(ਸਮਾਜ ਵੀਕਲੀ)
ਭੁੱਖੇ ਖਾਤਰ ਰੋਟੀ ਪਿਆਸੇ ਖ਼ਾਤਰ ਪਾਣੀ ਬਣ ਜਾਂ।
ਮਰਨੇ ਤੋਂ ਪਹਿਲਾਂ ਮੈਂ ਕੋਈ ਅਮਰ ਕਹਾਣੀ ਬਣ ਜਾਂ।
ਅੱਖੀਂ ਵੇਖੀ ਦੁਨੀਆ ਝੂਠੀ ਸਮਝ ਲਈ ਸੋ ਸੱਚੀ,
ਫੱਕਰ ਜੀਵਨ ਜੀਵਾਂ ਕਿਉਂ ਮੈਂ ਉਲਝੀ ਤਾਣੀ ਬਣ ਜਾਂ।
ਸੁਪਨੇ ਵਿਚ, ਅਕਾਸ਼ਾਂ ਵਿੱਚੋਂ, ਰੂਹ ਅੱਜ ਮੇਰੀ ਬੋਲੀ,
ਚਰਨੀਂ ਲੱਗ ਕੇ ਸੱਚੇ ਪ੍ਰੀਤਮ ਦੀ ਮੈਂ ਰਾਣੀ ਬਣ ਜਾਂ।
ਜੀਵਨ ਔਖਾ ਝੰਜਟ ਹੈ ਸੋਚਾਂ ਵਿੱਚ ਬੁਢਾਪੇ ਦੇ,
ਦਿਲ ਕਰਦੈ ਮੈਂ ਨੱਚਾਂ,ਕੁੱਦਾਂ ਜਿੰਦ ਨਿਆਣੀ ਬਣ ਜਾਂ।
ਮੇਵੇ ਨਖਰੇ ਹੇਠ ਨਾ ਤੇਰੇ ਭਾਲ਼ੇਂ ਇਸ਼ਕ ਜਲੇਬੀ,
ਇਸ਼ਕ ਜਲੇਬੀ ਖ਼ਾਤਰ ਇਸ਼ਕੇ ਦੀ ਮੈਂ ਚਾਹਣੀ ਬਣ ਜਾਂ।
ਬੰਦਸ਼ ਮੰਨਾਂ ਦੁਨੀਆ ਦੀ ਫਿਰ ਵੀ ਸੂਖਮ ਬਣਕੇ ਮੈਂ,
ਬਾਗ਼ ਤਿਰੇ ਵਿਚ ‘ਲੋਟੇ’ ਅੰਬਾਂ ਲੱਦੀ ਟਾਹਣੀ ਬਣ ਜਾਂ।
ਲੋਟੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly