(ਸਮਾਜ ਵੀਕਲੀ) ਮੇਰੇ ਯਾਦ ਹੈ ਕਿ ਤੀਜੀ ਚੌਥੀ ਵਿੱਚ ਪੜ੍ਹਦੇ ਸਮੇਂ ਇੱਕ ਦਿਨ ਮੈਂ ਮੇਰੇ ਚਾਚਾ ਮੰਗਲ ਚੰਦ ਦੇ ਸਾਈਕਲ ਦੇ ਪਿੱਛੇ ਬੈਠਾ ਮੰਡੀ ਡੱਬਵਾਲੀ ਤੋਂ ਪਿੰਡ ਵਾਪਿਸ ਆ ਰਿਹਾ ਸੀ। ਇਹ ਤਿੰਨ ਚਾਰ ਜਣੇ ਸਨ ਸਾਈਕਲਾਂ ਤੇ ਜੋ ਗੱਲਾਂ ਮਾਰਦੇ ਹੋਏ ਆ ਰਹੇ ਸਨ। ਪਤਾ ਨਹੀਂ ਕਿਸ ਦੀ ਗਲਤੀ ਨਾਲ ਮੈਂ ਚੱਲਦੇ ਸਾਈਕਲ ਤੋਂ ਡਿੱਗ ਪਿਆ। ਅਤੇ ਮੈਂ ਕਿਸੇ ਦੂਸਰੇ ਦੇ ਸਾਈਕਲ ਦੇ ਪਹੀਆਂ ਵਿਚਕਾਰ ਸੀ। ਚਾਚਾ ਜੀ ਨੇ ਸਾਈਕਲ ਰੋਕ ਕੇ ਮੈਨੂੰ ਚੁੱਕਿਆ ਅਤੇ ਮੁੜ ਉਸੇ ਕੈਰੀਅਰ ਤੇ ਬਿਠਾ ਦਿੱਤਾ।
“ਮਿੱਡੂ ਖੇੜੇ ਇੱਕ ਸਰਦਾਰ ਹੈ ਜੋ ਰੋਜ਼ ਡਾਇਰੀ ਲਿਖਦਾ ਹੈ। ਕਿ ਅੱਜ ਮੀਂਹ ਪਿਆ, ਅੱਜ ਹਨੇਰੀ ਆਈ ਅੱਜ ਫਲਾਣਾ ਆਇਆ। ਫਲਾਣੇ ਘਰ ਮੁੰਡਾ ਹੋਇਆ ਜਾਂ ਫਲਾਣਾ ਫੋਤ ਹੋਇਆ।” ਮੇਰੇ ਡਿੱਗਣ ਬਾਰੇ ਜਾਂ ਮੇਰੇ ਵੱਜੀ ਸੱਟ ਬਾਰੇ ਪੁੱਛਣ ਦੀ ਬਜਾਇ ਚਾਚਾ ਜੀ ਨੇ ਲੰਮੀ ਗੱਲ ਸ਼ੁਰੂ ਕਰ ਲਈ। ਉਸ ਦੀ ਗੱਲ ਕਰਕੇ ਮੈਂ ਰੋਂ ਵੀ ਨਾ ਸਕਿਆ। ਇਹ ਗੱਲ ਮੈਂ ਘਰੇ ਵੀ ਨਹੀਂ ਦੱਸੀ। ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ। ਕਿ ਚਾਚਾ ਜੀ ਨੇ ਮੇਰੇ ਡਿੱਗਣ ਸੱਟ ਬਾਰੇ ਕੋਈਂ ਗੱਲ ਕਿਉਂ ਨਹੀਂ ਕੀਤੀ। ਕੀ ਉਸ ਨੂੰ ਕੋਈਂ ਦੁੱਖ ਜਾਂ ਪਛਤਾਵਾ ਨਹੀਂ ਹੋਇਆ। ਜਾਂ ਉਸਨੇ ਇਸ ਨੂੰ ਮਮੂਲੀ ਗੱਲ ਸਮਝਿਆ। ਇਹ ਵੀ ਹੋ ਸਕਦਾ ਹੈ ਕਿ ਉਹ ਆਪਣੀ ਗੱਲ ਸੁਣਾਕੇ ਮੇਰਾ ਮਨ ਦੂਜੇ ਪਾਸੇ ਲਾਉਣਾ ਚਾਹੁੰਦਾ ਹੋਵੇ। ਅਖੀਰਲਾ ਇਹ ਵੀ ਕਿ ਉਸਦੀ ਗੱਲ ਸੁਣਾਉਣ ਵਿੱਚ ਬਾਹਲੀ ਦਿਸਚਸਪੀ ਸੀ। ਇੰਨੀ ਪੁਰਾਣੀ ਗੱਲ ਬਾਰੇ ਮੈਂ ਹੁਣ ਵੀ ਕਈ ਵਾਰੀ ਸੋਚਦਾ ਹਾਂ।
ਇੱਕ ਗੱਲ ਹੋਰ ਮੇਰੇ ਮਾਮੇ ਦਾ ਮੁੰਡਾ ਸਾਡੇ ਕੋਲ ਰਹਿੰਦਾ ਸੀ ਅਤੇ ਰੋਜ਼ ਡੱਬਵਾਲੀ ਪੜ੍ਹਨ ਆਉਂਦਾ ਸੀ। ਉਸਦੀ ਦਸਵੀਂ ਕਲਾਸ ਸੀ। ਇੱਕ ਦਿਨ ਮੈਂ ਵੀ ਉਸਦੇ ਨਾਲ ਸਾਈਕਲ ਤੇ ਸ਼ਹਿਰ ਆ ਗਿਆ। ਉਸਦੇ ਸਕੂਲ ਸਮੇਂ ਦੌਰਾਨ ਠਹਿਰਨ ਲਈ ਮੇਰੇ ਕੋਲ੍ਹ ਤਿੰਨ ਆਪਸ਼ਨ ਸਨ। ਪਹਿਲਾ ਮਾਸੀ ਦਾ ਘਰ ਦੂਜਾ ਭੂਆ ਦਾ ਘਰ ਅਤੇ ਤੀਜਾ ਕਿਸੇ ਕਿਰਾਏ ਦੇ ਮਕਾਨ ਵਿੱਚ ਆਪਣੀ ਜੇਠਾਣੀ ਨਾਲ ਰਹਿੰਦੀ ਮੇਰੀ ਵੱਡੀ ਮਾਸੀ ਦਾ ਘਰ। ਪ੍ਰੰਤੂ ਮੇਰੇ ਮਾਮੇ ਦਾ ਮੁੰਡਾ ਮੈਨੂੰ ਸਕੂਲ ਦੇ ਨੇੜੇ ਰਹਿੰਦੀ ਮਾਸੀ ਦੀ ਕੁੜੀ ਦੇ ਘਰ ਦੇ ਬਾਹਰ ਹੀ ਉਤਾਰਕੇ ਸਕੂਲ ਚਲਾ ਗਿਆ। ਅੰਦਰ ਜਾਕੇ ਮੈਨੂੰ ਪਤਾ ਲੱਗਿਆ ਕਿ ਮਾਸੀ ਦੀ ਬੇਟੀ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਯਾਨੀ ਮੇਰੀ ਮਾਸੀ ਕੋਲ੍ਹ ਮਿਲਣ ਗਈ ਹੋਈ ਸੀ। ਮੈਂ ਸਾਰੀ ਦਿਹਾੜੀ ਮਾਸੀ ਦੀ ਜੇਠਾਣੀ ਦੇ ਬੱਚਿਆਂ ਨਾਲ ਖੇਡਕੇ ਬਿਤਾਈ। ਨਾ ਕੋਈਂ ਜਾਣ ਨਾ ਪਹਿਚਾਣ। ਉਸਦੀ ਜੇਠਾਣੀ ਵੀ ਝੱਲੀ ਜਿਹੀ ਨੇ ਢੰਗ ਨਾਲ ਰੋਟੀ ਵੀ ਨਹੀਂ ਖੁਆਈ। ਹੁਣ ਵੀ ਮੈਨੂੰ ਮੇਰੇ ਮਾਮੇ ਦੇ ਮੁੰਡੇ ਤੇ ਗੁੱਸਾ ਆਉਂਦਾ ਹੈ ਕਿ ਕਮਲਾ ਜਿਹਾ ਮੈਨੂੰ ਅੱਧ ਵਿਚਕਾਰ ਹੀ ਛੱਡ ਗਿਆ। ਉਸ ਦਿਨ ਜੇ ਉਸਦੀ ਜੇਠਾਣੀ ਵੀ ਪੇਕੇ ਗਈ ਹੁੰਦੀ ਤਾਂ ਮੈਨੂੰ ਜੁਆਕ ਨੂੰ ਗਲੀ ਵਿੱਚ ਹੀ ਨੋ ਤੋਂ ਚਾਰ ਵਜਾਉਣੇ ਪੈਂਦੇ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


