ਨਵੇਂ ਸਾਲ ਮੌਕੇ ਨਗਰ ਨਿਗਮ ’ਚ ਕਰਵਾਇਆ ਹਵਨ, ਸੰਸਦ ਡਾ. ਰਾਜ ਕੁਮਾਰ, ਵਿਧਾਇਕ ਜਿੰਪਾ, ਡਿਪਟੀ ਕਮਿਸ਼ਨਰ ਤੇ ਮੇਅਰ ਨੇ ਕੀਤੀ ਸ਼ਿਰਕਤ

ਨਗਰ ਨਿਗਮ ਦੇ ਪਦਉੱਨਤ ਹੋਏ ਕਰਮਚਾਰੀਆਂ ਨੂੰ ਸੌਂਪੇ ਤਰੱਕੀ ਪੱਤਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਗਰ ਨਿਗਮ ਹੁਸ਼ਿਆਰਪੁਰ ਦੇ ਨਵੇਂ ਸਾਲ ਮੌਕੇ ਹਵਨ ਕਰਵਾਇਆ ਗਿਆ। ਇਸ ਦੌਰਾਨ ਸੰਸਦ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਮੇਅਰ ਸੁਰਿੰਦਰ ਕੁਮਾਰ ਨੇ ਹਵਨ ਵਿਚ ਭਾਗ ਲਿਆ ਅਤੇ ਸ਼ਹਿਰਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਸੁਖ-ਸ਼ਾਂਤੀ ਦੀ ਕਾਮਨਾ ਕੀਤੀ। ਸੰਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਅਧਿਆਤਮਕ ਅਤੇ ਸਕਾਰਾਤਮਕ ਸਮਾਰੋਹ ਨਾਲ ਹੋਣਾ ਸ਼ੁਭ ਸੰਕੇਤ ਹੈ। ਇਹ ਸਮਾਰੋਹ ਨਾ ਕੇਵਲ ਸ਼ਹਿਰਵਾਸੀਆਂ ਲਈ ਸੁਖ-ਸ਼ਾਂਤੀ ਲਈ ਪ੍ਰੇਰਣਾ ਹੈ ਬਲਕਿ ਨਗਰ ਨਿਗਮ ਦੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਸਮਰਪਣ ਨੂੰ ਵੀ ਦਰਸਾਉਂਦਾ ਹੈ। ਹਵਨ ਦਾ ਉਦੇਸ਼ ਕੇਵਲ ਧਾਰਮਿਕ ਸਮਾਰੋਹ ਨਹੀਂ ਹੈ, ਬਲਕਿ ਇਹ ਇਕ ਇਸ ਤਰ੍ਹਾਂ ਦਾ ਯਤਨ ਹੈ ਜੋ ਸਮੂਹਿਕ ਸ਼ਕਤੀ ਅਤੇ ਇਕਜੁੱਟਤਾ ਦਾ ਪ੍ਰਤੀਕ ਹੈ। ਉਨ੍ਹਾਂ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਿਰੰਤਰ ਯਤਨਾਂ ਕਾਰਨ ਹੁਸ਼ਿਆਰਪੁਰ ਸ਼ਹਿਰ ਦਾ ਵਿਕਾਸ ਤੇਜ਼ ਗਤੀ ਨਾ ਹੋ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਅਤੇ ਉਨ੍ਹਾਂ ਵਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਗਰ ਨਿਗਮ ਵਲੋਂ ਨਵੇਂ ਸਾਲ ਮੌਕੇ ਇਸ ਤਰ੍ਹਾਂ ਦੇ ਸਮਾਰੋਹ ਨਾ ਕੇਵਲ ਅਧਿਆਤਮਕ ਮਹੱਤਵ ਰੱਖਦੇ ਹਨ ਬਲਕਿ ਸਮਾਜ ਵਿਚ ਸਕਾਰਾਤਮਕ ਸੰਦੇਸ਼ ਵੀ ਦਿੰਦੇ ਹਨ। ਇਸ ਹਵਨ ਰਾਹੀਂ ਇਹ ਸੰਕਲਪ ਲਿਆ ਜਾ ਰਿਹਾ ਹੈ ਕਿ ਅਸੀਂ ਸਾਰੇ ਮਿਲ ਕੇ ਸ਼ਹਿਰ ਨੂੰ ਸਾਫ-ਸੁਥਰਾ, ਸੁੰਦਰ ਅਤੇ ਵਿਕਸਿਤ ਬਣਾਵਾਂਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਵਿਕਾਸ ਉਨ੍ਹਾਂ ਦੀ ਮੁੱਖ ਤਰਜ਼ੀਹ ਹੈ ਅਤੇ ਇਸ ਦੇ ਲਈ ਰਾਜ ਸਰਕਾਰ ਨਗਰ ਨਿਗਮ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਰਮਚਾਰੀਆਂ ਦੀ ਮਿਹਨਤ ਅਤੇ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀ ਅਤੇ ਅਧਿਕਾਰੀ ਸ਼ਹਿਰ ਦੇ ਅਸਲੀ ਹੀਰੋ ਹਨ ਜੋ ਦਿਨ-ਰਾਤ ਮਿਹਨਤ ਕਰਕੇ ਹੁਸ਼ਿਆਰਪੁਰ ਨੂੰ ਚਮਕਦਾਰ ਅਤੇ ਸੰਗਠਿਤ ਬਣਾਏ ਰੱਖਦੇ ਹਨ। ਹਵਨ ਉਪਰੰਤ ਸੰਸਦ ਚੱਬੇਵਾਲ ਅਤੇ ਵਿਧਾਇਕ ਜਿੰਪਾ ਨੇ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀ ਅਤੇ ਉਨ੍ਹਾਂ ਦੇ ਸਮਰਪਣ ਅਤੇ ਉਪਰਾਲਿਆਂ ਲਈ ਧੰਨਵਾਦ ਕੀਤਾ। ਉਨ੍ਹਾਂ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਅਤੇ ਵਿਕਾਸ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਅਤੇ ਹੁਸ਼ਿਆਰਪੁਰ ਨੂੰ ਇਕ ਆਦਰਸ਼ ਸ਼ਹਿਰ ਬਣਾਉਣ ਵਿਚ ਮਦਦ ਕਰਨ। ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਸਫ਼ਾਈ ਸੇਵਕਾਂ ਅਤੇ ਹੋਰ ਕਰਮਚਾਰੀਆਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ। ਇਸ ਵਿਚ 8 ਸਫ਼ਾਈ ਸੇਵਕਾਂ ਨੂੰ ਸਫ਼ਾਈ ਮੇਟ ਦੇ ਰੂਪ ਵਿਚ ਉਨਤੀ ਦਿੱਤੀ ਗਈ। 3 ਸਫ਼ਾਈ ਸੇਵਕਾਂ ਨੂੰ ਅਸਥਾਈ ਸਫਾਈ ਮੇਟ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ। 3 ਕਰਮਚਾਰੀਆਂ ਨੂੰ ਸੈਨੇਟਰੀ ਸੁਪਰਵਾਈਜ਼ਰ ਦੇ ਰੂਪ ਵਿਚ ਪ੍ਰਮੋਟ ਕੀਤਾ ਗਿਆ। ਇਕ ਕਰਮਚਾਰੀ ਨੂੰ ਦਫ਼ਤਰੀ ਅਹੁਦੇ ’ਤੇ ਤਰੱਕੀ ਦਿੱਤੀ ਗਈ। ਪਦਉੱਨਤ ਕਰਮਚਾਰੀਆਂ ਨੂੰ ਸੰਸਦ ਚੱਬੇਵਾਲ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵਲੋਂ ਤਰੱਕੀ ਪੱਤਰ ਸੌਂਪੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ 24 ਜਨਵਰੀ ਤੱਕ ਯੋਗ ਵੋਟਰ ਫਾਰਮ ਭਰ ਕੇ ਆਪਣੀ ਵੋਟ ਜ਼ਰੂਰ ਬਣਾਉਣ
Next articleਨਸ਼ਾ ਮੁਕਤ ਪੰਜਾਬ ਲਈ ਪੰਚਾਇਤਾਂ ਦੀ ਅਹਿਮ ਭੂਮਿਕਾ – ਡਿਪਟੀ ਸਪੀਕਰ