ਸੁਮੇਧ ਸੈਣੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਦਾ ਨਵਾਂ ਕੇਸ ਦਰਜ

Former DGP Sumedh Singh Saini.

ਐੱਸ.ਏ.ਐੱਸ. ਨਗਰ (ਮੁਹਾਲੀ) (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਅਤੇ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਉਣ ਦੇ ਗੰਭੀਰ ਦੋਸ਼ ਉਸ ਦਾ ਪਿੱਛਾ ਨਹੀਂ ਛੱਡ ਰਹੇ ਸੀ ਕਿ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ।

ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਇੱਕ ਸੀਨੀਅਰ ਉੱਚ ਅਧਿਕਾਰੀ ਨੇ ਕੀਤੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਅਪਰਾਧਿਕ ਕੇਸ ਦਰਜ ਕਰਨ ਮਗਰੋਂ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲੀਸ ਦੀ ਇੱਕ ਟੀਮ ਅੱਜ ਸੁਮੇਧ ਸੈਣੀ ਦੀ ਸੈਕਟਰ-20 ਸਥਿਤ ਰਿਹਾਇਸ਼ ’ਤੇ ਪਹੁੰਚੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਪੁਲੀਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਨਹੀਂ, ਬਲਕਿ ਸਾਬਕਾ ਡੀਜੀਪੀ ਨੂੰ ਸੰਮਨ ਦੇਣ ਗਈ ਹੋਵੇ।

ਇਸ ਸਬੰਧੀ ਕੋਈ ਵੀ ਸੀਨੀਅਰ ਜਾਂ ਜੂਨੀਅਰ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਉਧਰ, ਪੁਲੀਸ ਦੇ ਆਉਣ ਦੀ ਸੂਚਨਾ ਮਿਲਦੇ ਹੀ ਸੈਣੀ ਦੇ ਵਕੀਲ ਵੀ ਉੱਥੇ ਪਹੁੰਚ ਗਏ ਹਨ, ਪਰ ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸਾਬਕਾ ਡੀਜੀਪੀ ਇਸ ਸਮੇਂ ਆਪਣੀ ਕੋਠੀ ਵਿੱਚ ਸਨ ਜਾਂ ਚੰਡੀਗੜ੍ਹ ਤੋਂ ਬਾਹਰ।

ਚੰਡੀਗੜ੍ਹ ਵਾਲੀ ਇਸ ਕੋਠੀ ਬਾਰੇ ਪਿਛਲੇ ਦਿਨੀਂ ਵੀ ਕਾਫ਼ੀ ਵਿਵਾਦ ਛਿੜਿਆ ਸੀ। ਕਿਹਾ ਜਾ ਰਿਹਾ ਹੈ ਕਿ ਸੁਮੈਧ ਸੈਣੀ ਵੱਲੋਂ ਇਹ ਕੋਠੀ ਗ਼ਲਤ ਤਰੀਕੇ ਨਾਲ ਖ਼ਰੀਦੀ ਗਈ ਹੈ। ਕੋਠੀ ਦੀ ਰੈਂਟ ਡੀਡ ਅਤੇ ਖ਼ਰੀਦ ਸਬੰਧੀ ਦਸਤਾਵੇਜ਼ਾਂ ਅਤੇ ਪੈਸਿਆਂ ਦਾ ਲੈਣ ਦੇਣ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ। ਮੁਲਤਾਨੀ ਕੇਸ ਵਿੱਚ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਬਲੈਂਕੇਟ ਬੇਲ ਮਿਲੀ ਹੋਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਤੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ ਵਿਰੋਧੀ ਧਿਰ: ਮੋਦੀ
Next articleਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਰੌਣਕ ਪਰਤੀ