- ਪ੍ਰਧਾਨਗੀ ਦਾ ਅਹੁਦਾ ਸੰਭਾਲੇ ਜਾਣ ਮੌਕੇ ਕਿਸਾਨੀ ਅਤੇ ਬੇਅਦਬੀ ਦੇ ਮੁੱਦੇ ਛਾਏ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਦਾ ਮਿਸ਼ਨ ਸੂਬੇ ਦੇ ਵੱਡੇ ਮਸਲੇ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਕਿਸਾਨਾਂ ਵੱਲੋਂ ਦਿੱਲੀ ’ਚ ਕੀਤੇ ਜਾ ਰਹੇ ਸੰਘਰਸ਼ ਨੂੰ ਸਭ ਤੋਂ ਵੱਡਾ ਮਸਲਾ ਕਰਾਰ ਦਿੱਤਾ। ਸਿੱਧੂ ਨੇ ਬੇਦਅਬੀ ਦੇ ਮਾਮਲੇ ਨੂੰ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਲੰਮੀ ਸਿਆਸੀ ਖਿੱਚੋਤਾਣ ਮਗਰੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਸਿਆਸੀ ਮੰਚ ’ਤੇ ਇਕੱਠੇ ਦਿਖਾਈ ਦਿੱਤੇ।
ਇੱਥੇ ਕਾਂਗਰਸ ਭਵਨ ’ਚ ਅਹੁਦਾ ਸੰਭਾਲ ਸਮਾਗਮ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ’ਚ ਕਿਹਾ ਕਿ ਉਹ ਪੰਜਾਬ ਦੇ ਕਲਿਆਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਸਮਾਗਮ ਦੌਰਾਨ ਕੈਪਟਨ ਦੀ ਹਾਜ਼ਰੀ ਨੇ ਪਾਰਟੀ ’ਚ ‘ਸਭ ਅੱਛਾ’ ਹੋਣ ਦਾ ਪ੍ਰਭਾਵ ਦਿੱਤਾ। ਅਮਰਿੰਦਰ ਸਿੰਘ ਅਤੇ ਸਿੱਧੂ ਦੇ ਇੱਕ ਮੰਚ ’ਤੇ ਆਉਣ ਨੂੰ ਪਾਰਟੀ ਲਈ ਸ਼ੁਭ ਸੰਕੇਤ ਦੱਸਿਆ ਜਾ ਰਿਹਾ ਹੈ। ਪਾਰਟੀ ਦੇ ਵੱਡੇ ਚਿਹਰੇ ਇੱਕੋ ਫਰੇਮ ’ਚ ਦਿਖਾਈ ਦਿੱਤੇ।
ਸਾਰੇ ਆਗੂਆਂ ਨੇ ਅਗਲੀਆਂ ਚੋਣਾਂ ਨੂੰ ਲੈ ਕੇ ਆਪਣੇ ਭਾਸ਼ਨਾਂ ’ਚ ਪੂਰਾ ਤਾਣ ਲਾਇਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ਤਾਂ ਨਵਜੋਤ ਸਿੱਧੂ ਨੇ ਸੂਬੇ ਦੇ ਮਸਲਿਆਂ ਦਾ ਢੇਰ ਸਟੇਜ ’ਤੇ ਲਾ ਦਿੱਤਾ। ਅੱਜ ਦੇ ਸਮਾਗਮਾਂ ਵਿਚ ਉਹ ਮੁੱਦੇ ਛਾਏ ਰਹੇ ਜਿਨ੍ਹਾਂ ਨੂੰ ਲੈ ਕੇ ਪੰਜਾਬੀਆਂ ਵੱਲੋਂ ਕੈਪਟਨ ਸਰਕਾਰ ’ਤੇ ਤਨਜ਼ ਕਸੇ ਜਾ ਰਹੇ ਸਨ। ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਹਾਈਕਮਾਨ ਦੇ ਪੰਜਾਬ ਲਈ 18 ਨੁਕਾਤੀ ਏਜੰਡੇ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹਰ ਵਰਕਰ ਪ੍ਰਧਾਨ ਬਣ ਗਿਆ ਹੈ ਅਤੇ ਪ੍ਰਧਾਨ ਤੇ ਵਰਕਰ ਵਿਚਲਾ ਫਾਸਲਾ ਮਿਟ ਗਿਆ ਹੈ।
ਉਨ੍ਹਾਂ ਕਿਹਾ,‘‘ਇਹ ਮਸਲਾ ਪ੍ਰਧਾਨਗੀ ਦਾ ਨਹੀਂ ਬਲਕਿ ਇਹ ਮਸਲਾ ਗੁਰੂ ਦਾ, ਕਿਸਾਨਾਂ ਦਾ, ਰੁਜ਼ਗਾਰ ਦਾ ਅਤੇ ਇਨਸਾਫ ਦਾ ਹੈ। ਅੱਜ ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੈ ਅਤੇ ਪਵਿੱਤਰ ਸੰਘਰਸ਼ ਲੜ ਰਿਹਾ ਹੈ। ਇਸੇ ਸੰਘਰਸ਼ ਨੇ ਏਕੇ ਦਾ ਰਾਹ ਦਿਖਾਇਆ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਨੇ ਇਹ ਦਿਨ ਦਿਖਾਏ ਹਨ।’’ ਸਿੱਧੂ ਨੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੁਨੇਹਾ ਦਿੱਤਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਉਨ੍ਹਾਂ ਪੁੱਛਿਆ ਕਿ ਸਰਕਾਰ ਦੀ ਤਾਕਤ ਕਿਸਾਨਾਂ ਦੇ ਕੰਮ ਕਿਵੇਂ ਆ ਸਕਦੀ ਹੈ। ਬੇਅਦਬੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਇਹ ਮਸਲਾ ਮੇਰੇ ਗੁਰੂ ਦਾ ਹੈ ਅਤੇ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਦੀਆਂ ਉਮੀਦਾਂ ਦੀ ਇਹ ਪ੍ਰਧਾਨਗੀ ਹੈ।’’ ਸਿੱਧੂ ਨੇ ਬਿਜਲੀ ਦੇ ਵਧੇ ਰੇਟਾਂ ਅਤੇ ਬਿਜਲੀ ਸਮਝੌਤਿਆਂ ਦੀ ਗੱਲ ਵੀ ਕੀਤੀ।
ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸੁਆਲ ਪੁੱਛਦਾ ਹੈ ਕਿ ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲੇ ਕਿੱਥੇ ਨੇ। ‘ਕਿੱਥੇ ਨੇ ਮਗਰਮੱਛ, ਉਨ੍ਹਾਂ ਨੂੰ ਢਾਹੁਣਾ ਪਵੇਗਾ। ਮੁੱਖ ਮੰਤਰੀ ਸਾਹਬ! ਏਹ ਮਸਲੇ ਹੱਲ ਕਰਨੇ ਨੇ।’ ਸਿੱਧੂ ਨੇ ਈਟੀਟੀ ਟੀਚਰਾਂ ਅਤੇ ਡਰਾਈਵਰਾਂ ਦੇ ਮੁੱਦੇ ਵੀ ਛੋਹੇ। ਇਹ ਵਚਨ ਵੀ ਕੀਤਾ ਕਿ ਉਹ ਪੰਜਾਬ ਦੇ ਵਰਕਰਾਂ ਅਤੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਵਾਪਸ ਕਰਨਗੇ। ਸਿੱਧੂ ਨੇ ਅਸਿੱਧੇ ਤਰੀਕੇ ਨਾਲ ਬਾਦਲ ਤੇ ਮਜੀਠਾ ਪਰਿਵਾਰ ਨੂੰ ਵੀ ਨਿਸ਼ਾਨੇ ’ਤੇ ਲਿਆ। ਸਿੱਧੂ ਨੇ ਜੈਕਾਰਿਆਂ ਨਾਲ ਆਪਣਾ ਭਾਸ਼ਨ ਸਮਾਪਤ ਕੀਤਾ। ਨਵਜੋਤ ਸਿੱਧੂ ਨੇ ਆਪਣੇ ਪਿਤਾ ਦੇ ਸਿਆਸੀ ਸਫਰ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨ ’ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਰੋਨਾ ਕਾਲ ਦੌਰਾਨ ਕੀਤੇ ਗਏ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਮਾਰੀ ਮੱਲ੍ਹ ਨੂੰ ਉਭਾਰਿਆ ਅਤੇ ਇਨ੍ਹਾਂ ਦਾ ਸਿਹਰਾ ਬਲਬੀਰ ਸਿੰਘ ਸਿੱਧੂ, ਓ ਪੀ ਸੋਨੀ ਅਤੇ ਵਿਜੈਇੰਦਰ ਸਿੰਗਲਾ ਨੂੰ ਦਿੱਤਾ।
ਕੈਪਟਨ ਨੇ ਬੇਅਦਬੀ ਅਤੇ ਬਹਿਬਲ ਕਲਾਂ ਦੇ ਮੁੱਦੇ ’ਤੇ ਕਿਹਾ ਕਿ ਇਹ ਮਾਮਲੇ ਕਾਨੂੰਨ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਸੀਬੀਆਈ ਤੋਂ ਕੇਸ ਵਾਪਸ ਲਿਆ ਜਦੋਂ ਕਿ ਅਕਾਲੀਆਂ ਨੇ ਸੀਬੀਆਈ ਨੂੰ ਇਹ ਮਾਮਲਾ ਦਿੱਤਾ ਸੀ। ਅਮਰਿੰਦਰ ਨੇ ਕਿਹਾ,‘‘ਲੋਕਾਂ ਨੇ ਬੇਦਅਬੀ ਕਰਨ ਵਾਲਿਆਂ ਨੂੰ ਪਛਾਣ ਲਿਆ ਹੈ। ਅਗਲੀ ਚੋਣ ਵਿਚ ਨਾ ਕਿਧਰੇ ਬਾਦਲ ਦਿਖਣਗੇ ਅਤੇ ਨਾ ਹੀ ਮਜੀਠੀਏ। ਮੈਂ ਤੇ ਸਿੱਧੂ ਹੁਣ ਪੰਜਾਬ ’ਚ ਹੀ ਨਹੀਂ, ਦੇਸ਼ ਦੀ ਸਿਆਸਤ ਵਿਚ ਵੀ ਇਕੱਠੇ ਚੱਲਾਂਗੇ।’’ ਉਨ੍ਹਾਂ ਸਿੱਧੂ ਦੇ ਪਿਤਾ ਨਾਲ ਪਰਿਵਾਰਕ ਸਾਂਝ ਨੂੰ ਚੇਤੇ ਕਰਦਿਆਂ ਕਿਹਾ ਕਿ ਨਵਜੋਤ ਦੇ ਪਿਤਾ ਨੇ ਉਨ੍ਹਾਂ ਨੂੰ ਸਿਆਸਤ ਲਈ ਪ੍ਰੇਰਿਆ। ਉਦੋਂ ਨਵਜੋਤ ਛੇ ਕੁ ਵਰ੍ਹਿਆਂ ਦਾ ਸੀ ਜਦੋਂ ਉਹ ਚੀਨ ਦੀ ਸਰਹੱਦ ’ਤੇ ਤਾਇਨਾਤ ਸਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵੀਂ ਟੀਮ ਨੂੰ ਮੁੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਦੀ ਕਾਬਲੀਅਤ ਦੀ ਚਰਚਾ ਕੀਤੀ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜ਼ੀਆ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਨੇ ਵੀ ਮੰਚ ਤੋਂ ਸੰਬੋਧਨ ਕੀਤਾ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਸਮਾਂ ਨਾ ਮਿਲਿਆ।
ਮੁੱਖ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਨਵਜੋਤ ਸਿੱਧੂ ਦੀ ਵਾਰ ਵਾਰ ਗੱਲ ਕੀਤੀ ਜਦੋਂ ਕਿ ਨਵਜੋਤ ਸਿੱਧੂ ਨੇ ਆਪਣੇ ਭਾਸ਼ਨ ਵਿਚ ਮੁੱਖ ਮੰਤਰੀ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ। ਸਟੇਜ ’ਤੇ ਦੋਵੇਂ ਆਗੂ ਬੇਸ਼ੱਕ ਨਾਲੋਂ ਨਾਲ ਬੈਠੇ ਸਨ ਪ੍ਰੰਤੂ ਉਨ੍ਹਾਂ ’ਚ ਦਿਲਾਂ ਦੀ ਦੂਰੀ ਸਾਫ ਝਲਕ ਰਹੀ ਸੀ। ਨਵਜੋਤ ਸਿੱਧੂ ਨੇ ਜਦੋਂ ਬਾਅਦ ’ਚ ਪ੍ਰਧਾਨਗੀ ਵਾਲੀ ਕੁਰਸੀ ਸੰਭਾਲੀ ਤਾਂ ਉਦੋਂ ਮੁੱਖ ਮੰਤਰੀ ਗੈਰਹਾਜ਼ਰ ਸਨ। ਪੰਜਾਬ ਸਰਕਾਰ ਦੇ ਤਕਰੀਬਨ ਸਾਰੇ ਵਜ਼ੀਰ ਅਤੇ ਖਾਸ ਤੌਰ ’ਤੇ ਨਵਜੋਤ ਸਿੱਧੂ ਦੀ ਤਾਕਤ ਬਣਨ ਵਾਲੇ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖ ਸਰਕਾਰੀਆਂ ਤੋਂ ਇਲਾਵਾ ਤਕਰੀਬਨ ਪਾਰਟੀ ਦੇ ਸਮੁੱਚੇ ਵਿਧਾਇਕ ਅਤੇ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ। ਸਟੇਜ ਦਾ ਸੰਚਾਲਨ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly