ਸਮਾਜ ਵੀਕਲੀ
ਜੇਕਰ ਮੈਂ ਕਹਾਂ ਕਿ ਨਵੀਂ ਦੇਖੀ ਫਿਲਮ ‘ਓ ਮਾਈ ਗਾਡ’ ਦਾ ਆਈਡੀਆ ਮੇਰੀ ਇੱਕ ਪੁਰਾਣੀ ਕਹਾਣੀ ‘ਬੱਸ ਕਰੋ ਸ਼ਿਵ ਨਾਥ’ ਤੋਂ ਲਿਆ ਗਿਐ ਤਾਂ ਇਸ ਨੂੰ ਆਪਣੇ ਦਿਲ ‘ਤੇ ਨਾ ਲਾਉਣਾ! ਅਚੰਭਿਤ ਹੋਣ ਦਾ ਤਾਂ ਭੋਰਾ ਵੀ ਤਰਕ ਨਹੀਂ ਬਣਦਾ। ਪਰ ਏਨਾ ਜ਼ਰੂਰ ਕਹਾਂਗਾ ਕਿ ਇਸ ਫਿਲਮ ਦਾ ਵਿਸ਼ਾ ਵੀ ਮੇਰੀ ਕਹਾਣੀ ਵਾਂਗ ਹੀ ਬੜਾ ਨਾਜ਼ੁਕ ਤੇ ਬੋਲਡ ਹੈ। ਏਨਾ ਕੁ ਦੱਸਣਾ ਹੀ ਬਹੁਤ ਹੋਵੇਗਾ ਕਿ ਅਕਸ਼ੇ ਕੁਮਾਰ ਨੇ ਸ਼ਿਵ ਜੀ ਬੋਲੇ ਨਾਥ ਦਾ ਕਿਰਦਾਰ ਨਿਭਾਇਆ ਹੈ ਤੇ ਮੇਰੀ ਕਹਾਣੀ ਦਾ ਸਿਰਲੇਖ –ਬੱਸ ਕਰੋ ਸ਼ਿਵ ਨਾਥ! ਬਾਕੀ ਕਿਰਦਾਰਾਂ ਵਿੱਚ ਪੰਕਜ ਤਿਰਪਾਠੀ,ਪਵਨ ਮਲਹੋਤਰਾ,ਯਾਮੀ ਗੌਤਮ ਵੀ ਜਚੇ ਹਨ। ਪਹਿਲੀ ਓ ਐਮ ਜੀ ਵਿੱਚ ਅਕਸ਼ੇ ਨੇ ਕਰਿਸ਼ਨ ਦੀ ਭੂਮਿਕਾ ਵਿੱਚ ਸਨ ਤੇ ਸਾਥੀ ਅਦਾਕਾਰ ਪਰੇਸ ਰਾਵਲ ਆਦਿ ਸਨ। ਫਿਲਮ ਵਿੱਚ ਰਾਜਨੀਤੀ ਤੇ ਧਾਰਮਿਕ ਪਖੰਡਾਂ ਦੇ ਚੰਗੇ ਪਰਖਚੇ ਉਡਾਏ ਸਨ!
ਮੇਰੀ ਤਿੰਨ ਕੁ ਦਹਾਕੇ ਪਹਿਲਾਂ ਸਿਰਜੀ ਕਹਾਣੀ ਇੱਕ ਦੋਸਤ ਕਹਾਣੀਕਾਰ ਦੇ ਇਰਦ ਗਿਰਦ ਘੁੰਮਦੀ ਹੈ। ਉਹ ਵੀ ਮਰਦ ਲਿੰਗ ਆਧਾਰਿਤ ਰਚਨਾ ਹੈ ਉਸ ਦੋਸਤ ਦੇ ਸੱਚੇ-ਝੂਠੇ ਪ੍ਰਵਚਨਾਂ ‘ਤੇ ਆਧਾਰਿਤ! ਪਰ ਹੈ ਸੱਚੀ ਤੇ ਸੁੱਚੀ! ਇਹ ਬਚਪਨ ਤੋਂ ਜਵਾਨੀ ਤੇ ਢਲਦੀ ਜਵਾਨੀ ਨੂੰ ਬਿਆਨਦੀ ਇੱਕ ਲੰਬੀ ਕਥਾ ਰਚਨਾ ਹੈ। ਦੋਸਤਾਂ ਨੂੰ ਪੜ੍ਹਾਈ ਤੇ ਉਨ੍ਹਾਂ ਭਰਵੀਂ ਦਾਦ ਦਿੰਦਿਆਂ ਇਸ ਨੂੰ ਆਰਸੀ/ਸਿਰਜਣਾ ਵਗੈਰਾ ਨੂੰ ਭੇਜਣ ਦੀ ਤਾਕੀਦ ਕੀਤੀ। ਇੱਕ ਨੂੰ ਭੇਜੀ ,ਸੰਪਾਦਕ ਨੇ ਕਹਾਣੀ ਦੀ ਸ਼ੈਲੀ,ਬੋਲਡ ਵਿਸ਼ੇ ਦੀ ਤਾਰੀਫ ਤਾਂ ਕੀਤੀ ਪਰ ਛਾਪਣ ਕੰਨੀਓਂ ਪੱਲਾ ਝਾੜਦਿਆਂ ਖ਼ਿਮਾ ਸਹਿਤ ਵਾਪਸ ਪਰਤਾ ਦਿੱਤੀ। ਪਰ ਰਾਮ ਸਰੂਪ ਅਣਖੀ ਹੁਰਾਂ ਦੀ ਮੰਗ ਚੇਤੇ ਕਰਦਿਆਂ ਉਨ੍ਹਾਂ ਨੂੰ ਪੋਸਟ ਕਰ ਦਿੱਤੀ। ਪਰ ਦਿਨਾਂ ਵਿੱਚ ਹੀ ਉਨਾਂ ਦਾ ਪੋਸਟ ਕਾਰਡ ਮੇਰੇ ਪਾਂਡੂਸਰ ਨਾਭਾ ਦੇ ਪਤੇ ਆ ਪੁੱਜਾ, ਲਿਖਿਆ ਸੀ–ਯਾਰ ਸੁਖਮਿੰਦਰ! ਬਾਹਲੀ ਬੋਲਡ ਕਹਾਣੀ ਐ! ਮੇਰਾ ਪਰਚਾ(ਕਹਾਣੀ ਪੰਜਾਬ) ਹਾਲੇ ਨਵੈਂ। ਤੂੰ ਇਹਦੀ ਜਗ੍ਹਾ ਹੋਰ ਭੇਜ ਕੋਈ–। ਨਾਲ ਹੀ ਉਨ੍ਹਾਂ ਆਪਣੇ ਵੱਲੋਂ ਸੰਪਾਦਤ ਕਥਾ ਸੰਗ੍ਰਹਿ(ਸ਼ਨਾਖਤੀ ਕਾਰਡ) ਲਈ ਵੀ ਕਹਾਣੀ ਮੰਗੀ।
ਜ਼ਿਕਰਯੋਗ ਕਹਾਣੀ ‘ਬੱਸ ਕਰੋ ਸ਼ਿਵ ਨਾਥ ‘ ਇੱਕ ਰੰਗਕਰਮੀ ਤੇ ਫਿਲਮਾਂ ਵਾਲਾ ਲੈ ਗਿਆ! ਟੈਲੀ ਜਾਂ ਫੀਚਰ ਫਿਲਮ ਦਾ ਤਾਂ ਪਤਾ ਨਹੀ ਪਰ ਉਹ ਸ਼ਖ਼ਸ ਅਜੇ ਤੱਕ ਵੀ ਲਾਪਤਾ ਹੈ! ਹੁਣ ਇਸ ਨਵੀੰ ਫਿਲਮ ਵੱਲ ਫਿਰ ਆਉਂਦਾ ਹਾਂ। ਇਸ ਦਾ ਵਿਸ਼ਾ ਮੇਰੀ ਕਹਾਣੀ ਨਾਲ 20% ਮਿਲਦਾ ਜੇ! ਇਸ ਨੂੰ ਇਤਫਾਕ ਈ ਜਾਣਿਓ! ਫਿਲਮ ਦੀ ਕਹਾਣੀ ਦਾ ਸਾਰ-ਤੱਤ। ਇੱਕ ਵਕੀਲ ਦੇ ਸਕੂਲ ਪੜ੍ਹਦੇ ਮੁੰਡੇ ਦੀ ਹੱਥਰੱਸੀ(ਮੁੱਠ!) ਕਰਦੇ ਦੀ ਕੋਈ ਹੋਰ ਜਣਾ ਵੀਡੀਓ ਬਣਾਕੇ ਸ਼ੋਸ਼ਲ ਮੀਡੀਆ ‘ਤੇ ਅੱਪ ਲੋਡ ਕਰ ਦਿੰਦਾ ਹੈ। ਬੱਸ! ਉਸ ਉਪਰੰਤ ਕਹਾਣੀ ਅੱਗੇ ਤੁਰਦੀ/ਬਿਰਤਾਂਤ ਸਿਰਜਦੀ ਅਜੋਕੀ ਜਨਰੇਸ਼ਨ ਤੇ ਸਮਾਜ ਅਤੇ ਬਾਜ਼ਾਰ ਦੀਆਂ ਪਰਤਾਂ ਨੂੰ ਦਰਸਾਉਂਦੀ ਕਲਾਈਮੈਕਸ ‘ਤੇ ਪਹੁੰਚਦੀ ਹੈ। ਏਥੇ ਏਨਾ ਕੁ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਮੈਂ ਕਹਾਣੀ ਲਿਖੀ ਸੀ ਉਦੋਂ ਮੋਬਾਇਲ ਨਹੀਂ ਸੀ ਹੁੰਦੇ ਤੇ ਲੈਂਡ ਲਾਈਨ ਵੀ ਕਿਸੇ ਵਿਰਲੇ ਟਾਵੇਂ ਦੇ ਹੀ ਹੁੰਦਾ ਸੀਂ। ਸਾਡੇ ਘਰ ਵੀ ਨਵਾਂ ਨਵਾਂ ਲੱਗਾ ਸੀ ਪਰ ਦਫਤਰ ਮੇਰੇ ਕੋਲ ਟੇਬਲ ‘ਤੇ ਵੀ ਮੌਜੂਦ ਰਹਿੰਦਾ ਸੀ।
ਬਹਰਹਾਲ ਮੇਰੀ ਕਹਾਣੀ ਤੇ ਫਿਲਮ ਦੀ ਕਹਾਣੀ ਵਿੱਚ ਕੁਝ ਕੁ ਗੱਲਾਂ ਹੀ ਸਾਝੀਆਂ ਹਨ,ਮੌਕਾ ਮੇਲ ਹੀ ਜਾਣਿਓ! ਊਂ ਇਸ ਫਿਲਮ ਨੂੰ ਸਬਜੈਕਟ ਪੱਖੋਂ ਬੋਲਡ ਤੇ ਕਲਾਤਮਕ ਛੋਹਾਂ ਤੇ ਸਾਰਥਕ ਸੁਨੇਹੇ ਪੱਖੋਂ ਬੇਹਤਰ ਹੋਣ ਦਾ ਸਰਟੀਫੀਕੇਟ ਦਰਸ਼ਕ ਆਪੇ ਦੇ ਜਾਣਗੇ! ਬੇਸ਼ਕ ਕੁਝ ਊਣਤਾਈਆਂ ਵੀ ਖਟਕਦੀਆਂ ਹਨ, ਉਹ ਵੀ ਤੁਸੀਂ ਆਪੇ ਲੱਭ ਲਵੋਗੇ! ਹਾਲਾਕਿ ਪਹਿਲਾਂ ਬਣੀ ਓ ਮਾਈ ਗਾਡ ਇਸ ਤੋਂ ਦੋ ਆਨੇ ਵਧੀਆ ਰਹੀ ਸੀ,ਇਹ ਫਿਲਮ ਦੇਖਣ ਬਾਅਦ ਫੈਸਲਾ ਤੁਹਾਡੇ ਜਿਹੇ ਸੂਝਵਾਨ ਦਰਸ਼ਕਾਂ ‘ਤੇ!
ਹੁਣ ਮੇਰੀ ਕਹਾਣੀ ਦੇ ਹਵਾਲੇ ਨਾਲ! ਉਹ ਕਹਾਣੀ ਕਿੱਥੇ ਗਈ! ਉਹ ਸ਼ਖਸ ਕਿੱਥੇ ਗਿਆ? ਆਰਸੀ ਵਾਲੇ ਭਾਪਾ ਜੀ ਤੇ ਕਹਾਣੀ ਪੰਜਾਬੀ ਦੇ ਕਰਤਾ ਧਰਤਾ ਅਣਖੀ ਜੀ ਵੀ ਸੰਸਾਰ ਨੂੰ ਕਦੋਂ ਦੇ ਅਲਵਿਦਾ ਕਹਿ ਗਏ ਸਨ! ਜਿਸ ਕਹਾਣੀਕਾਰ ਮਿੱਤਰ ‘ਤੇ ਕਹਾਣੀ ਲਿਖੀ ਸੀ ਉਹ ਵੀ ਤਾਂ ਤੁਰ ਗਿਆ –ਨਿਰਮੋਹਾ! ਪਰ ਉਸ ਕਹਾਣੀ ਤੋਂ ਹੁਣ ਲੈਣਾ ਵੀ ਕੀ ਐ! ਜਦੋਂ ਕਿ ਹੋਰ ਬਹੁਤ ਕਹਾਣੀਆਂ ਲਿਖੀਆਂ ਤੇ ਛਪੀਆਂ। ਹੋਰਨਾਂ ਵੰਨਗੀਆਂ ਸਮੇਤ ਇਕੱਲੀਆਂ ਕਹਾਣੀਆਂ ਦੀਆਂ 7 ਪੁਸਤਕਾਂ। ਪਹਿਲੋਂ ਵੀ ਰਚਨਾਵਾਂ ਗੁੰਮ ਜਾਂਦੀਆਂ ਸਨ ਪਰ ਹੁਣ ਨਵੀਂ ਤਕਨੀਕ ਲੈਪਟਾਪ ਸਾਂਭ ਲੈੰਦਾ ਹੈ। ਕਦੇ ਕਦਾਈਂ ਫਾਲਟ ਆਉਣ ‘ਤੇ ਹੀ ਕੋਈ ਉਡਦੀ ਹੈ। ਪਰ ਮੁੜ ਲਿਖਣ ‘ਤੇ ਉਹ ਗੱਲ ਨਹੀਂ ਬਣਦੀ! ਬਣ ਵੀ ਜਾਂਦੀ ਹੈ ਕਦੇ ਕਦੇ -ਕੁਦਰਤੀ! ਪਰ ਇਸ ਦੇ ਬਾਵਜੂਦ ਹੁਣ ਮੈਂ ਓਸ ਜਿਹੀ ਬੋਲਡ-ਛੋਲਡ ਕਹਾਣੀ ਲਿਖਣੋਂ ਗੁਰੇਜ਼ ਹੀ ਕਰ ਜਾਂਦਾ ਹਾਂ! ਹੋਰ ਬੜੇ ਨਵੇਂ ਵਿਸ਼ੇ ਤੇ ਨਵੇਂ ਮਸਲੇ ਅਤੇ ਸਮੱਸਿਆਵਾਂ! ਤੁਹਾਡਾ ਸਾਥ ਬਣਿਆ ਰਹੇ ਤੇ ਮੇਰੀ ਸਾਹਿਤਕ ਊਰਜਾ ਦਾ ਜਲਵਾ ਬਰਕਰਾਰ ਰਹੇ। ਪੜ੍ਹ ਕੇ ਆਪਣੀ ਮੁੱਲਵਾਨ ਟਿੱਪਣੀ ਕਰਿਓ ਦੋਸਤੋ!?
– ਤੁਹਾਡਾ ਆਪਣਾ ਸੁਖਮਿੰਦਰ ਸਿੰਘ ਸੇਖੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly