ਸਾਵਧਾਨ ! ਅੱਗੇ ਖ਼ਤਰਨਾਕ ਮੋੜ ਹੈ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਇੱਕ ਅਖ਼ਬਾਰੀ ਖ਼ਬਰ ਕੰਨੀਂ ਪਈ ਹੈ ਕਿ : ਲਾੜਾ ਲਾੜੀ ਨੇ ਵਿਆਹ ਤੋਂ ਪਹਿਲਾਂ ਰਾਜਨੀਤੀ ‘ਤੇ ਹੋਈ ਬਹਿਸ ਤੋਂ ਬਾਅਦ ਕੀਤਾ ਵਿਆਹ ਨਾ ਕਰਾਉਣ ਦਾ ਫ਼ੈਸਲਾ।

ਇਹ ਖ਼ਬਰ ਪੜ੍ਹਨ/ਸੁਣਨ ਤੋਂ ਬਾਅਦ ਮੈਂ ਸੋਚਣ ਲੱਗਾ ‘ਆਖ਼ਰ ਹੋਇਆ ਕੀ ਹੋਵੇਗਾ ? ਇੰਝ ਵਿਆਹ ਵਾਲ਼ੇ ਦਿਨ ਵਿਆਹ ਤੋਂ ਈ ਇਨਕਾਰ ਕਰ ਜਾਣਾ, ਮਾੜੀ–ਧੀੜੀ ਗੱਲ ਤਾਂ ਨਹੀਂ !!’ ਫੇਰ ਮੈਂ ਕਲਪਨਾ ਦੇ ਘੋੜੇ ‘ਤੇ ਚੜ੍ਹ ਕੇ ਖ਼ਬਰ ਦਾ ਪਿੱਛਾ ਕੀਤਾ। ਜੋ ਹੋਇਆ ਹੋਵੇਗਾ ਉਹਦਾ  ਕਲਪਨਾ ਆਧਾਰਤ ਇੱਕ ਖ਼ਾਕਾ ਖਿੱਚਿਆ। ਕੀ ਹੋਇਆ ਹੋ ਸਕਦਾ ਹੈ ਇਹ ਵਾਕਿਅ ਤੁਹਾਡੇ ਨਾਲ਼ ਸਾਂਝਾ ਕਰ ਰਿਹਾ ਹਾਂ।

ਲਾਵਾਂ ਸ਼ੁਰੂ ਹੋਣ ਵਾਲ਼ੀਆਂ ਨੇ। ਲਾੜਾ ਅੱਖ ਬਚਾ ਕੇ ਪੈਲੇਸ ਵਿੱਚ ਬਣੇ ਉਸ ਕਮਰੇ ਵਿੱਚ ਆ ਗਿਆ ਹੈ ਜਿੱਥੇ ਲਾੜੀ ਇਕੱਲੀ ਬੈਠੀ ਹੈ।

ਲਾੜੇ ਨੂੰ ਇੰਝ ਆਇਆ ਵੇਖ ਕੇ ਲਾੜੀ ਹੈਰਾਨ–ਪਰੇਸ਼ਾਨ….

ਲਾੜੀ : ਤੁਸੀਂ ਇੱਥੇ ?

ਲਾੜਾ : ਕਿਉਂ ਜੀ, ਆ ਨਹੀਂ ਸਕਦਾ ?

ਲਾੜੀ : ਆਵੋ ਆਵੋ, ਜੀਅ ਸਦਕੇ ਆਵੋ ਪਰ ਅੱਧੇ ਘੰਟੇ ਨੂੰ ਤਾਂ ਆਪਣੀਆਂ ਲਾਵਾਂ ਹੋ ਜਾਣੀਆਂ ਨੇ…. ਸੋ ਵੇਟ ਕਰ ਲੈਂਦੇ..!!

ਲਾੜਾ : ਮੈਥੋਂ ਵੇਟ ਨ੍ਹੀ ਹੋਈ..।

ਲਾੜੀ : ਰਹਿਣ ਦਿਓ, ਹੁਣੇ ਆਹ ਗੱਲਾਂ ਨੇ…. ਫੇਰ ਤਾਂ ਕੋਲ਼ ਵੀ ਨ੍ਹੀ ਖੜ੍ਹਿਆ ਕਰਨਾ !

ਲਾੜਾ : ਹਾਹਾਹਾ…. (ਤਨਜ਼ੀਆ ਅੰਦਾਜ਼ ਵਿੱਚ) ਸਹੇਲੀਆਂ ਨੇ ਵਿਆਹ ਤੋਂ ਪਹਿਲਾਂ ਹੀ ਕਾਫ਼ੀ ਐਕਸਪੀਰੀਅੰਸ ਦੇਤਾ…!
(ਲਾੜੀ ਵੀ ਹੱਸ ਪੈਂਦੀ ਹੈ।)

ਲਾੜੀ : (ਸਰਸਰੀ ਜਿਹੇ ਢੰਗ ਨਾਲ਼, ਉਂਝ ਘੋਖਵੀਂ ਨੀਅਤ ਨਾਲ਼) ਬਰਾਤ ‘ਚ ਬੜੀਆਂ ਨੀਲੀਆਂ ਪੱਗਾਂ ਵਾਲ਼ੇ ਆਏ ਨੇ….!!

ਲਾੜਾ : (ਹਸਦਾ ਹੋਇਆ) ਥਾਨ ਸਸਤਾ ਮਿਲ ਰਿਹਾ ਸੀ… ਸੋ ਦੋ ਥਾਨ ਲੈ ਲਏ… ਉਸੇ ਥਾਨ ਦੀਆਂ ਪੱਗਾਂ ਸਾਰੇ ਬੰਨ੍ਹ ਆਏ ਤਾਂ ਕਰਕੇ…!

ਲਾੜੀ : (ਹਸਦਿਆਂ) ਜੇ ਥੋਕ ਦੇ ਭਾਅ ਈ ਸੌਦਾ ਕਰਨਾ ਸੀ ਤਾਂ ਫੇਰ ਟੋਪੀਆਂ ਦਾ ਸੌਦਾ ਮਾਰ ਲੈਂਦੇ। ਉਹ ਤਾਂ ਏਦੂੰ ਵੀ ਸਸਤੀਆਂ ਮਿਲ ਜਾਣੀਆਂ ਸੀ। ਸਸਤੀਆਂ ਵੀ ਕੀ…. ਅੱਜਕੱਲ੍ਹ ਤਾਂ ਇੱਕ ਪਾਰਟੀ ਟੋਪੀਆਂ ਮੁਫ਼ਤ ਹੀ ਵੰਡਦੀ ਫਿਰਦੀ ਐ।

ਲਾੜਾ : (ਥੋੜਾ ਅਨਫਰੰਟ ਫ਼ੀਲ ਕਰਦਾ ਹੋਇਆ) ਹੂੰਅ… ਪੰਜਾਬੀ ਹੋ ਕੇ ਟੋਪੀਆਂ… !!

ਲਾੜੀ : ਕਿਉਂ ਪੰਜਾਬੀ ਹੋ ਕੇ ਕੁਰਤੇ ਚਾਦਰੇ ਛੱਡ ਕੇ ਪੈਂਟਾਂ, ਸ਼ਰਟਾਂ, ਜੀਨਾਂ, ਟੀਸ਼ਰਟਾਂ ਨਹੀਂ ਪਾਉਣ ਲੱਗ ਪਏ। ਪੰਜਾਬੀ ਜੁੱਤੀ ਛੱਡ ਕੇ ਸਪੋਰਟਸ ਸ਼ੂਅ, ਲੈਦਰ ਸ਼ੂਅ ਨਹੀਂ ਪਾਉਣ ਲੱਗ ਪਏ।

ਲਾੜਾ : (ਲਾੜੀ ਦੇ ਤਰਕ ਤੋਂ ਕੱਚਾ ਜਿਹਾ ਹੋ ਕੇ) ਉਹ ਤਾਂ ਫੇਰ ਜਮਾਨੇ ਨਾਲ਼ ਤੁਰਨਾ ਈ ਪੈਂਦੈ….

ਲਾੜੀ : ਮੈਂ ਵੀ ਤਾਂ ਉਹੀ ਗੱਲ ਕਹਿ ਰਹੀ ਆਂ ਫੇਰ….. ਤੁਰੋ ਜਮਾਨੇ ਦੇ ਨਾਲ਼…. ਪਹਿਲਾਂ ਦਿੱਲੀ ਆਲ਼ਿਆਂ ਨੇ ਟੋਪੀਆਂ ਪਾਈਆਂ ਬੱਲੇ ਬੱਲੇ ਹੋਗੀ, ਹੁਣ ਪੰਜਾਬ ਆਲ਼ੇ ਵੀ ਪਾਲੋ, ਬੱਲੇ ਬੱਲੇ ਹੋਜੂ….

ਲਾੜਾ : (ਤਨਜ਼ ਨਾਲ਼) ਆਹੋ ਆਹ ਦਿੱਲੀ ਆਲ਼ਿਆਂ ਮਗਰ ਲੱਗ ਕੇ ਆਹ ਪੰਜਾਬ ਟੋਪੀ ਪਾਰਟੀ ਆਲ਼ੇ ਪਹਿਲਾਂ ਆਪ ਟੋਪੀਆਂ ਪਾਉਣਗੇ, ਫੇਰ ਲੋਕਾਂ ਦੇ ਟੋਪੀਆਂ ਪਾਉਣਗੇ..!

ਲਾੜੀ : (ਤਲਖ਼ੀ ਜਿਹੀ ਮਹਿਸੂਸ ਕਰਦੀ) ਅਗਲਿਆਂ ਨੇ ਦਿੱਲੀ ਵਿੱਚ ਮਾਡਲ ਕੈਮ ਕਰਕੇ ਦਿਖਾਤਾ… ਇੱਥੇ ਵੀ ਦਿਖਾ ਦੇਖਣਗੇ। ਬਾਕੀ ਕੁਝ ਵੀ ਐ, ਆਹ ਖੱਦਰਾਂ ਤੇ ਨੀਲੀਆਂ ਪੱਗਾਂ ਨਾਲ਼ੋਂ ਤਾਂ ਫੇਰ ਵੀ ਚੰਗੇ ਈ ਨੇ…!

ਲਾੜਾ : (ਤਲਖ਼) ਨਾ ਕਿਵੇਂ ਚੰਗੇ ਨੇ ? ਨਿੱਤ ਦਿਨ ਇਨ੍ਹਾਂ ਦੀ ਪਾਰਟੀ ‘ਤੇ ਇਲਜ਼ਾਮ ਲੱਗ ਰਹੇ। ਕਦੇ ਤੀਵੀਂਆਂ ਛੇੜਨ ਦਾ, ਕਦੇ ਘਪਲੇ ਦਾ, ਕਦੇ ਧਰਮ ਬੇਅਦਬੀ ਦਾ, ਕਦੇ ਲੀਡਰਾਂ ਦੇ ਸ਼ਰੇਆਮ ਸ਼ਰਾਬ ਪੀਣ ਦਾ….

ਲਾੜੀ : (ਲਾ ਕੇ ) ਆਹਾਹਾ…. ਖੱਦਰਾਂ ਵਾਲ਼ੇ ਤੇ ਨੀਲੇ ਮੋਰ ਤਾਂ ਜਿਵੇਂ ਦੁੱਧ ਧੋਤੇ ਨੇ !!

ਲਾੜਾ : (ਔਖਾ ਹੋ ਕੇ) ਤੈਨੂੰ ਬਾਹਲ਼ਾ ਪਤੈ ਪੋਲੀਟਿਕਸ ਦਾ…!! ਊਂ ਵੈਸੇ ਤੀਵੀਂਆਂ ਨੂੰ ਪੋਲੀਟਿਕਸ ਦੀ ਕੀ ਅਕਲ ?

ਲਾੜੀ : (ਔਖੀ ਹੋ ਕੇ) ਆਹੋ ਰਾਜਨੀਤੀ ਆਲ਼ਾ ਤਾਂ ਸਾਰਾ ਠੇਕਾ ਮਰਦਾਂ ਨੇ ਲਿਆ ਹੋਇਐ..!! ਤਾਂ ਹੀ ਰਾਜਨੀਤੀ ਦੀ ਬੇੜੀ ਬੈਠੀ ਪਈ ਐ। ਤੁਸੀਂ ਦੱਸੋ ਕਿਹੜੀ ਰਾਜਨੀਤੀ ਸ਼ਾਸਤ੍ਰ ਦੀ ਪੀਐਚ.ਡੀ. ਕਰਲੀ ?

ਲਾੜਾ : (ਸਿੱਧਾ ਵਾਰ ਕਰਦਿਆਂ) ਨਹੀਂ ਕੀਤੀ ਪਰ ਫੇਰ ਵੀ ਰਾਜਨੀਤੀ ਬਾਰੇ ਤੇਰੇ ਨਾਲ਼ੋਂ ਤਾਂ ਵੱਧ ਈ ਪਤੈ..?

ਲਾੜੀ : (ਸਿੱਧਿਆਂ ਹੀ) ਆਹੋ ਪਤੈ… ਇੱਲ ਦਾ ਨਾਂ ਕੋਕੋ ਨ੍ਹੀ ਆਉਂਦਾ… ਪਤੈ ਏਹਨੂੰ….

ਲਾੜਾ : ਅੱਛਾ ਜੇ ਐਡਾ ਈ ਝੂਡੂ ਆਂ ਫੇਰ ਵਿਆਹ ਆਸਤੇ ਹਾਮੀ ਕਾਸਤੋਂ ਭਰੀ..?

ਲਾੜੀ : ਤੈਨੂੰ ਤਾਂ ਕੋਈ ਭੂਤਨੀ ਵੀ ਨਾ ਹਾਂ ਕਰੇ, ਇਹ ਤਾਂ ਮੇਰੇ ਘਰਦਿਆਂ ਨੇ ਤੇਰੇ 50 ਕਿੱਲਿਆਂ ਨੂੰ ਹਾਂ ਕੀਤੀ ਐ…

ਲਾੜਾ : (ਲਾਜਵਾਬ ਹੁੰਦਾ ਹੋਇਆ) ਚੱਲ ਵਿਆਹ ਹੋ ਲੈਣ ਦੇ ਫੇਰ ਦੇਖਦੇ ਆਂ… ਬਾਕੀ ਇੱਕ ਗੱਲ ਹੁਣੇ ਕਲੀਅਰ ਕਰ ਦਿੰਨਾਂ…. ਊਂ
ਭਾਵੇਂ ਜਿਹੜੀ ਮਰਜੀ ਪਾਰਟੀ ਦਾ ਝੰਡਾ ਚੱਕੀ ਫਿਰੀਂ…. ਟੋਪੀ ਪਾਈ ਫਿਰੀਂ…. ਪਰ ਸਾਡਾ ਸਾਰਾ ਟੱਬਰ ਜਿੱਧਰ ਵੋਟ ਪਾਊ ਤੈਨੂੰ ਵੀ ਓਧਰ ਈ ਪੋਟ ਪਾਉਣੀ ਪਊ… ਆਹ ਕਜੀਆ ਮੇਰੇ ਘਰਦਿਆਂ ਮੂਹਰੇ ਨਾ ਪਾ ਕੇ ਬਹਿਜੀਂ..!!.

ਲਾੜੀ : (ਤਲਖ਼) ਕਿਉਂ !! ਮੈਂ ਤਾਂ ਆਪਣੀ ਮਰਜ਼ੀ ਨਾਲ਼ ਵੋਟ ਪਾਊਂ…

ਲਾੜਾ : ਲੈ ਤੀਵੀਂ ਦੀ ਕਾਹਦੀ ਮਰਜ਼ੀ… ਵੋਟ ਤਾਂ ਬੰਦੇ ਦੀ ਮਰਜੀ ਮੁਤਾਬਕ ਈ ਪੈਂਦੀ ਹੁੰਦੀ ਐ…!

ਲਾੜੀ : (ਬਾਹਲ਼ੀ ਔਖੀ ਹੋ ਕੇ) ਆਹ ਗੱਲ ਐ…. ਤਾਂ ਲੈ ਸੁਣ ਲੈ ਮੇਰੀ ਗੱਲ ਕੰਨ ਖੋਲ੍ਹ ਕੇ…. ਮੈਂ ਤਾਂ ਹੁਣ ਵਿਆਹ ਇਸ ਸ਼ਰਤ ‘ਤੇ ਈ ਕਰਾਊਂ ਕਿ ਵੋਟ ਪਾਉਣ ਆਲ਼ੇ ਮਾਮਲੇ ‘ਚ ਮੇਰੀ ਮਰਜ਼ੀ ਚੱਲੂ…ਜਿਹਨੂੰ ਮਰਜੀ ਵੋਟ ਪਾਵਾਂ !

ਲਾੜਾ : (ਧਮਕੀ ਜਿਹੀ ਦਿੰਦਾ ਹੋਇਆ) ਆਹ ਗੱਲ ਐ…. ਤਾਂ ਫੇਰ ਤੂੰ ਰਹਿਣ ਈ ਦੇ ਵਿਆਹ ਕਰਾਉਣ ਨੂੰ….

ਲਾੜੀ : (ਇੱਟ ਦਾ ਜਵਾਬ ਪੱਥਰ ਨਾਲ਼ ਦਿੰਦੀ ਹੋਈ) ਅੱਛਾ ਇਹ ਗੱਲ ਐ…. ਤਾਂ ਫੇਰ ਜਾ ਮੈਂ ਤੈਨੂੰ ਛੱਡਿਆ….

ਲਾੜਾ : (ਔਖਾ ਭਾਰਾ ਹੋ ਕੇ) ਓ ਤੂੰ ਜਾ ਪਰ੍ਹਾ…. ਤੂੰ ਮੈਨੂੰ ਕੀ ਛੱਡੇਂਗੀ…!! ਜਾਹ ਮੈਂ ਤੈਨੂੰ ਛੱਡਦਾਂ..!!

ਲਾੜੀ : ਓ ਤੂੰ ਜਾਹ..

ਲਾੜਾ : ਤੂੰ ਵੀ ਜਾ….

ਤੇ ਲਓ ਜੀ ਲਾੜਾ ਆਪਣੇ ਘਰੇ ਤੇ ਲਾੜੀ ਆਪਣੇ ਘਰੇ ਚਲੇ ਗਏ।

ਨੋਟ : ਲਾੜਾ ਤੇ ਲਾੜੀ ਬੇਸੀਕਲੀ ਪੋਲੀਟਿਕਸ ਨੂੰ ਬਹੁਤ ਨਫ਼ਰਤ ਕਰਦੇ ਨੇ। ਉਨ੍ਹਾਂ ਨੇ ਤਾਂ ਅੱਜ ਤੱਕ ਕਦੇ ਕਿਸੇ ਪਾਰਟੀ ਨੂੰ ਵੋਟ ਵੀ ਨਹੀਂ ਪਾਈ।

ਵਿਸ਼ੇਸ਼ ਨੋਟ : ਦੋਵੇਂ ਵਿਆਹ ਕਰਾਉਣਾ ਈ ਨਹੀਂ ਸੀ ਚਾਹੁੰਦੇ ਕਿਉਂਕਿ ਲਾੜੇ ਦਾ ਕਿਸੇ ਹੋਰ ਕੁੜੀ ਨਾਲ਼ ਚੱਕਰ ਹੈ ਤੇ ਲਾੜੀ ਵੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ।

ਨਿਸ਼ਕਰਸ਼ : ਰਾਜਨੀਤੀ ਦੀ ਚਾਬੀ ਨਾਲ਼ ਸਾਰੇ ਤਾਲ਼ੇ ਖੋਲ੍ਹੇ ਜਾ ਸਕਦੇ ਹਨ।
(ਸਾਰੇ ਤੱਥ ਕਲਪਨਾ ਆਧਾਰਤ ਹਨ। ਸੋ ਬੇਨਤੀ ਐ ਇਨ੍ਹਾਂ ਰਾਜਨੀਤਿਕ ਪਾਰਟੀਆਂ ਪਿੱਛੇ ਲੱਗ ਕੇ ਆਪਣੇ ਘਰ ਨਾ ਪੱਟੋ। ਇਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਤਾਂ ਮੁੜ ਕੇ ਅੱਜ ਨਹੀਂ ਤਾਂ ਕੱਲ੍ਹ ਇੱਕ ਹੋ ਜਾਣੈ(ਭਾਵੇਂ ਅੰਦਰੋਂ ਸਾਰੀਆਂ ਹੁਣ ਵੀ ਇੱਕ ਈ ਨੇ) ਪਰ ਜੇ ਤੁਸੀਂ ਇਨ੍ਹਾਂ ਪਿੱਛੇ ਲੱਗ ਕੇ ਆਪਣਿਆਂ ਨਾਲ਼ ਜਦਾਈ ਕਰ ਕੇ , ਅੱਡੋ–ਅੱਡ ਹੋਗੇ ਮੁੜ ਕੇ ਥੋਡੇ ਤੋਂ ਨ੍ਹੀਂ ਜੁੜਿਆ ਜਾਣਾ।)

– ਜੈ ਹੋ

ਸਵਾਮੀ ਸਰਬਜੀਤ
9888401328

 

 

 

इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly

Previous articleਗ਼ਜਲ
Next articleਗ਼ਜਲ