ਜੋਹੈੱਨਸਬਰਗ (ਸਮਾਜ ਵੀਕਲੀ): ਦੇਸ਼ ’ਚ ਨਸਲੀ ਵਿਤਕਰੇ ਨਾਲ ਲੜਨ ਲਈ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦੱਖਣੀ ਅਫ਼ਰੀਕਾ ਦੇ ਰੰਗਭੇਦ ਸੰਘਰਸ਼ ਦੇ ਪ੍ਰਤੀਕ ਆਰਚਬਿਸ਼ਪ ਡੈਸਮੰਡ ਟੂਟੂ (90) ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਸਮੇਤ ਹੋਰਾਂ ਨੇ ਦੁੱਖ ਪ੍ਰਗਟਾਇਆ ਹੈ। ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਐਲਾਨ ਕੀਤਾ ਕਿ ਟੂਟੂ ਦਾ ਐਤਵਾਰ ਤੜਕੇ ਕੇਪਟਾਊਨ ’ਚ ਦੇਹਾਂਤ ਹੋ ਗਿਆ ਹੈ। ਉਹ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਅੰਤਿਮ ਜਿਉਂਦੇ ਦੱਖਣ ਅਫ਼ਰੀਕੀ ਸਨ। ਪਹਿਲਾਂ ਟੀਬੀ ਨੂੰ ਮਾਤ ਦੇ ਚੁੱਕੇ ਟੂਟੂ ਨੇ 1997 ’ਚ ਗਦੂਦਾਂ ਦੇ ਕੈਂਸਰ ਦੀ ਸਰਜਰੀ ਕਰਵਾਈ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਵੱਖ ਵੱਖ ਬਿਮਾਰੀਆਂ ਕਾਰਨ ਕਈ ਵਾਰ ਹਸਪਤਾਲ ਦਾਖ਼ਲ ਕਰਵਾਏ ਗੲੇ ਸਨ। ਰਾਸ਼ਟਰਪਤੀ ਰਾਮਫੋਸਾ ਨੇ ਸਚਾਈ ਅਤੇ ਸੁਲ੍ਹਾ ਕਮਿਸ਼ਨ ’ਚ ਨਿਭਾਈ ਭੂਮਿਕਾ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਜਿਥੇ ਰੰਗਭੇਦ ਦੇ ਸ਼ਿਕਾਰ ਲੋਕਾਂ ਵੱਲੋਂ ਸੁਰੱਖਿਆ ਬਲਾਂ ਦੇ ਗੈਰ ਮਨੁੱਖੀ ਵਤੀਰੇ ਦੀਆਂ ਗੱਲਾਂ ਸਾਂਝੀਆਂ ਕਰਨ ਸਮੇਂ ਉਹ ਭਾਵੁਕ ਹੋ ਜਾਂਦੇ ਸਨ।
ਸਾਲ 1995 ’ਚ ਤਤਕਾਲੀ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਟੂਟੂ ਨੂੰ ਕਮਿਸ਼ਨ ਦੀ ਅਗਵਾਈ ਕਰਨ ਦਾ ਕੰਮ ਸੌਂਪਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੂਟੂ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਆਲਮੀ ਪੱਧਰ ’ਤੇ ਲੋਕਾਂ ਲਈ ਇਕ ਮਾਰਗ ਦਰਸ਼ਕ ਸਨ ਅਤੇ ਮਨੁੱਖੀ ਸਨਮਾਨ ਤੇ ਬਰਾਬਰੀ ਲਈ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਡੈਸਮੰਡ ਟੂਟੂ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਮਾਜਿਕ ਨਿਆਂ ਦੇ ਅਜਿਹੇ ਮਹਾਨ ਨਾਇਕ ਹਮੇਸ਼ਾ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਰੰਗਭੇਦ ਸੰਘਰਸ਼ ਦੇ ਚੈਂਪੀਅਨ ਅਤੇ ਸੱਚੇ ਗਾਂਧੀਵਾਦੀ ਸਨ।
ਇਸ ਦੌਰਾਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੇ ਡੈਸਮੰਡ ਟੂਟੂ ਨੂੰ ਸੱਚਾ ਮਾਨਵਵਾਦੀ ਕਰਾਰ ਦਿੱਤਾ ਹੈ। ਉਨ੍ਹਾਂ ਟੂਟੂ ਦੀ ਧੀ ਮਫੋ ਟੂਟੂ ਨੂੰ ਲਿਖੀ ਚਿੱਠੀ ’ਚ ਆਪਣਾ ਵੱਡਾ ਅਧਿਆਤਮਕ ਭਰਾ ਅਤੇ ਚੰਗਾ ਦੋਸਤ ਦੱਸਿਆ ਹੈ। ਉਨ੍ਹਾਂ 2015 ’ਚ ਧਰਮਸ਼ਾਲਾ ’ਚ ਇਕੱਠਿਆਂ ਬਿਤਾਏ ਸਮੇਂ ਦਾ ਵੀ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly