ਛੋਟਾਂ ਪ੍ਰਦਾਨ ਕੀਤੀਆਂ ਗਈਆਂ ਸਨ। ਪਹਿਲੀ ਕਿ ਉਨ੍ਹਾਂ ਦੀ ਉਮਰ ਹੱਦ ਸੀਮਾ ਨੂੰ ਖ਼ਤਮ ਕੀਤਾ ਗਿਆ ਸੀ ਭਾਵ ਕਿ ਸਰਕਾਰੀ ਕਾਲਜ ਵਿੱਚ ਪੜ੍ਹਾ ਰਹੇ ਗੈਸਟ ਫ਼ੈਕਲਿਟੀ ਲੈਕਚਰਾਰ ਭਾਵੇਂ ਉਨ੍ਹਾਂ ਦੀ ਉਮਰ ਕਿੰਨੀ ਵੀ ਹੋਵੇ, ਉਹ ਟੈਸਟ ਦੇ ਸਕਦੇ ਸਨ। ਦੂਸਰਾ ਸਰਕਾਰੀ ਕਾਲਜਾਂ ਦੇ ਗੈਸਟ ਫ਼ੈਕਲਿਟੀ ਲੈਕਚਰਾਰਾਂ ਨੂੰ ਤਜਰਬੇ ਦੇ ਨੰਬਰ ਦੇਣ ਦਾ ਵੀ ਪ੍ਰਾਵਧਾਨ ਰੱਖਿਆ ਗਿਆ। ਹਰੇਕ ਸਾਲ ਦੇ ਤਜਰਬੇ ਲਈ ਇੱਕ ਨੰਬਰ ਅਤੇ ਵੱਧੋ–ਵੱਧ ਪੰਜ ਨੰਬਰ ਦੇਣਾ ਦਾ ਪ੍ਰਾਵਧਾਨ ਸੀ।)

ਉਕਤ ਪ੍ਰੀਖਿਆ ਅਕਤੂਬਰ 2021 ਦੇ ਆਖ਼ਰੀ ਹਫ਼ਤੇ ਵਿੱਚ ਸੰਪੰਨ ਹੋਈ ਸੀ। ਇਸ ਪ੍ਰੀਖਿਆ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੋਢਿਆਂ ‘ਤੇ ਪਾਇਆ ਗਿਆ ਸੀ, ਜਿਸ ਨੂੰ ਇਨ੍ਹਾਂ ਦੋਹਾਂ ਯੂਨੀਵਰਸਿਟੀਆਂ ਨੇ ਸੁਚੱਜੇ ਢੰਗ ਨਾਲ਼ ਨੇਪਰੇ ਚਾੜ੍ਹਿਆ। ਇਸ ਪ੍ਰਕਿਰਿਆ ਨੂੰ ਤੁਰੰਤ ਨੇਪਰੇ ਚਾੜ੍ਹਨ ਹਿੱਤ ਉਚੇਰੀ ਸਿੱਖਿਆ ਵਿਭਾਗ ਨੇ ਦਿਨ–ਰਾਤ ਮਿਹਨਤ ਕੀਤੀ ਅਤੇ ਬਹੁਤ ਛੇਤੀ ਹੀ ਰਿਜ਼ਲਟ ਵੀ ਡਿਕਲੇਅਰ ਕਰ ਦਿੱਤਾ। ਉਸ ਉਪਰੰਤ ਜਲਦ ਹੀ ਸਲੈਕਡ ਉਮੀਦਵਾਰਾਂ ਦੀਆਂ ਸਿਲੈਕਸ਼ਨ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ। (ਕਿਉਂਕਿ ਇਹ ਭਰਤੀ ਬਹੁਤ ਦੇਰ ਬਾਅਦ ਹੋ ਰਹੀ ਸੀ ਅਤੇ ਕੁਝ ਇੱਕ ਨਿਯਮਾਂ ਦੀ ਅਪਸ਼ਟਤਾ ਕਾਰਨ ਜਾਰੀ ਕੀਤੀਆਂ ਗਈਆਂ ਉਮੀਦਵਾਰਾਂ ਦੀਆਂ ਸਿਲੈਕਸ਼ਨ ਸੂਚੀਆਂ ਵਿੱਚ ਕੁਝ ਇੱਕ ਤਰੁਟੀਆਂ ਰਹਿ ਗਈਆਂ ਸਨ, ਜਿਨ੍ਹਾਂ ਨੂੰ ਕਿ ਜਲਦ ਹੀ ਦਰੁਸਤ ਕਰਨ ਦੀ ਪ੍ਰਕਿਰਿਆ ਚੱਲ ਪਈ ਸੀ।)

ਪ੍ਰੀਖਿਆ ਦੀਆਂ ਸਿਲੈਕਸ਼ਨ ਸੂਚੀਆਂ ਦੇ ਪੈਣ ਤੱਕ ਬਹੁਤ ਸਾਰੇ ਉਮੀਦਵਾਰਾਂ (ਜਿਹੜੇ ਕਿ ਇਸ ਪ੍ਰੀਖਿਆ ਰਾਹੀਂ ਸਿਲੈਕਸ਼ਨ ਸੂਚੀ ਵਿੱਚੋਂ ਬਾਹਰ ਹੋ ਗਏ ਸਨ ਜਾਂ ਜਿਹੜੇ ਇਹ ਟੈਸਟ ਕਲੀਅਰ ਨਹੀਂ ਸਨ ਕਰ ਸਕੇ।) ਨੇ ਇਸ ਪ੍ਰੀਖਿਆ ਵਿਰੁੱਧ ਜਾ ਕੇ ਮਾਣਯੋਗ ਹਾਈਕੋਰਟ ਦਾ ਬੂਹਾ ਖੜਕਾਇਆ। ਕੁੱਲ 1158 ਅਸਾਮੀਆਂ ਦੀ ਭਰਤੀ ਦੀ ਲਿਖਤੀ ਪ੍ਰੀਖਿਆ ਵਿਰੁੱਧ ਮਾਣਯੋਗ ਹਾਈ ਕੋਰਟ ਦਾ ਬੂਹਾ ਖੜਕਾਉਣ ਵਾਲ਼ੇ ਉਮੀਦਵਾਰਾਂ ਨੇ ਕਈ ਢੰਗਾਂ ਨਾਲ਼ ਇਸ ਭਰਤੀ ਪ੍ਰਕਿਰਿਆ ਉੱਤੇ ਸਵਾਲ ਉਠਾਏ। ਮੁੱਖ ਰੂਪ ਵਿੱਚ ਇਹ ਕਿਹਾ ਕਿ – ਪੇਪਰ ਲੀਕ ਹੋਇਆ ਹੈ; ਸਿਲੈਕਸ਼ਨ ਸੂਚੀਆਂ ਜੋ ਤਿਆਰ ਹੋਈਆਂ ਉਨ੍ਹਾਂ ਵਿੱਚ ਰੋਸਟਰ ਨੂੰ ਫਾਲਓ ਨਹੀਂ ਕੀਤਾ ਗਿਆ; ਪੇਪਰ ਵਿੱਚ ਸ਼ਾਬਦਿਕ ਤੌਰ ‘ਤੇ ਕਈ ਤਰੁੱਟੀਆਂ ਸਨ, ਪੇਪਰ ਵਿੱਚ ਬਹੁਤੇ ਉਹ ਸਵਾਲ ਰੀਪੀਟ ਹੋਏ ਜੋ ਕਿ ਪਹਿਲਾਂ ਦੀਆਂ ਕਈ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਸਨ, ਭਰਤੀ ਪ੍ਰਕਿਰਿਆ ਨੂੰ ਪੀ.ਪੀ.ਐਸ.ਸੀ. ਤੋਂ ਬਾਹਰ ਹੋ ਕੇ ਭਰਿਆ ਗਿਆ, ਭਰਤੀ ਪ੍ਰਕਿਰਿਆ ਦੌਰਾਨ ਯੂ.ਜੀ.ਸੀ. ਵੱਲ੍ਹੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਆਦਿ। ਇੱਕ ਰਿੱਟ ਇਸ ਮਸਲੇ ਨੂੰ ਲੈ ਕੇ ਪਾਈ ਗਈ ਸੀ ਕਿ ਤਜਰਬੇ ਦੇ ਆਧਾਰ ‘ਤੇ ਇੱਕ ਤੋਂ ਲੈ ਕੇ ਪੰਜ ਤੱਕ ਨੰਬਰ ਕੇਵਲ ਤੇ ਕੇਵਲ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫ਼ੈਕਲਿਟੀ ਲੈਕਚਰਾਰਾਂ ਨੂੰ ਦਿੱਤੇ ਗਏ ਹਨ ਪਰ ਯੂਨੀਵਰਸਿਟੀਆਂ ਅਧੀਨ ਕਾਂਸਟੀਚਿਊਟ, ਨੇਬਰਹੁੱਡ ਕੈਂਪਸ, ਅਰਧ ਸਰਕਾਰੀ ਕਾਲਜਾਂ ਆਦਿ ਵਿੱਚ ਕੰਮ ਕਰਦੇ ਅਸਿਸਟੈਂਟ ਪ੍ਰੋਫ਼ੈਸਰਾਂ ਨੂੰ ਨਹੀਂ ਦਿੱਤੇ ਗਏ। ਇਸ ਰਿੱਟ ਨੂੰ ਮਾਣਯੋਗ ਹਾਈਕੋਰਟ ਵੱਲ੍ਹੋਂ ਮਾਨਤਾ ਦਿੱਤੀ ਗਈ ਅਤੇ ਜਿਸ ਵਜ੍ਹਾ 1158 ਅਸਾਮੀਆਂ ਦੀ ਭਰਤੀ ਉੱਤੇ ਅਗਲੇਰੀ ਕਾਰਵਾਈ ਹਿੱਤ ਰੋਕ ਲਗਾ ਦਿੱਤੀ ਗਈ।

ਇਸ ਸਮੇਂ ਦੌਰਾਨ ਤੱਕ ਮੈਰਿਟ ਲਿਸਟ ਵਿੱਚ ਆਏ ਵਿਦਿਆਰਥੀਆਂ ਦੀ ਸਕਰੂਟਨਿੰਗ ਹੋ ਚੁੱਕੀ ਸੀ। ਉਸ ਤੋਂ ਬਾਅਦ ਸਿਲੈਕਟ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਹੋ ਚੁੱਕੀਆਂ ਸਨ। ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਅਗਲੇਰੀ ਭਰਤੀ ਪ੍ਰਕਿਰਿਆ ਲਈ ਬੁਲਾ ਕੇ ਜੁਆਈਨਿੰਗ ਲੈਟਰ ਵੀ ਦਿੱਤੇ ਗਏ ਅਤੇ ਬਾਅਦ ਵਿੱਚ ਬਹੁਤ ਸਾਰੇ ਉਮੀਦਵਾਰਾਂ ਨੂੰ ਸਟੇਸ਼ਨ ਅਲਾੱਟ ਕਰ ਦਿੱਤੇ ਗਏ ਸਨ। ਬਹੁਤ ਸਾਰੇ ਉਮੀਦਵਾਰਾਂ ਨੇ ਸਟੇਸ਼ਨ ਜੁਆਇਨ ਵੀ ਕਰ ਲਏ ਸਨ ਪਰ ਕੁਝ ਇੱਕ ਸਬਜੈਕਟਸ, ਜਿਨ੍ਹਾਂ ਦੀ ਕਿਸੇ ਵਜ੍ਹਾ ਇਨਕੁਐਰੀ ਚੱਲ ਰਹੀ ਸੀ, ਉਨ੍ਹਾਂ ਦੇ ਸਿਲੈਕਟਡ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਸੀ ਕੀਤੀ ਗਈ, ਜਿਸ ਵਜ੍ਹਾ ਉਹ ਇਸ ਪ੍ਰੋਸੈਸ ਦੌਰਾਨ ਪੱਛੜ ਗਏ। ਭਰਤੀ ਪ੍ਰਕਿਰਿਆ ਦੌਰਾਨ ਪੱਛੜਨ ਵਾਲ਼ੇ ਉਮੀਦਵਾਰਾਂ ਵਿੱਚੋਂ ਬਹੁਤੇ ਭਾਸ਼ਾ (ਅੰਗਰੇਜ਼ੀ, ਪੰਜਾਬੀ, ਹਿੰਦੀ) ਅਤੇ ਮੈਥ ਨਾਲ਼ ਜੁੜੇ ਹੋਏ ਹਨ।
ਪੰਜਾਬੀ ਦੇ ਪੇਪਰ ਸਬੰਧੀ ਸ਼ਾਬਦਿਕ ਗ਼ਲਤੀਆਂ ਬਾਰੇ ਜੋ ਅਰਜ਼ੀ ਮਾਣਯੋਗ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ ਉਹ ਪਹਿਲੀ ਸੁਣਵਾਈ ਵੇਲੇ ਹੀ ਰੱਦ ਹੋ ਗਈ ਸੀ। ਪੇਪਰ ਦੇ ਲੀਕ ਹੋਣ ਸਬੰਧੀ ਜੋ ਅਫ਼ਵਾਹਾਂ ਫ਼ੈਲਾਈਆਂ ਗਈਆਂ ਸਨ ਉਨ੍ਹਾਂ ਬਾਰੇ ਜਲਦ ਹੀ ਇੱਕ ਕਮੇਟੀ ਬਿਠਾਈ ਗਠਿਤ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਡਾਈਆਂ ਜਾ ਰਹੀਆਂ ਅਫ਼ਵਾਹਾਂ ਵਿੱਚ ਕੋਈ ਦਮ–ਖ਼ਮ ਨਹੀਂ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਸਾਹਬ ਨੇ ਇਸ ਮਾਮਲੇ ਵਿੱਚ ਕਲੀਨ ਚਿਟ ਦਿੱਤੀ ਅਤੇ ਸਾਰੀ ਪ੍ਰਕਿਰਿਆ ਦੇ ਸਾਫ–ਸਪਸ਼ਟ ਹੋਣ ਦੀ ਹਾਮੀ ਭਰੀ। ਪੇਪਰ ਲੀਕ ਹੋਣ ਦੀਆਂ ਸਾਰੀਆਂ ਅਫ਼ਵਾਹਾਂ ਨੂੰ ਉਨ੍ਹਾਂ ਨੇ ਮੁੱਢੋਂ–ਸੁੱਢੋਂ ਹੀ ਰੱਦ ਕਰ ਦਿੱਤਾ।

ਇਸ ਸਮੇਂ ਦੌਰਾਨ ਬਹੁਤ ਸਾਰੇ ਉਮੀਦਵਾਰਾਂ (ਜਿਹੜੇ ਕਿ ਟੈਸਟ ਪਾਸ ਕਰਨ ਵਿੱਚ ਅਸਫ਼ਲ ਰਹੇ) ਨੇ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰਾਉਣ ਲਈ ਪੂਰਾ ਤਾਣ ਲਗਾਇਆ ਹੋਇਆ ਹੈ। ਉਹ ਹਰ ਹੀਲੇ–ਵਸੀਲੇ ਇਸ ਭਰਤੀ ਨੂੰ ਰੱਦ ਕਰਾਉਣ ਦੇ ਯਤਨ ਕਰ ਰਹੇ ਹਨ। ਉਹ ਬਿਨਾਂ ਤਰਕ ਅਤੇ ਬਿਨਾਂ ਸਬੂਤਾਂ ਤੋਂ ਹਵਾ ਵਿੱਚ ਡਾਂਗਾਂ ਲਹਿਰਾ ਰਹੇ ਹਨ। ਇਨ੍ਹਾਂ ਵਿਰੋਧੀ ਉਮੀਦਵਾਰਾਂ ਵਿੱਚ ਕੁਝ ਇੱਕ ਉਹ ੳਮੀਦਵਾਰ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਨਿੱਜੀ ਹਿੱਤ ਇਸ ਭਰਤੀ ਕਰਕੇ ਆਹਤ ਹੋ ਰਹੇ ਹਨ ਜਾਂ ਹੋਣਗੇ। ਉਦਾਹਰਨ ਵਜੋਂ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਫ਼ੈਕਲਿਟੀ ਵਜੋਂ ਕਾਰਜ ਕਰ ਰਹੇ ਉਮੀਦਵਾਰ ਇਸ ਭਰਤੀ ਦਾ ਵਿਰੋਧ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਨੂੰ ਲਗਦਾ ਹੈ ਕਿ 1158 ਭਰਤੀਆਂ ਦੇ ਹੋਣ ਨਾਲ਼ ਉਨ੍ਹਾਂ ਦੀ ਆਪਣੀ ਨੌਕਰੀ ਖ਼ਤਰੇ ਵਿੱਚ ਪੈ ਜਾਵੇਗੀ। ਇਸ ਲਈ ਉਹ ਪੰਜਾਬ ਸਰਕਾਰ ਕੋਲ਼ੋਂ ਆਪਣੇ ਹੱਕਾਂ ਦੀ ਮੰਗ ਕਰਨ ਦੀ ਬਜਾਇ ਇਨ੍ਹਾਂ 1158 ਭਰਤੀਆਂ ਨੂੰ ਰੱਦ ਕਰਵਾਉਣ ਦਾ ਯਤਨ ਕਰ ਰਹੇ ਹਨ।

ਹੁਣ ਕੇਸ ਮਾਣਯੋਗ ਹਾਈ ਕੋਰਟ ਵਿੱਚ ਹੈ। ਇਸ ਕਰਕੇ ਹੁਣ ਸਾਰੀ ਭਰਤੀ ਪ੍ਰਕਿਰਿਆ ਉੱਤੇ ਰੋਕ ਲੱਗ ਚੁੱਕੀ ਹੈ। ਹੁਣ ਪਤਾ ਨਹੀਂ ਇਹ ਰੋਕ ਕਦੋਂ ਤੱਕ ਜਾਰੀ ਰਹੇਗੀ ? ਪਤਾ ਨਹੀਂ ਅਦਾਲਤ ਵਿੱਚ ਇਹ ਕੇਸ ਕਦੋਂ ਤੱਕ ਚਲਦਾ ਰਹੇਗਾ। ਹਾਲਾਂਕਿ ਪੰਜਾਬ ਸਰਕਾਰ ਪੂਰਾ ਯਤਨ ਕਰ ਰਹੀ ਕਿ ਜਲਦ ਤੋਂ ਜਲਦ ਇਸ ਕੇਸ ਦੀ ਪੈਰਵਾਈ ਕਰ ਕੇ ਇਸ ਭਰਤੀ ਨੂੰ ਨੇਪਰੇ ਚਾੜ੍ਹਿਆ ਜਾਵੇ ਪਰ ਅਸਫ਼ਲ ਹੋਏ ਉਮੀਦਵਾਰਾਂ ਵੱਲ੍ਹੋਂ ਬਹੁ–ਗਿਣਤੀ ਵਿੱਚ ਅਰਜ਼ੀਆਂ ਮਾਣਯੋਗ ਹਾਈ ਕੋਰਟ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਬਹੁਤ ਸਾਰਾ ਸਮਾਂ ਲੱਗੇਗਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲ਼ੇ ਹਰੇਕ ਹਿਤੈਸ਼ੀ ਦੀ ਇਹ ਲੋਚਾ ਹੈ ਕਿ ਇਹ ਭਰਤੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਹੋ ਜਾਵੇ ਕਿਉਂਕਿ ਇਹ ਭਰਤੀ ਪ੍ਰਕਿਰਿਆ ਸੰਪੂਰਨ ਹੋਣ ਨਾਲ਼ ਹੀ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ।

ਹਾਲਾਂਕਿ ਇਹ ਭਰਤੀ ਗਿਣਤੀ ਅਨੁਸਾਰ ਬਹੁਤ ਨਿਗੂਣੀ ਹੈ ਪਰ ਜੇ ਇਹ ਭਰਤੀ ਪ੍ਰਕਿਰਿਆ ਨੇਪਰੇ ਚੜ੍ਹੇਗੀ ਤਾਂ ਹੀ ਪੰਜਾਬ ਸਰਕਾਰ, ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਹੋਰ ਭਰਤੀਆਂ ਕਰ ਸਕੇਗੀ। ਅਜਿਹਾ ਕਰਕੇ ਹੀ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹੋਣ ਜਾ ਰਹੀ ਪ੍ਰਾਈਵੇਟਾਈਜ਼ੇਸ਼ਨ ਰੋਕੀ ਜਾ ਸਕਦੀ ਹੈ। ਸਰਕਾਰੀ ਕਾਲਜਾਂ ਦੀ ਹੋਂਦ ਨੂੰ ਖ਼ਤਰਾ ਹੋਣ ਨਾਲ਼ ਸਧਾਰਨ ਅਤੇ ਗ਼ਰੀਬ ਪਰਿਵਾਰਾਂ ਨਾਲ਼ ਸਬੰਧਤ ਵਿਦਿਆਰਥੀਆਂ ਦੇ ਹਿੱਤ ਆਹਤ ਹੋਣਗੇ ਕਿਉਂਕਿ ਉਹ ਪ੍ਰਾਈਵੇਟ ਕਾਲਜਾਂ ਦੀਆਂ ਭਾਰੀਆਂ–ਭਾਰੀਆਂ ਫ਼ੀਸਾਂ ਅਦਾ ਨਹੀਂ ਕਰ ਸਕਦੇ। ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਤਾਂ ਹੀ ਸੁਰੱਖਿਅਤ ਰਹਿ ਸਕਦਾ ਹੈ ਜੇਕਰ ਇਨ੍ਹਾਂ ਸਰਕਾਰੀ ਕਾਲਜਾਂ ਦੀ ਹੋਂਦ ਕਾਇਮ ਰਹੇਗੀ। ਸਰਕਾਰੀ ਕਾਲਜਾਂ ਦੀ ਹੋਂਦ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਇਸ ਵਿੱਚ ਪੱਕੇ ਰੂਪ ਵਿੱਚ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ।

ਇਹ ਪਹਿਲੀ ਭਰਤੀ ਹੈ ਜਿਹੜੀ ਕਿ ਬਿਲਕੁਲ ਟ੍ਰਾਂਸਪੇਂਰਟ (ਸਾਫ–ਸੁਥਰੇ) ਤਰੀਕੇ ਨਾਲ਼ ਹੋਈ ਹੈ। ਆਸ ਹੈ ਇਸ ਤੋਂ ਬਾਅਦ ਦੀਆਂ ਭਰਤੀਆਂ ਵੀ ਇਸੇ ਪ੍ਰਕਿਰਿਆ ਤਹਿਤ ਹੋਣਗੀਆਂ। ਇਹ 1158 ਉਮੀਦਵਾਰਾਂ ਦੀ ਭਰਤੀ ਅਗਲੀਆਂ ਭਰਤੀਆਂ ਲਈ ਨੀਂਹ ਸਾਬਤ ਹੋਵੇਗੀ ਸੋ ਸਾਨੂੰ ਸਭ ਨੂੰ ਇਸ ਨੀਂਹ ਨੂੰ ਮਜ਼ਬੂਤ ਕਰਨ ਲਈ ਹਾਅ ਦਾ ਨਾਅਰਾ ਮਾਰਨਾ ਪਵੇਗਾ ਅਤੇ ਇਨ੍ਹਾਂ 1158 ਭਰਤੀਆਂ ਨੂੰ ਸੁਚੱਜੇ ਢੰਗ ਨਾਲ਼ ਨੇਪਰੇ ਚੜ੍ਹਾਉਣ ਲਈ ਯਤਨਸ਼ੀਲ ਹੋਣਾ ਪਵੇਗਾ।

– ਡਾ. ਸਵਾਮੀ ਸਰਬਜੀਤ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਸਾਲ ਤੇ ਨਵਾਂ ਜਨਮ ਦਿਨ ਮੁਬਾਰਕ
Next articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ ਸਬੰਧਤ ਖਿਡਾਰੀ 5 ਜਨਵਰੀ ਤੱਕ ਡੋਪ ਟੈਸਟ ਕਰਾ ਸਕਣਗੇ- ਚੱਠਾ ।