ਨਾਸਿਕ: ਆਕਸੀਜਨ ਸਪਲਾਈ ਰੁਕਣ ਕਾਰਨ 24 ਮੌਤਾਂ

ਨਾਸਿਕ/ਮੁੰਬਈ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਨਾਸਿਕ ਵਿਚ ਵੈਂਟੀਲੇਟਰ ’ਤੇ ਲਾਏ ਕਰੀਬ 24 ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਸਪਲਾਈ ਵਿਚ ਅੜਿੱਕਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਸਰਕਾਰੀ ਹਸਪਤਾਲ ਦੇ ਸਟੋਰੇਜ ਪਲਾਂਟ ’ਚੋਂ ਮੈਡੀਕਲ ਆਕਸੀਜਨ ਲੀਕ ਹੋ ਗਈ ਤੇ ਇਹ ਮਰੀਜ਼ਾਂ ਤੱਕ ਲੋੜੀਂਦੀ ਮਾਤਰਾ ਵਿਚ ਨਹੀਂ ਪਹੁੰਚ ਸਕੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 150 ਕੋਵਿਡ ਮਰੀਜ਼ ਹਸਪਤਾਲ ਦਾਖ਼ਲ ਹੋਏ ਸਨ, ਘਟਨਾ ਵਾਪਰਨ ਵੇਲੇ 23 ਜਣੇ ਵੈਂਟੀਲੇਟਰ ’ਤੇ ਸਨ। ਜਦਕਿ ਬਾਕੀਆਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ।

ਜ਼ਿਲ੍ਹੇ ਦੇ ਡੀਸੀ ਸੂਰਜ ਮੰਧਾਰੇ ਨੇ ਦੱਸਿਆ ਕਿ ਜ਼ਾਕਿਰ ਹੁਸੈਨ ਨਿਗਮ ਹਸਪਤਾਲ ਵਿਚ 24 ਮਰੀਜ਼ਾਂ ਦੀ ਆਕਸੀਜਨ ਸਪਲਾਈ ਵਿਚ ਅੜਿੱਕਾ ਪੈਣ ਕਾਰਨ ਮੌਤ ਹੋ ਗਈ, ਇਹ ਮਰੀਜ਼ ਵੈਂਟੀਲੇਟਰ ਉਤੇ ਵੀ ਸਨ ਤੇ ਆਕਸੀਜਨ ਵੀ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਟੈਂਕ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿਚਲੀਆਂ ਦੂਜੀਆਂ ਥਾਵਾਂ ਤੋਂ ਤੁਰੰਤ ਆਕਸੀਜਨ ਸਿਲੰਡਰ ਜ਼ਾਕਿਰ ਹੁਸੈਨ ਹਸਪਤਾਲ ਪਹੁੰਚਾਏ ਗਏ। ਅਧਿਕਾਰੀਆਂ ਮੁਤਾਬਕ ਆਕਸੀਜਨ ਲੀਕ ਹੋਣ ਬਾਰੇ ਪਤਾ ਦੁਪਹਿਰੇ 12.30 ਵਜੇ ਲੱਗਾ। ਡੀਸੀ ਨੇ ਦੱਸਿਆ ਕਿ ਇਕ ਪ੍ਰਾਈਵੇਟ ਕੰਪਨੀ ਆਕਸੀਜਨ ਟੈਂਕ ਦਾ ਪ੍ਰਬੰਧ ਸੰਭਾਲ ਰਹੀ ਸੀ।

ਜਾਣਕਾਰੀ ਮੁਤਾਬਕ ਸਵੇਰੇ ਕਰੀਬ 10 ਵਜੇ ਆਕਸੀਜਨ ਭੰਡਾਰ ਕਰਨ ਵਾਲੇ ਟੈਂਕ ਦੀ ਇਕ ਸਾਕੇਟ ਟੁੱਟ ਗਈ ਤੇ ਲੀਕੇਜ ਸ਼ੁਰੂ ਹੋ ਗਈ। ਹਸਪਤਾਲ ਸਟਾਫ਼ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮਰੀਜ਼ਾਂ ਨੂੰ ਜੰਬੋ ਸਿਲੰਡਰਾਂ ਰਾਹੀਂ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ। ਕੁਝ ਮਰੀਜ਼ਾਂ ਨੂੰ ਹੋਰ ਥਾਂ ਤਬਦੀਲ ਵੀ ਕੀਤਾ ਗਿਆ। ਆਕਸੀਜਨ ਲੀਕੇਜ ਮਗਰੋਂ ਬੰਦ ਕੀਤੀ ਗਈ ਤੇ ਟੈਂਕ ਦੀ ਮੁਰੰਮਤ ਤੋਂ ਬਾਅਦ ਆਕਸੀਜਨ ਸਪਲਾਈ ਆਮ ਵਾਂਗ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਹੁਣ ਕਿਸੇ ਮਰੀਜ਼ ਦੀ ਹਾਲਤ ਗੰਭੀਰ ਨਹੀਂ ਹੈ।

ਇਸੇ ਦੌਰਾਨ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਤੇ ਸਾਬਕਾ ਮੰਤਰੀ ਗਿਰੀਸ਼ ਮਹਾਜਨ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਮੌਜੂਦਾ ਗੱਠਜੋੜ ਸਰਕਾਰ ਸਿਹਤ ਢਾਂਚੇ ਨੂੰ ਸੁਧਾਰਨ ਵਿਚ ਨਾਕਾਮ ਰਹੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਆਕਸੀਜਨ ਦੀ ਕਮੀ ਕਾਰਨ ਹੋਰ ਮਰੀਜ਼ ਵੀ ਜਾਨ ਗੁਆ ਸਕਦੇ ਹਨ। ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਵਿਚ ਵੀ ਕੋਵਿਡ ਮਰੀਜ਼ਾਂ ਦੇ ਰਿਸ਼ਤੇਦਾਰ ਅੱਜ ਆਕਸੀਜਨ ਦੀ ਕਮੀ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਸੜਕਾਂ ’ਤੇ ਨਿਕਲ ਆਏ। ਦੱਸਣਯੋਗ ਹੈ ਕਿ ਇਕ ਪ੍ਰਾਈਵੇਟ ਹਸਪਤਾਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹਸਪਤਾਲ ਵਿਚ ਆਕਸੀਜਨ ਦੀ ਕਮੀ ਪੈਦਾ ਹੋ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਰੋਸ ਪ੍ਰਗਟ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਮੀ ਜ਼ਰੂਰ ਹੈ, ਪਰ ਸਪਲਾਈ ਰੁਕੀ ਨਹੀਂ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖਨਊ-ਚੰਡੀਗੜ੍ਹ ਸੁਪਰਫਾਸਟ ਖੁੱਲ੍ਹੇ ਫਾਟਕ ’ਤੇ ਵਾਹਨਾਂ ਨਾਲ ਟਕਰਾਈ, 5 ਮੌਤਾਂ
Next articleਆਕਸੀਜਨ ਮੁਹੱਈਆ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ: ਦਿੱਲੀ ਹਾਈ ਕੋਰਟ