ਆਰ ਸੀ ਐਫ ਵੱਲੋਂ ਵੰਦੇ ਮੈਟਰੋ ਰੇਕ ਦਾ ਨਿਰਮਾਣ , ਇੰਟਰਸਿਟੀ ਟ੍ਰੈਫਿਕ ਵਿੱਚ ਸੁਚਾਰੂ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਵੱਲ ਇੱਕ ਕ੍ਰਾਂਤੀਕਾਰੀ ਕਦਮ- ਐਸ ਐਸ ਮਿਸ਼ਰਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਸਾਲ 2024-25 ਵਿੱਚ 2102 ਕੋਚਾਂ ਦਾ ਨਿਰਮਾਣ ਕਰ ਪਿਛਲੇ ਸਾਲ ਬਣਾਏ ਗਏ 1901 ਕੋਚਾਂ ਦੇ ਮੁਕਾਬਲੇ 11% ਦੇ ਵਾਧੇ ਨਾਲ, ਹੁਣ ਤੱਕ ਦੇ ਸਭ ਤੋਂ ਵੱਧ ਸਾਲਾਨਾ ਕੋਚ ਉਤਪਾਦਨ ਦਾ ਰਿਕਾਰਡ ਕਾਇਮ ਕੀਤਾ ਹੈ । ਇਸ ਤੋਂ ਇਲਾਵਾ, ਆਰ ਸੀ ਐਫ ਨੇ ਸਾਲ 2023-24 ਦੇ ਮੁਕਾਬਲੇ ਐਲ ਐਚ ਬੀ ਕੋਚਾਂ ਦੇ ਉਤਪਾਦਨ ਵਿਚ 22% ਦਾ ਵਾਧਾ ਦਰਜ ਕਰਦਿਆਂ ਸਾਲ 2024-25 ਵਿੱਚ ਰਿਕਾਰਡ 1926 ਐਲ ਐਚ ਬੀ ਕੋਚਾਂ ਦਾ ਨਿਰਮਾਣ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਵਿੱਤੀ ਸਾਲ 2024-25 ਵਿੱਚ ਹੁਣ ਤੱਕ ਆਰ ਸੀ ਐਫ ਦਾ ਕੁੱਲ ਕੋਚ ਉਤਪਾਦਨ 46,000 ਕੋਚਾਂ ਤੋਂ ਵੱਧ ਹੋ ਗਿਆ ਹੈ। ਵਿੱਤੀ ਸਾਲ 2024-25 ਵਿਚ ਆਰ ਸੀ ਐਫ ਨੇ ਕਈ ਨਵੇਂ ਉਤਪਾਦਾਂ ਦਾ ਨਿਰਮਾਣ ਕਰਕੇ ਦੇਸ਼ ਵਿੱਚ ਵਿਸ਼ੇਸ਼ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜਿਸ ਵਿੱਚ ਆਰ ਸੀ ਐਫ ਵਲੋਂ ਵੰਦੇ ਮੈਟਰੋ ਰੇਕ ਦਾ ਨਿਰਮਾਣ ਸ਼ਾਮਿਲ ਹੈ ਜੋ ਕਿ ਇੰਟਰਸਿਟੀ ਟ੍ਰੈਫਿਕ ਵਿੱਚ ਸੁਚਾਰੂ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਵੱਲ ਇੱਕ ਕ੍ਰਾਂਤੀਕਾਰੀ ਕਦਮ ਹੈ। ਵੱਡੇ ਸ਼ਹਿਰਾਂ ਵਿੱਚ ਆਧੁਨਿਕ ਮੈਟਰੋ ਪ੍ਰਣਾਲੀਆਂ ਲਈ ਤਿਆਰ ਕੀਤੀਆਂ ਗਈਆਂ ਵੰਦੇ ਮੈਟਰੋ ਟ੍ਰੇਨਾਂ, ਨਵੇਂ ਕਿਸਮਾਂ ਦੇ ਰੋਲਿੰਗ ਸਟਾਕ ਵੱਲ ਇੱਕ ਤਬਦੀਲੀ ਨੂੰ ਦਰਸਾਉਂਦੀਆਂ ਹਨ। ਕਸ਼ਮੀਰ ਵਾਦੀ ਲਈ ਊਧਮਪੁਰ ਤੇ ਬਾਰਾਮੂਲਾ ਵਿਚਕਾਰ ਗਰਮ ਤੋਂ ਠੰਡੇ ਮੌਸਮ ਵਿੱਚ ਚੱਲਣ ਲਈ 5 ਰੈਕ ਤਿਆਰ ਕੀਤੇ ਗਏ ਹਨ, ਜਿਸ ਵਿੱਚ ਵਾਧੂ ਹੀਟਿੰਗ ਪ੍ਰਬੰਧ ਹਨ। ਵੰਦੇ ਭਾਰਤ ਕੋਚਾਂ ਦਾ ਉਤਪਾਦਨ ਹੁਣ ਆਰ ਸੀ ਐਫ ਵਿੱਚ ਸ਼ੁਰੂ ਹੋ ਗਿਆ ਹੈ। ਅੰਮ੍ਰਿਤ ਭਾਰਤ ਕੋਚਾਂ ਦਾ ਪਹਿਲਾ ਰੇਕ ਨਵੇਂ ਨਿਰਮਾਣਾਂ ਦੀ ਲੜੀ ਵਿੱਚ ਤਿਆਰ ਕੀਤਾ ਗਿਆ ਹੈ। ਅੰਮ੍ਰਿਤ ਭਾਰਤ ਟ੍ਰੇਨ ਇੱਕ ਪੁਸ਼-ਪੁੱਲ ਟ੍ਰੇਨ ਹੈ ਜਿਸ ਵਿੱਚ ਅਪਗ੍ਰੇਡ ਕੀਤੇ ਨਾਨ ਏ ਸੀ 3 ਟੀਅਰ ਸਲੀਪਰ, ਪੈਂਟਰੀ ਅਤੇ ਅਣਰਿਜ਼ਰਵਡ ਕੋਚ ਹਨ। ਇਸ ਤੋਂ ਇਲਾਵਾ, ਹਾਈ ਸਪੀਡ ਸੈਲਫ ਪ੍ਰੋਪੇਲਡ ਐਕਸੀਡੈਂਟ ਰਿਲੀਫ ਟ੍ਰੇਨ , ਹਾਈ ਸਪੀਡ ਸੈਲਫ ਪ੍ਰੋਪੇਲਡ ਇੰਸਪੈਕਸ਼ਨ ਕਾਰ ਦੇ ਡਿਜ਼ਾਈਨ ਤਿਆਰ ਕੀਤੇ ਗਏ ਹਨ ਅਤੇ ਇਹ ਕੋਚ ਵਿੱਤੀ ਸਾਲ 2025-26 ਵਿੱਚ ਉਤਪਾਦਨ ਲਈ ਤਿਆਰ ਹਨ। ਇਸ ਵਿੱਤੀ ਸਾਲ ਵਿੱਚ ਬੰਗਲਾਦੇਸ਼ ਰੇਲਵੇ ਲਈ ਐੱਲ ਐੱਚ ਬੀ ਕੋਚ ਬਣਾਏ ਜਾਣਗੇ। ਨਵੇਂ ਕਿਸਮ ਦੇ ਕੋਚਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਧਿਆਨ ਆਰ ਸੀ ਐਫ ਦੀ ਤਕਨੀਕੀ ਤਰੱਕੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ‘ਤੇ, ਆਰ ਸੀ ਐਫ ਦੇ ਜਨਰਲ ਮੈਨੇਜਰ, ਸ਼੍ਰੀ ਐਸ ਐਸ ਮਿਸ਼ਰਾ ਨੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੁਰਾਣੇ ਆਈ ਸੀ ਐਫ ਕਿਸਮ ਦੇ ਕੋਚਾਂ ਨੂੰ ਪੜਾਅਵਾਰ ਫੇਜ਼ ਆਊਟ ਕਰਨ ਲਈ, ਆਰ ਸੀ ਐਫ ਨੂੰ ਰੇਲਵੇ ਬੋਰਡ ਵਲੋਂ ਸਾਲ 2025-26 ਵਿੱਚ 3000 ਕੋਚਾਂ ਦੇ ਨਿਰਮਾਣ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਪਣੇ ਤਕਨੀਕੀ ਹੁਨਰ ਅਤੇ ਮਜ਼ਬੂਤ ਦ੍ਰਿੜ ਇਰਾਦੇ ਨਾਲ, ਆਰ ਸੀ ਐਫ ਨਿਸ਼ਚਤ ਤੌਰ ‘ਤੇ ਨਿਰਧਾਰਤ ਸਮੇਂ ਦੇ ਅੰਦਰ ਆਪਣਾ ਟੀਚਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਇਸ ਮੌਕੇ ‘ਤੇ, ਸਾਰੇ ਕਰਮਚਾਰੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਸਾਂਝਾ ਕਰਨ ਲਈ ਮਠਿਆਈਆਂ ਵੰਡੀਆਂ ਗਈਆਂ। ਵਿਭਾਗ ਮੁਖੀਆਂ ਦੀ ਮੌਜੂਦਗੀ ਵਿੱਚ ਜਨਰਲ ਮੈਨੇਜਰ ਸ਼੍ਰੀ ਐਸ ਐਸ ਮਿਸ਼ਰਾ ਦੁਆਰਾ ਕਰਮਚਾਰੀਆਂ ਦੇ ਕੰਮ ਵਾਲੀਆਂ ਥਾਵਾਂ ‘ਤੇ ਮਠਿਆਈਆਂ ਵੰਡੀਆਂ ਗਈਆਂ। ਸਾਰੇ ਕਰਮਚਾਰੀ ਉਤਪਾਦਨ ਰਿਕਾਰਡਾਂ ‘ਤੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਅਤੇ ਸਾਰੇ ਕਾਰਜ ਸਥਾਨਾਂ ‘ਤੇ ਤਿਉਹਾਰ ਵਰਗੇ ਮਾਹੌਲ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



