ਨਵੀਂ ਸੋਚ

(ਸਮਾਜ ਵੀਕਲੀ)

“ਆਜਾ ਭੈਣੇ, ਲੰਘ ਆ। ” ਨਸੀਬੋ ਨੇ ਬਚਨੀ ਨੂੰ ਆਉਂਦਿਆਂ ਦੇਖ ਕੇ ਪੀੜੀ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ।

“ਅਾਣਾ ਕੀ ਏ ਭੈਣੇ, ਲੋਹੜਾ ਆ ਗਿਆ ਏ, ਹੁਣ ਤਾਂ ਬਰਦਾਸ਼ਤ ਨੀਂ ਹੁੰਦਾ ਮੈਥੋਂ”, ਬਚਨੀ ਨੇ ਪੀੜੀ ‘ਤੇ ਬੈਠਦਿਆਂ ਇੰਝ ਕਿਹਾ ਜਿਵੇਂ ਇੱਥੇ ਬੈਠਣਾ ਵੀ ਉਸਨੂੰ ਮੁਸ਼ਕਿਲ ਲੱਗਦਾ ਹੋਵੇ।

” ਬੜੀ ਹੀ ਦੁੱਖੀ ਲੱਗਦੀ ਏਂ, ਭਲਾ ਦੱਸ ਖਾਂ ਤਾਂ ਕੀ ਹੋ ਗਿਆ? “ਨਸੀਬੋ ਨੇ ਬੇਪ੍ਰਵਾਹੀ ਜਿਹੀ ਨਾਲ ਪੁੱਛਿਆ।

” ਹੋਣਾ ਕੀ ਏ, ਸਿਆਪਾ ਰੋਜ਼ ਦਾ ਕਰ-ਕਰ ਕੇ ਥੱਕ ਗਈ ਆਂ। ਆਪ ‘ਰਾਮ ਨਾਲ ਮੰਜੇ ‘ਤੇ ਪੈ ਜਾਂਦੀ ਏ ਕਿ ਮੇਰਾ ਆਹ ਦੁੱਖਦਾ ਏ, ਔਹ ਦੁੱਖਦਾ ਏ। ਮੈਂ ਕੰਮ ਕਰਨ ਨੂੰ ਕਹਾਂ ਤਾਂ ਅੱਗੋਂ ਕਹਿੰਦੀ ਏ, ‘ਬੁੜੀ ਨੇ ਤਾਂ ਬੁੜ-ਬੁੜ ਕਰੀ ਜਾਣੀ ਏ, ਮੈਥੋਂ ਨੀਂ ਹੁੰਦਾ ਕੁਸ਼ ਵੀ, ਆਪੇ ਕਰੇ ਨਾਂ ਕਰੇ। ‘ਹੁਣ ਦੱਸ ਭਲਾ ਮੈਂ ਕਿੰਨਾ ਕੁ ਕੰਮ ਕਰੀ ਜਾਵਾਂ ਰੋਜ਼ ਦਾ? ਕੁੜ ਕੁੜ ਕੇ ਮੇਰਾ ਖੂਨ ਸੁੱਕ ਗਿਆ ਏ, ਬਚਨੀ ਨੇ ਨੂੰਹ ਦਾ ਸਾਰਾ ਰੋਣਾ ਰੋ ਦਿੱਤਾ।

‘ਨੀਂ ਭੈਣੇ, ਪਹਿਲਾਂ ਸਾਡੇ ਘਰ ਵਿੱਚ ਵੀ ਇਹੋ ਕਲੇਸ਼ ਪਿਆ ਰਹਿੰਦਾ ਸੀ ਪਰ ਹੁਣ ਤਾਂ ਆਰਾਮ ਏ, ਜਿਸ ਦਿਨ ਦੀ ਮੈਂ ਸੋਚ ਬਦਲੀ ਏ।’ ਨਸੀਬੋ ਨੇ ਖੁਸ਼ ਹੁੰਦਿਆਂ ਫਖ਼ਰ ਜਿਹੇ ਨਾਲ ਕਿਹਾ।

‘ ਨੀਂ ਓਹ ਕੀ ਭਲਾ? ਮੈਨੂੰ ਵੀ ਦੱਸ ਖਾਂ, ਬਚਨੀ ਨੇ ਉਤਾਵਲੇ ਹੁੰਦਿਆਂ ਪੁੱਛਿਆ।

‘ਕਰਨਾ ਕੁੱਛ ਨੀਂ ਪੈਣਾ, ਬੱਸ ਆਪਣਾ ਰਵੱਈਆ ਬਦਲ, ਬੁੜ-ਬੁੜ ਕਰਨਾ ਛੱਡ ਦੇ, ਵੇਖਿਆ ਨੀਂ ਜੇ ਟੀ. ਵੀ. ਵਿੱਚ ਕਿਵੇਂ ਚੰਗੀਆਂ ਸੱਸਾਂ ਆਪਣੀਆਂ ਨੂੰਹਾਂ ਨੂੰ ਧੀਆਂ ਵਾਂਗ ਰੱਖਦੀਆਂ ਨੇ। ਬੱਸ ਉਵੇਂ ਹੀ ਕਰਨਾ ਹੈ। ਨੂੰਹ ਨੂੰ ਧੀ ਦੀ ਤਰ੍ਹਾਂ ਮੰਨਣਾ ਤੇ ਜੋ ਵੀ ਕੰਮ ਕਹਿਣਾ ਉਹ ਪਿਆਰ ਨਾਲ ਕਹਿਣਾ ਤੇ ਜਿੰਨਾ ਕੁ ਹੋ ਸਕੇ, ਨਾਲ ਕਰਵਾ ਦਿਆ ਕਰ। ਘੱਟ ਤੋਂ ਘੱਟ ਸਾਰਾ ਤਾਂ ਨੀਂ ਕਰਨਾ ਪਿਆ ਕਰੂ।ਤੇ ਨਾਲੇ ਜਿਵੇਂ ਧੀਆਂ ਦੇ ਨੱਖਰੇ ਝੱਲੀਦੇ ਨੇ, ਜੇ ਥੋੜੵੇ ਬਹੁਤੇ ਨੂੰਹਾਂ ਦੇ ਵੀ ਝੱਲ ਲਏ ਤਾਂ ਕੀ ਮਾੜਾ ਹੋ ਜੂ।ਬੱਸ ਅੱਜ ਤੋਂ ਨੂੰਹ ਨੂੰ ਧੀ ਮੰਨ ਤੇ ਉਸ ਨੂੰ ਵੀ ਆਪਣੇ ਮਾਂ ਹੋਣ ਦਾ ਅਹਿਸਾਸ ਕਰਵਾ। ਵੇਖੀਂ ਸਾਰਾ ਕਲੇਸ਼ ਆਪੇ ਦੂਰ ਹੋ ਜਾਊ। ‘ਨਸੀਬੋ ਨੇ ਸਮਝਾਉਣ ਦੇ ਅੰਦਾਜ਼ ‘ਚ ਕਿਹਾ ।

‘ਗੱਲ ਤਾਂ ਤੇਰੀ ਸੌਲ਼ਾਂ ਆਨੇ ਸੱਚ ਏ, ਅਸੀਂ ਬੁਰਾ ਬੋਲ-ਬੋਲ ਕੇ ਨੂੰਹਾਂ ਨੂੰ ਆਪੇ ਢੀਠ ਬਣਾ ਦਿੰਦੀਆਂ ਹਾਂ ਤੇ ਉਨ੍ਹਾਂ ਦੇ ਹਰੇਕ ਕੰਮ ਵਿੱਚ ਇੰਨੇ ਨੁਕਸ ਕੱਢੀਦੇ ਨੇ ਕਿ ਉਹ ਕੰਮ ਕਰਨੋਂ ਹੀ ਕਤਰਾਉਣ ਲੱਗਦੀਆਂ ਨੇ। ਸੱਚ ਨੀਂ ਭੈਣੇ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹੁਣ ਮੈਂ ਵੀ ਇਹ ਨਵੀਂ ਸੋਚ ਅਪਣਾਊਂ ਤੇ ਹੋਰਨਾਂ ਸੱਸਾਂ-ਨੂੰਹਾਂ ਨੂੰ ਵੀ ਤੇਰਾ ਗੁਰ ਦੱਸੂ। ਜੁੱਗ-ਜੁੱਗ ਜੀਵੇਂ ਅੜੀਏ। ‘ਬਚਨੀ ਨੇ ਪੀੜੀ ਤੋਂ ਉੱਠਦਿਆ ਕਿਹਾ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਜ ਤਾਂ ਬੋਲੇ ਛਾਣਨੀ ਕਿਓਂ ਬੋਲੇ?
Next articleਚੀਨ ਦੇਸ਼ ਤੋਂ ਸਿੱਖਣ ਦੀ ਜ਼ਰੂਰਤ”