ਜ਼ਿਲ੍ਹੇ ਦੇ ਸਾਰੇ ਬਲਾਕਾਂ ‘ਚ ਨਵਜੰਮੀਆਂ ਬੱਚੀਆਂ ਦੇ ਨਾਂਅ ‘ਤੇ ਲਗਾਏ ਜਾਣਗੇ ਪੌਦੇ – ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਦੀ ਕੀਤੀ ਸਮੀਖਿਆ

ਲੜਕੀਆਂ ਅਤੇ ਔਰਤਾਂ ਲਈ ਸ਼ੁਰੂ ਕੀਤੀ ਜਾਵੇਗੀ ਮੁਫ਼ਤ ਡਰਾਈਵਿੰਗ ਸਿਖਲਾਈ ਤੇ ਕੋਚਿੰਗ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਵਿਚ’ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਦੀ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਸਕੀਮ ਦੀ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕਈ ਅਹਿਮ ਫ਼ੈਸਲੇ ਲਏ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ 10 ਬਲਾਕਾਂ ਵਿਚ ਨਵਜੰਮੀਆਂ ਬੱਚੀਆਂ ਦੇ ਨਾਂ ’ਤੇ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲ ਵਾਤਾਵਰਨ ਸੁਰੱਖਿਆ ਦੇ ਨਾਲ-ਨਾਲ ਨਵਜੰਮੀਆਂ ਬੱਚੀਆਂ ਦੇ ਮਾਣ-ਸਨਮਾਨ ਨੂੰ ਉਤਸ਼ਾਹਿਤ ਕਰਨ ਦਾ ਪ੍ਰਤੀਕ ਵੀ ਹੋਵੇਗਾ।
ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਲੜਕੀਆਂ ਅਤੇ ਔਰਤਾਂ ਲਈ ਵੀ ਕਈ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਲੜਕੀਆਂ ਅਤੇ ਔਰਤਾਂ ਲਈ ਮੁਫ਼ਤ ਡਰਾਈਵਿੰਗ ਸਿਖਲਾਈ ਅਤੇ ਲੜਕੀਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨਾ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 27 ਅਗਸਤ ਨੂੰ ਲਗਾਏ ਜਾ ਰਹੇ ਮੈਗਾ ਰੋਜ਼ਗਾਰ ਮੇਲੇ ਵਿਚ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲਾ ਔਰਤਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ, ਜਿਸ ਨਾਲ ਉਹ ਆਰਥਿਕ ਤੌਰ ‘ਤੇ ਸਸ਼ਕਤ ਹੋ ਸਕਣਗੀਆਂ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਰਾਹੀਂ ਇਨ੍ਹਾਂ ਸਕੀਮਾਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਅਤੇ ਇਨ੍ਹਾਂ ਦਾ ਲਾਭ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਜ਼ਿਲ੍ਹੇ ਵਿਚ ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਅਹਿਮ ਕਦਮ ਹੈ, ਜਿਸ ਨਾਲ ਸਮਾਜਿਕ ਅਤੇ ਆਰਥਿਕ ਤੌਰ ’ਤੇ ਉਸਾਰੂ ਤਬਦੀਲੀਆਂ ਆਉਣਗੀਆਂ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜ਼ਿਲ੍ਹਾ ਵਿਕਾਸ ਫੈਲੋ ਜ਼ੋਇਆ ਸਿੱਦੀਕੀ, ਸਹਾਇਕ ਸਿਵਲ ਸਰਜਨ ਡਾ: ਕਮਲੇਸ਼, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਿਪਟੀ ਕਮਿਸ਼ਨਰ ਨੇ ਜਲੰਧਰ-ਹੁਸ਼ਿਆਰਪੁਰ ਰੋਡ ‘ਤੇ ਸਿੰਗੜੀਵਾਲਾ ਚੌਕ ‘ਤੇ ਪਏ ਟੋਇਆਂ ਦੀ ਸਮੱਸਿਆ ਕਰਵਾਈ ਹੱਲ
Next articleਡੋਰ ਸਟੈਪ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਹੁਸ਼ਿਆਰਪੁਰ ਵਾਸੀ – ਬ੍ਰਹਮ ਸ਼ੰਕਰ ਜਿੰਪਾ