ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਕਨਵੈਨਸ਼ਨ

ਸੰਗਰੂਰ  (ਸਮਾਜ ਵੀਕਲੀ)  ਅਰੁੰਧਤੀ ਰਾਏ , ਪੋ੍ਫੈਸਰ  ਸ਼ੇਖ ਸ਼ੌਕਰ ਹੁਸੈਨ ਖਿਲਾਫ  ਯੂ ਏ ਪੀ ਏ ਅਧੀਨ ਕੇਸ ਚਲਾਉਣ ਦੀ ਮਨਜ਼ੂਰੀ ਦੇਣ  ਅਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੀ ਮੁਹਿੰਮ ਨੂੰ ਅੱਗੇ ਵਧਾਉਣ ਲਈ   ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਅੱਜ 1ਸਤੰਬਰ ਨੂੰ ਸੰਤ ਤੇਜਾ ਸਿੰਘ ਹਾਲ ,ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਚੇਤਨਾ ਕਨਵੈਨਸ਼ਨ  ਕੀਤੀ ਗਈ । ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਜਗਜੀਤ ਸਿੰਘ ਭੁਟਾਲ ,ਮਾਸਟਰ ਪਰਮ ਵੇਦ, ਮਹਿੰਦਰ ਸਿੰਘ ਭੱਠਲ, ਫਲਜੀਤ ਸਿੰਘ, ਪ੍ਰਗਟ ਸਿੰਘ ਕਾਲਾਝਾੜ, ਸੰਪੂਰਨ ਸਿੰਘ ਛਾਜਲੀ, ਬਲਜੀਤ ਸਿੰਘ ਨਮੋਲ, ਸੁਖਦੀਪ ਸਿੰਘ ਹਥਨ, ਦਾਤਾ ਸਿੰਘ ਨਮੋਲ, ਗੁਰਚਰਨ ਸਿੰਘ ਅਕੋਈ,ਊਧਮ ਸਿੰਘ ਸੰਤੋਖਪੁਰਾ ਅਤੇ ਕਰਮਜੀਤ ਸਿੰਘ ਸਤੀਪੁਰਾ ਲੌਂਗੋਵਾਲ ਵਲੋਂ ਕੀਤੀ ਗਈ। ਕਨਵੈਨਸ਼ਨ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਲੇਖਕਾਂ, ਵਕੀਲਾਂ,ਬੁਧੀਜੀਵੀਆਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਸ਼ਹਿਰੀ ਨਕਸਲੀ ਗ਼ਰਦਾਨ ਕੇ ਯੂ ਏ ਪੀ ਏ ਲਗਾ ਕੇ ਝੂਠੇ ਕੇਸਾਂ ਵਿੱਚ ਸਾਲਾਂ ਬੱਧੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ। ਇਸੇ ਲੜੀ ਵਿਚ ਹੁਣ 14 ਸਾਲ ਪੁਰਾਣੇ ਕੇਸ ਵਿੱਚ ਸੰਸਾਰ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਉੱਪਰ ਯੂ ਏ ਪੀ ਏ ਲਗਾਉਣ ਦੀ ਮਨਜ਼ੂਰੀ ਦੇ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ।  ਪਿਛਲੇ ਦਿਨੀਂ ਪੰਜਾਬ ਚੰਡੀਗੜ੍ਹ ਅਤੇ ਹੋਰ ਰਾਜਾਂ ਵਿਚ ਐਨ ਆਈ ਏ ਵਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ,  ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਵਕੀਲਾਂ ਅਤੇ ਸਮਾਜਿਕ ਕਾਰਕੁੰਨਾਂ ਦੇ ਘਰਾਂ ਉਪਰ ਕੀਤੀ ਗਈ ਛਾਪੇਮਾਰੀ  ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਲੋਕਾਂ ਦੇ ਕੀਤੇ ਜਾ ਰਹੇ ਜਬਰੀ ਉਜਾੜੇ ਅਤੇ ਦੇਸ਼ ਨੂੰ ਫ਼ਿਰਕੂ ਆਧਾਰ ਤੇ ਪਾੜਨ ਦੇ ਖਿਲਾਫ ਲੋਕਾਂ ਨੂੰ ਚੇਤੰਨ ਕਰਨ ਅਤੇ ਜਥੇਬੰਦ ਕਰਨ ਵਾਲੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਚੁੱਪ ਕਰਵਾਉਣ ਦੀ ਮਨਸ਼ਾ ਨਾਲ ਕੀਤੀ ਗਈ ਹੈ।  ਕਨਵੈਨਸ਼ਨ ਦੇ ਮੁੱਖ ਬੁਲਾਰੇ  ਐਡਵੋਕੇਟ ਹਰਮਨਦੀਪ ਸਿੰਘ ਰਾਏਸਰ ਨੇਂ ਕਿਹਾ ਕਿ
ਦੇਸ਼ ਵਿਚ ਚਲ ਰਹੇ ਫੌਜਦਾਰੀ ਕਾਨੂੰਨਾਂ ਨੂੰ ਬਸਤੀਵਾਦੀ ਕਹਿ ਕੇ ਪਾਸ ਕੀਤੇ ਨਵੇਂ ਕਾਨੂੰਨ ਲਾਗੂ ਕਰਕੇ ਕੇਂਦਰ ਸਰਕਾਰ ਨੇ ਲੋਕਾਂ ਦੀ ਆਵਾਜ਼ ਬਣ ਰਹੇ ਅਤੇ ਕਾਰਪੋਰੇਟ ਲੁੱਟ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਲਈ ਪੁਲਿਸ ਨੂੰ ਅਥਾਹ ਸ਼ਕਤੀਆਂ ਦਿਤੀਆਂ ਗਈਆਂ ਹਨ।  ਇਹਨਾਂ ਕਾਨੂੰਨਾਂ ਤਹਿਤ ਪੁਲਿਸ ਨੂੰ ਐਫ਼ ਆਈ ਆਰ ਦਰਜ ਕਰਨ, ਹਿਰਾਸਤੀ ਰਿਮਾਂਡ ਹਾਸਲ ਕਰਨ, ਹੱਥਕੜੀਆਂ ਲਗਾਉਣ ਦੀਆਂ ਅਥਾਹ ਸ਼ਕਤੀਆਂ ਦਿੱਤੀਆਂ ਗਈਆਂ ਹਨ।  ਸੰਘਰਸ਼ ਦੌਰਾਨ ਰਾਸਤਾ/ਰੇਲ ਰੋਕੋ ਪ੍ਰੋਗਰਾਮ ਜਾਂ ਕਿਸੇ ਦਾ ਘਿਰਾਓ ਕਰਨ ਜਾਂ ਪੁਲਿਸ ਨਾਕੇ ਤੋੜਨ ਵਰਗੇ ਐਕਸ਼ਨਾਂ ਨੂੰ ਵੀ ਜੁਰਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਤੇ ਲੋਕਾਂ ਨੂੰ ਆਪਣੀਆਂ ਕੌਮੀਅਤ ਦੀਆਂ ਮੰਗਾਂ ਕਰਨ ਜਾਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਨ ਜਾਂ ਹਕੀਕੀ ਸੰਘੀ ਢਾਂਚੇ ਦੀ ਉਸਾਰੀ ਕਰਨ ਲਈ ਕੀਤੇ ਗਏ ਸੰਘਰਸ਼ ਨੂੰ ਵੀ ਸਜ਼ਾ ਯੋਗ ਜ਼ੁਰਮ ਬਣਾ ਦਿੱਤਾ ਗਿਆ ਹੈ।  ਅਤਿਵਾਦ ਸੰਬੰਧੀ ਪ੍ਰੀਭਾਸ਼ਾ ਨੂੰ ਮੋਕਲਾ ਰੱਖ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅਤਿਵਾਦ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।ਇਸ ਤਰ੍ਹਾਂ ਰੋਲਟ ਐਕਟ ਵਰਗੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਕੇ ਦੇਸ਼ ਵਿਚ ਅਣ ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿਚ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ, ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲੈਣ,  ਐਨ ਆਈ ਏ ਵਲੋਂ ਕੀਤੀ ਜਾ ਰਹੀ ਗੈਰ ਜਮਹੂਰੀ ਛਾਪੇਮਾਰੀ ਬੰਦ ਕਰਨ, ਫਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਬੰਦ ਕਰਨ, ਵਿਕਾਸ ਦੇ ਨਾਂਅ ਤੇ ਆਦਿਵਾਸੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਦਾ ਕੀਤਾ ਜਾ ਰਿਹਾ ਜਬਰੀ ਉਜਾੜਾ ਰੋਕਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀਆਂ ਅਤੇ ਯੂ ਏ ਪੀ ਏ ਅਧੀਨ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਬੁਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਸਮਾਜਿਕ ਕਾਰਕੁੰਨਾਂ ਨੂੰ ਰਿਹਾਅ ਕਰਨ, ਔਰਤਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਅਤੇ ਬਲਾਤਕਾਰੀ ਅਤੇ ਕਾਤਲ ਦੋਸ਼ੀਆਂ ਨੂੰ ਸਮਾਂ ਬੱਧ ਸਖ਼ਤ ਸਜ਼ਾਵਾਂ ਦੇਣ, ਪੰਜਾਬ ਦੇ ਸਮੂਹ ਤਬਕਿਆਂ ਦੇ ਸ਼ੰਘਰਸ਼ਾਂ ਉਪਰ ਜ਼ਬਰ ਕਰਨਾ ਬੰਦ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ । ਸਰਵ ਸ੍ਰੀ ਜਗਦੀਸ਼ ਪਾਪੜਾ, ਤਰਸੇਮ ਸ਼ਰਮਾ, ਬਿੱਲੂ ਨਮੋਲ ਅਤੇ ਕੁਲਵਿੰਦਰ ਬੰਟੀ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮ ਵੇਦ ਵਲੋਂ ਸ਼ਾਮਲ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਕੁਲਦੀਪ ਸਿੰਘ ਵਲੋਂ ਕੀਤਾ ਗਿਆ। ਕਨਵੈਨਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਤਰਜਮਾਨ ਜਮਹੂਰੀ ਚੇਤਨਾ ਨੂੰ ਰਲੀਜ ਕੀਤਾ ਗਿਆ।
ਕਨਵੈਨਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ , ਤਰਕਸ਼ੀਲ ਸੁਸਾਇਟੀ , ਖੇਤੀ ਬਾੜੀ ਅਤੇ ਕਿਸਾਨ ਵਿਕਾਸ ਫਰੰਟ,  ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ,  ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ, ,ਆਈ ਡੀ ਪੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ , ਪੰਜਾਬ ਸਟੂਡੈਂਟਸ ਯੂਨੀਅਨ  ਦੇ ਆਗੂਆਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂ ਚੰਦ ਸਿੰਘ ਧੂਰੀ, ਨਰਿੰਦਰ ਨਿੰਦੀ, ਬਬਨ ਪਾਲ, ਸੁਰਿੰਦਰ ਉਪਲੀ, ਸੀਤਾਰਾਮ ,ਬਲਵਿੰਦਰ ਸਿੰਘ ਵਿਸਾਖਾ, ਦਰਸ਼ਨ ਕੁਨਰਾਂ ਤਰਲੋਚਨ ਸਿੰਘ, ਕਮਲਦੀਪ ਕੌਰ , ਮਨਧੀਰ ਸਿੰਘ ਅਤੇ ਜੁਝਾਰ ਸਿੰਘ ਲੌਂਗੋਵਾਲ ਵੀ ਸ਼ਾਮਲ ਸਨ।
ਸਵਰਨਜੀਤ ਸਿੰਘ 
ਫੋਨ ਨੰਬਰ 9417666166
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬੀ ਸਾਹਿਤ ਸਭਾ ਨੇ ਕਰਵਾਈ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ
Next articleਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਹੋਈ,ਸਿੱਖ ਵਿਦਵਾਨ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਸ਼ਰਧਾਜਲੀ ਭੇਟ ਕੀਤੀ