(ਸਮਾਜ ਵੀਕਲੀ)– ਆਦਿ ਕਾਲ ਸਮੇਂ ਮਨੁੱਖ ਦਾ ਕੋਈ ਧਰਮ ਨਹੀਂ ਸੀ।ਸਾਰੇ ਦੇਵੀ ਦੇਵਤੇ ਉਸਨੇ ਆਪ ਹੀ ਬਣਾਏ।ਹੌਲੀ ਹੌਲੀ ਉਸ ਨੇ ਧਰਮ ਦੀ ਸਿਰਜਣਾ ਕੀਤੀ।ਜਦੋਂ ਮਾਨਵ ਨੇ ਸਮਾਜਿਕ ਜੀਵਨ ਸ਼ੁਰੂ ਕੀਤਾ ਹੋਵੇਗਾ ਤਾਂ ਧਰਮ ਨਾਲ ਹੀ ਸ਼ੁਰੂ ਹੋਇਆ ਹੋਵੇਗਾ।ਧਰਮ ਦੀ ਰਚਨਾ ਮਨੁੱਖ ਨੇ ਇਹ ਸੋਚ ਕੇ ਕੀਤੀ ਹੋਵੇਗੀ ਇਕ ਸੇਧ ਮਿਲੇ ਜੀਵਨ ਦੀ।ਆਦਿ ਮਨੁੱਖ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਧਰਮ ਹੀ ਸਭ ਤੋਂ ਵੱਡਾ ਮਸਲਾ ਬਣ ਜਾਵੇਗਾ।
ਅੱਜ ਜੀ ਆਪਾਂ ਦੁਨੀਆਂ ਦੇ ਸਾਰੇ ਧਰਮਾਂ ਤੇ ਨਿਗ੍ਹਾ ਮਾਰੀਏ ਕੋਈ ਵੀ ਧਰਮ ਅਜਿਹਾ ਨਹੀਂ ਮਿਲੇਗਾ ਜੋ ਅਹਿੰਸਾ ਨੂੰ ਵਧਾਵਾ ਦਿੰਦਾ ਹੋਵੇ ।ਹਰ ਧਰਮ ਨੇਕੀ ਦੀ ਸਿੱਖਿਆ ਦਿੰਦਾ ਹੈ।ਦੁਨੀਆਂ ਵਿੱਚ ਜਿੰਨੇ ਵੀ ਧਰਮ ਹਨ ਉਹ ਮਾਨਵਤਾ ਦੀ ਸਿੱਖਿਆ ਦਿੰਦੇ ਹਨ।ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਮਨੁੱਖ ਨੂੰ ਬਦਲਾ ਲੈਣ ਦੀ ਪ੍ਰਵਿਰਤੀ ਰੱਖਣੀ ਚਾਹੀਦੀ ਹੈ।ਹਰ ਧਰਮ ਅਹਿੰਸਾ ਦੀ ਸਿੱਖਿਆ ਦਿੰਦਾ ਹੈ।ਇਹ ਇੱਕ ਗੁਣ ਹੈ ਜੋ ਸਾਰੇ ਧਰਮਾਂ ਵਿੱਚ ਆਮ ਹੈ।ਇੱਥੇ ਇਹ ਤੱਤ ਕੱਢਿਆ ਜਾ ਸਕਦਾ ਹੈ ਕਿ ਅਹਿੰਸਾ ਹੀ ਸਭ ਤੋਂ ਵੱਡਾ ਧਰਮ ਹੈ।
ਅੱਜ ਦਾ ਮਨੁੱਖ ਇਸ ਗੱਲ ਨੂੰ ਭੁੱਲਦਾ ਜਾ ਰਿਹਾ ਹੈ।ਉਹ ਕੱਟੜਤਾ ਨਾਲ ਧਰਮ ਨੂੰ ਅਪਣਾ ਰਿਹਾ ਹੈ। ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਜਦੋਂ ਮਨੁੱਖ ਇਹ ਚਾਹੁੰਦਾ ਹੈ ਕਿ ਹਰ ਕੋਈ ਮੇਰੀ ਗੱਲ ਮੰਨੇ ।ਇਹੀ ਵਰਤਾਰਾ ਧਰਮ ਦੇ ਖੇਤਰ ਵਿੱਚ ਹੋ ਰਿਹਾ ਹੈ।ਆਪਣੇ ਧਰਮ ਨੂੰ ਉੱਚਾ ਦਿਖਾਉਣ ਲਈ ਅਸੀਂ ਦੂਜੇ ਧਰਮਾਂ ਵਿੱਚ ਕਮੀਆਂ ਕੱਢਣੀ ਸ਼ੁਰੂ ਕਰ ਦਿੰਦੇ ਹਾਂ।ਇਸ ਗੱਲ ਦਾ ਮਰਮ ਹੀ ਨਹੀਂ ਸਮਝਦੇ ਕਿ ਸਭ ਧਰਮ ਸਮਾਨ ਹਨ।ਸਾਰੇ ਧਰਮਾਂ ਦੀ ਸਿੱਖਿਆ ਇੱਕੋ ਹੀ ਹੈ।
ਮਨੁੱਖ ਵਿੱਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ। ਜੇਕਰ ਦੋ ਮਨੁੱਖ ਬੈਠੇ ਹਨ ਧਰਮ ਦੇ ਮਸਲੇ ਤੇ ਬਹਿਸ ਕਰਦਿਆਂ ਇੱਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ।ਧਰਮ ਦੇ ਨਾਂ ਤੇ ਦੰਗੇ ਕਰਕੇ ਹਜ਼ਾਰਾਂ ਲੋਕ ਮਾਰ ਦਿੱਤੇ ਜਾਂਦੇ ਹਨ।ਨਿੱਕੀ ਜਿਹੀ ਗੱਲ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਹਨ।ਜਦਕਿ ਸੱਚ ਇਹ ਹੈ ਕਿ ਧਰਮ ਅਹਿੰਸਾ ਦੀ ਸਿੱਖਿਆ ਦਿੰਦਾ ਹੈ।ਧਰਮ ਸਹਿਣਸ਼ੀਲਤਾ ਦੀ ਸਿੱਖਿਆ ਦਿੰਦਾ ਹੈ।
ਅਹਿੰਸਾ ਹੀ ਹੈ ਜੋ ਮਨੁੱਖ ਨੂੰ ਜਾਨਵਰ ਤੋਂ ਵੱਖਰਾ ਕਰਦੀ ਹੈ।ਇਹ ਜਾਨਵਰਾਂ ਦਾ ਵਰਤਾਰਾ ਹੈ ਜਦੋਂ ਉਹ ਇੱਕ ਦੂਜੇ ਦੀ ਜਾਨ ਲੈਂਦੇ ਹਨ।ਜੰਗਲ ਦੇ ਰਾਜ ਵਿਚ ਦੂਸਰਿਆਂ ਨੂੰ ਮਾਰ ਕੇ ਆਪਣੀ ਸਰਵਉੱਚਤਾ ਸਾਬਤ ਕੀਤੀ ਜਾਂਦੀ ਹੈ।ਮਨੁੱਖਾਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ।ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਹਨ।ਪਰ ਮਨੁੱਖ ਗੱਲਬਾਤ ਤੋਂ ਕਦੋਂ ਹੱਥੋਪਾਈ ਤੱਕ ਪਹੁੰਚ ਜਾਂਦਾ ਹੈ ਉਸ ਨੂੰ ਖੁਦ ਪਤਾ ਨਹੀਂ ਲੱਗਦਾ।
ਸਹਿਣਸ਼ੀਲਤਾ ਧਰਮ ਦਾ ਸਭ ਤੋਂ ਵੱਡਾ ਗੁਣ ਹੈ।ਪਰ ਅੱਜ ਅਸੀਂ ਧਰਮ ਨੂੰ ਕੱਟੜ ਰੂਪ ਵਿੱਚ ਮੰਨਦਿਆਂ ਇਸ ਗੁਣ ਤੋਂ ਵਿਰਵੇ ਹੁੰਦੇ ਜਾ ਰਹੇ ਹਾਂ।ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਅਹਿੰਸਾ ਅਤੇ ਸਹਿਣਸ਼ੀਲਤਾ ਦੇ ਗੁਣਾਂ ਨੂੰ ਜਾਗਰੂਕ ਕਰੀਏ।ਜਾਗਰੂਕ ਇਸ ਲਈ ਕਿਹਾ ਕਿ ਕੀ ਗੁਣ ਪਹਿਲਾਂ ਤੋਂ ਸਾਡੇ ਅੰਦਰ ਮੌਜੂਦ ਹਨ।ਮਾਰ ਕਾਟ ਕਿਸ ਚੀਜ਼ ਦਾ ਹੱਲ ਨਹੀਂ।ਧਰਮ ਦੇ ਨਾਂ ਤੇ ਕੀਤੇ ਦੰਗਿਆਂ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਲੈਂਦੇ ਹਨ।ਧਰਮ ਦੇ ਨਾਂ ਤੇ ਲੋਕ ਇੱਕ ਭੀੜ ਬਣ ਜਾਂਦੇ ਹਨ।ਯਾਦ ਰੱਖੋ ਭੀੜਤੰਤਰ ਦਾ ਕੋਈ ਧਰਮ ਨਹੀਂ ਹੁੰਦਾ।
ਅੱਜ ਜਦੋਂ ਮਨੁੱਖ ਇੰਨੀ ਤਰੱਕੀ ਕਰ ਚੁੱਕਾ ਹੈ ਇੱਕ ਪਰਮਾਣੂ ਬੰਬ ਹਨ ਸਾਰੀ ਦੁਨੀਆਂ ਨੂੰ ਖ਼ਤਮ ਕਰ ਸਕਦਾ ਹੈ ਇੱਥੇ ਹੀ ਅਹਿੰਸਾ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।ਮਨੁੱਖ ਨੂੰ ਵਿਗਿਆਨ ਨੇ ਬਹੁਤ ਵਧੀਆ ਜ਼ਿੰਦਗੀ ਦਿੱਤੀ ਹੈ।ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਸਾਡੀ ਜ਼ਿੰਦਗੀ ਨੂੰ ਮਾਨਸਿਕ ਤੌਰ ਤੇ ਬਿਹਤਰ ਬਣਾਉਣ ਲਈ ਅਹਿੰਸਾ ਲਾਜ਼ਮੀ ਹੈ।ਇਹ ਮਨ ਨੂੰ ਵੀ ਸ਼ਾਂਤ ਰੱਖਦੀ ਹੈ ਜਿਸ ਕਿਸੇ ਦਾ ਨੁਕਸਾਨ ਵੀ ਨਹੀਂ ਕਰਦੀ।
ਸਾਰੇ ਧਰਮਾਂ ਦੀਆਂ ਸਿੱਖਿਆਵਾਂ ਨੂੰ ਪੜ੍ਹ ਕੇ ਦੇਖੋ ਤਾਂ ਪਤਾ ਲੱਗਦਾ ਹੈ ਕਿ ਅਹਿੰਸਾ ਹੀ ਸਭ ਤੋਂ ਵੱਡਾ ਧਰਮ ਹੈ।ਜੋ ਮਨੁੱਖ ਧਰਤੀ ਤੇ ਪੈਦਾ ਹੋਇਆ ਹੈ ਉਸ ਦਾ ਮਰਨਾ ਨਿਸ਼ਚਿਤ ਹੈ।ਫਿਰ ਕੀ ਜ਼ਰੂਰਤ ਹੈ ਕਿਸੇ ਨੂੰ ਮਾਰ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ।ਇਹ ਜੰਗਾਂ, ਯੁੱਧ ਬੇਈਮਾਨੀ ਹਨ।ਇਹ ਮਨੁੱਖ ਦੀ ਹਉਮੈ ਦਾ ਸਿੱਟਾ ਹਨ।ਇਕ ਮਨੁੱਖ ਦੇ ਫ਼ੈਸਲੇ ਨਾਲ ਲੱਖਾਂ ਜਾਨਾਂ ਜਾਂਦੀਆਂ ਹਨ।ਕਿਸੇ ਮਨੁੱਖ ਨੂੰ ਇਹ ਹੱਕ ਨਹੀਂ ਕਿ ਉਹ ਲੱਖਾਂ ਨੂੰ ਮੌਤ ਦੀ ਅੱਗ ਵਿੱਚ ਝੋਕ ਦੇਵੇ।ਯੁੱਧਾਂ ਦਾ ਬਾਲਣ ਮਨੁੱਖ ਬਣਦੇ ਹਨ।ਮਸਲਿਆਂ ਦਾ ਹੱਲ ਗੱਲਬਾਤ ਨਾਲ ਕਰਨਾ ਜ਼ਰੂਰੀ ਹੈ ਅਤੇ ਹੁੰਦਾ ਵੀ ਗੱਲਬਾਤ ਨਾਲ ਹੀ ਹੈ।ਜੇਕਰ ਮਨੁੱਖ ਅਹਿੰਸਾ ਦਾ ਗੁਣ ਅਪਣਾ ਲਵੇ ਤਾਂ ਯੁੱਧ ਕਦੀ ਹੋਵੇਗਾ ਹੀ ਨਹੀ।
ਧਰਮ ਦੇ ਮਰਮ ਨੂੰ ਸਮਝੋ ਅਤੇ ਅਹਿੰਸਾ ਨੂੰ ਅਪਣਾਓ।ਅਹਿੰਸਾ ਹੀ ਅਸਲੀ ਧਰਮ ਹੈ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly