(ਸਮਾਜ ਵੀਕਲੀ) ਭਾਰਤ ਅਤੇ ਪਾਕਿਸਤਾਨ—ਇਹ ਦੋਹਾਂ ਮੁਲਕਾਂ ਦੇ ਰਿਸ਼ਤੇ ਇਤਿਹਾਸ ਦੀ ਧੂੜ ਵਿੱਚ ਲੁਕੀਆਂ ਟੁੱਟੀਆਂ ਹੋਈਆਂ ਲਕੀਰਾਂ ਵਾਂਗ ਹਨ। ਇੱਕ ਹੀ ਧਰਤੀ ਤੋਂ ਜੰਮੇ ਇਹ ਦੋ ਰਾਸ਼ਟਰ, ਵੰਡ ਦੀ ਅਵਿਵਸਥਾ ‘ਚ ਐਸੇ ਵੰਡੇ ਗਏ ਕਿ ਦਰਦ ਦੀਆਂ ਲਕੀਰਾਂ ਅੱਜ ਤੱਕ ਨਹੀਂ ਮੁੱਕੀਆਂ। ਕਦੇ ਵਾਪਾਰਕ ਗੱਲਾਂ, ਕਦੇ ਕਲਚਰਲ ਮੁਲਾਕਾਤਾਂ, ਤੇ ਕਦੇ ਜੰਗਾਂ ਅਤੇ ਤਨਾਅ—ਇਹਨਾਂ ਰਿਸ਼ਤਿਆਂ ਦੀ ਮਿਠਾਸ ਅਤੇ ਕਰਵਾਹਟ ਦੋਹਾਂ ਮੁਲਕਾਂ ਦੇ ਬਾਸ਼ਿੰਦਿਆਂ ਨੇ ਭਲੀ ਭਾਂਤ ਹੰਢਾਈ ਹੈ। ਜਿਹੜੇ ਹਥਿਆਰਾਂ ਦੇ ਖਿਲਾਫ ਫ਼ੈਸਲੇ ਹੋਣੇ ਸਨ, ਉੱਥੇ ਅੱਤਵਾਦ ਦੀਆਂ ਤੰਦਾਂ ਨੇ ਸਿਆਸਤਦਾਨਾਂ ਦੇ ਹੱਥ ਫੜ ਲਏ। ਸੱਚ ਪੁੱਛੋ ਤਾਂ, ਇਹ ਰਿਸ਼ਤਾ ਸਮਝ ਤੋਂ ਪਰੇ ਹੈ—ਇੱਕ ਅਜਿਹਾ ਰਾਜਨੀਤਿਕ ਰਿਸਤਾ ਜੋ ਕਦੇ ਵਟਾਂਦਰੇ ਦੀਆਂ ਉਮੀਦਾਂ ਨੂੰ ਜਨਮ ਦੇਂਦਾ ਹੈ, ਤੇ ਕਦੇ ਬਾਰੂਦ ਦੀ ਬੂ ਆਉਣ ਲੱਗ ਪੈਂਦੀ ਹੈ। ਪਰ ਜਿਵੇਂ ਰਾਤ ਦੇ ਬਾਅਦ ਸਵੇਰ ਜ਼ਰੂਰ ਆਉਂਦੀ ਹੈ, ਇਨ੍ਹਾਂ ਦੋਹਾਂ ਦੇ ਰਿਸ਼ਤੇ ਵੀ ਕਿਸੇ ਦਿਨ ਸ਼ਾਂਤੀ ਦੇ ਨਵੇਂ ਪੰਨੇ ‘ਚ ਲਿਖੇ ਜਾਣਗੇ—ਇਹੀ ਉਮੀਦ ਰਖਦੇ ਹਾਂ ।ਪਰ ਬੇਕਸੂਰ ਲੋਕਾਂ ਦਾ ਅਸ਼ਾਂਤੀ ਫੈਲਾਉਣ ਵਾਲੇ ਅਨਸਰਾਂ ਤੇ ਉਨਾਂ ਦੇ ਸਿਆਸੀ ਪਿੱਠ ਥਾਪੜੀਆਂ ਦੀ ਨੀਤੀ ਸਦਾ ਘਿਨਾਉਣੀ ਸੀ ਤੇ ਰਹੇਗੀ। ਇਸ ਵਾਰੀ ਤਾਂ ਪਾਕਿਸਤਾਨ ਦਾ ਪੂਰੇ ਦਾ ਪੂਰਾ ਝੁੱਗਾ ਚੌੜ ਹੀ ਹੋ ਚੁੱਕਿਆ ਹੈ। ਇਸਦੀਆਂ ਲੂੰਬੜ ਚਾਲਾਂ ਨੂੰ ਸਾਰਾ ਜਹਾਨ ਜਾਨ ਚੁੱਕਿਆ ਹੈ।
ਗਵਾਂਢ ਮੱਥਾ ਭਾਰਤ-ਪਾਕਿਸਤਾਨ ਸੰਬੰਧ
ਪੜੋਸੀ: ਮਿੱਠੇ ਵੀ ਉਹੀ, ਤੇ ਕੌੜੇ ਵੀ ਉਹੀ:—
ਸਾਡੇ ਭਾਰਤੀ ਤੇ ਪੰਜਾਬੀ ਸਭਿਆਚਾਰ ਵਿੱਚ ਪੜੋਸੀ ਕੋਈ ਵਿਅਕਤੀ ਨਹੀਂ ਹੁੰਦਾ, ਉਹ ਤਾਂ ਘਰ ਦਾ ਅੱਧਾ ਹਿੱਸਾ ਹੁੰਦਾ ਹੈ। ਕਦੇ ਇੱਕ ਦੇ ਘਰ ਦਾਲ ਪੱਕੀ ਤਾਂ ਦੂਜੇ ਨੇ ਚੌਲ ਤਿਆਰ ਕਰ ਲਏ। ਇੱਕ ਦੀ ਕਾਰ ਦੂਜੇ ਦੀ ਲੋੜ ਲਈ ਤਿਆਰ, ਤੇ ਇਥੇ ਤੱਕ ਕਿ ਇੱਕ ਦੂਜੇ ਦੇ ਕੱਪੜੇ ਵੀ ਮੰਗਕੇ ਪਾ ਲਏ ਜਾਂਦੇ ਹਨ । ਪਰ ਜਿਵੇਂ ਹੀ ਕਿਸੇ ਗੱਲ ’ਤੇ ਥੋੜ੍ਹੀ ਜਿਹੀ ਤਕਰਾਰ ਹੋ ਜਾਵੇ, ਤਾਂ ਸਾਰੇ ਬਿੱਲੀ ਦੀ ਪੂੰਛ ਵਾਂਗ ਖੜੇ ਹੋ ਜਾਂਦੇ ਤੇ ਫਿਰ ਦੁਆ ਨਾ ਸਲਾਮ ਤੇ ਨਾ ਹੀ ਦਿਲ ਦੀ ਕੋਈ ਗੱਲ। ਹੁਣ ਜੇ ਪੜੋਸੀ ਰਸੋਈ ’ਚ ਚਾਹ ਪੀ ਰਿਹਾ ਹੋਵੇ, ਤਾਂ ਅਸੀਂ ਪੱਖਾ ਵੀ ਬੰਦ ਕਰ ਦਿੰਦੇ ਹਾਂ ਕਿ ਸੁਣ ਨਾ ਲਏ! ਕਈ ਵਾਰੀ ਤਾਂ ਇਹ ਤਕੜੀ ਰਣਨੀਤੀ ਹੁੰਦੀ ਹੈ ਕਿ ਮੂੰਹ ਮੋੜ ਲੈਣਾ ਹੀ ਸਬ ਤੋਂ ਵੱਡੀ ਜੰਗ ਜਿੱਤ ਲੈਣੀ। ਤੇ ਜੇ ਰਾਹ ਵਿੱਚ ਮਿਲ ਜਾਣ, ਤਾਂ ਅੱਖਾਂ ਇੰਝ ਹਟਾਈਆਂ ਜਾਂਦੀਆਂ ਜਿਵੇਂ ਕੋਈ ਏਲੀਅਨ ਵੇਖ ਲਿਆ ਹੋਵੇ। ਇਹ ਤਕਰਾਰ ਵੀ ਸਾਡੀ ਜਿੰਦਗੀ ਦਾ ਰੰਗ ਹੈ—ਜਿੱਥੇ ਮਿੱਠੇ ਰਿਸ਼ਤੇ ਕਦੇ ਹੰਝੂ ਲਿਆਉਂਦੇ ਹਨ, ਤੇ ਕਦੇ ਹਾਸਾ ਵੀ। ਅਸਲ ਵਿੱਚ, ਸਾਡੇ ਪੰਜਾਬੀ ਪੜੋਸੀ ਗੱਲ ਗੱਲ ‘ਚ “ਵੈਰੀ” ਵੀ ਬਣ ਜਾਂਦੀ ਤੇ ਦਾਤੇ ਵੀ! ਪਾਕਿਸਤਾਨ ਤੇ ਭਾਰਤ ਵਿੱਚ ਇਸੇ ਤਰਾਂ ਦਾ ਚਲਨ ਬਣ ਚੁੱਕਾ ਹੈ।ਸਮਝ ਨਹੀਂ ਆਉਂਦੀ ਇਸਨੂੰ ਕੀ ਕਿਹਾ ਜਾਵੇ। ਜੋ ਵੀ ਹੈ ਸਾਡੇ ਗਵਾਂਢੀ ਮੁਲਕ ਨੂੰ ਥੋੜੀ ਜਿਹੀ ਸਮਝ ਦਾ ਇਜ਼ਹਾਰ ਤਾਂ ਕਰਨਾ ਹੀ ਚਾਹੀਦਾ ਹੈ। ਜੇ ਅਸੀਂ ਰੰਬਾ ਬਣਾਉਂਦੇ ਹਾਂ ਤਾਂ ਉਹ ਵੀ ਬਣਾ ਲੈਂਦਾ ਹੈ, ਜੇ ਅਸੀਂ ਪ੍ਰਾਤ ਬਣਾਉਂਦੇ ਹਾਂ ਤਾਂ ਉਹ ਦਾਤ ਬਣਾਉਂਦਾ ਹੈ। ਜੇ ਸਾਡੇ ਲੋਕ ਸਿੱਖਿਆ ਵਿੱਚ ਅੱਗੇ ਵਧਦੇ ਹਨ ਤਾਂ,ਉਹ ਆਪਣੇ ਮਦਰੱਸਿਆਂ ਵਿੱਚ ਬੱਚਿਆਂ ਨੂੰ ਹਥਿਆਰ ਚਲਾਉਣ ਦੀ ਤਾਲੀਮ ਤੇ ਜੇਹਾਦ ਦੇ ਨਾਂ ਤੇ ਕੁਰਬਾਨ ਹੋਣ ਤੇ ਕਤਲੇਆਮ ਕਰਨ ਦੀ ਸਿੱਖਿਆ ਵਿੱਚ ਵਾਧਾ ਕਰ ਦਿੰਦੇ ਹਨ ਹਨ। ਜੇ ਅਸੀਂ ਪੂਜਾ ਪਾਠ, ਜਾਪ ਧਰਮ ਕਰਮ ਦੀ ਸਿੱਖਿਆ ਤੇ ਜ਼ੋਰ ਦਿੰਦੇ ਹਾਂ ਤਾਂ ਉਹ ਕੱਟੜਵਾਦ ਨੂੰ ਵਧਾਵਾ ਦਿੰਦੇ ਹਨ।ਜੋ ਵੀ ਹੋਵੇ ਕੋਈ ਜਾਤ,ਧਰਮ, ਮਜ਼ਹਬ ਦੂਸਰੇ ਦਾ ਨਾਜਾਇਜ਼ ਖੂਨ ਕਰਨ ਦੀ ਸ਼ਾਹਦੀ ਨਹੀਂ ਭਰਦਾ । ਜਿਸ ਤਰਾਂ ਪਿੱਛੇ ਜਿਹੇ ਪਾਕਿਸਤਾਨੀ
ਸ਼ਹਿ ਅੰਦਰ ਰਹਿ ਰਹੇ ਅੱਤਵਾਦੀਆਂ ਨੇ 26 ਤੋਂ ਚਾਲੀ ਦੇ ਵਿਚਕਾਰ ਬੇਕਸੂਰ ਹਿੰਦੂਆਂ ਨੂੰ ਧਰਮ ਪੁਛ ਪੁੱਛਕੇ ਖਤਮ ਕਰ ਦਿੱਤਾ ਸੀ । ਇਹ ਕੋਈ ਬਹਾਦਰੀ ਨਹੀਂ ਨਾ ਹੀ ਕਿਸੇ ਨੂੰ ਡਰਾਉਣ ਤੇ ਧਮਕਾਉਣ ਦਾ ਕੋਈ ਤਰੀਕਾ ਹੈ।ਇਹ ਇੱਕ ਕਾਇਰਤਾ ਤੋਂ ਵਧਕੇ ਹੋਰ ਕੁਝ ਨਹੀਂ।
ਪਾਕਿਸਤਾਨ ਵਿੱਚਲੀ ਗਿਰਦੀ ਮਾਲੀ ਹਾਲਤ :—
ਪਾਕਿਸਤਾਨ ਇਸ ਵੇਲੇ ਇੱਕ ਐਸੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਜਿੱਥੇ ਆਰਥਿਕ ਬੇਚੈਨੀ ਨੇ ਹਰ ਵਰਗ ਦੇ ਇਨਸਾਨ ਨੂੰ ਜਕੜ ‘ਚ ਲੈ ਲਿਆ ਹੈ। ਰੁਪਏ ਦੀ ਕਦਰ ਥੱਲੇ ਡਿਗਦੀ ਜਾ ਰਹੀ ਹੈ, ਮਹਿੰਗਾਈ ਨੇ ਆਮ ਆਦਮੀ ਦੀ ਰੋਟੀ ਖੋਹ ਲਈ ਹੈ, ਤੇ ਨੌਜਵਾਨ ਬੇਰੋਜ਼ਗਾਰੀ ਦੇ ਹਨੇਰੇ ਵਿਚ ਭਟਕ ਰਹੇ ਹਨ। ਸਰਕਾਰੀ ਖਜ਼ਾਨਾ ਖਾਲੀ ਹੋ ਚੁੱਕਾ ਹੈ, ਜਦਕਿ ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲੈਣ ਵਾਲੀਆਂ ਰਕਮਾਂ ਦੀਆਂ ਸ਼ਰਤਾਂ ਲੋਕਾਂ ਦੀ ਜਿੰਦਗੀ ਤੇ ਹੋਰ ਵੀ ਭਾਰੀ ਪੈ ਰਹੀਆਂ ਹਨ। ਇਹ ਹਾਲਾਤ ਸਿਰਫ ਸੰਖਿਆਵਾਂ ਦੀ ਗੱਲ ਨਹੀਂ, ਇਹ ਉਨ੍ਹਾਂ ਅੱਖਾਂ ਦੀ ਗੱਲ ਹੈ ਜੋ ਹਰ ਰੋਜ਼ ਆਪਣੀ ਉਮੀਦ ਨੂੰ ਮਰਦੇ ਵੇਖਦੀਆਂ ਹਨ। ਏਸ ਦੌਰ ਨੂੰ ਬਚਾਉਣ ਲਈ ਨਾ ਸਿਰਫ ਨਵੀਂ ਸੋਚ ਦੀ ਲੋੜ ਹੈ, ਸਗੋਂ ਇਮਾਨਦਾਰ ਰਾਸ਼ਟਰਪੱਧਰੀ ‘ਸੋਚ ਦੀ ਸਖ਼ਤ ਲੋੜ ਹੈ। ਪਾਕਿਸਤਾਨ ਵਿਚ ਅੱਜਕੱਲ੍ਹ ਜੋ ਸਿਆਸੀ, ਫੌਜੀ ਅਤੇ ਧਾਰਮਿਕ ਅਗਵਾਈ ਹੇਠ ਮੁਹਿੰਮਾਂ ਚਲ ਰਹੀਆਂ ਹਨ, ਉਹ ਕਿਸੇ ਵੀ ਤਰ੍ਹਾਂ ਦੇ ਰਾਸ਼ਟਰੀ ਵਿਕਾਸ ਜਾਂ ਖੇਤਰੀ ਸ਼ਾਂਤੀ ਵੱਲ ਨਹੀਂ, ਸਗੋਂ ਤਬਾਹੀ, ਅੱਤਵਾਦ ਅਤੇ ਹਥਿਆਰਾਂ ਦੇ ਜ਼ਖੀਰੇ ਵੱਲ ਨੂੰ ਲੈ ਕੇ ਜਾ ਰਹੀਆਂ ਹਨ। ਇਨ੍ਹਾਂ ਮੁਹਿੰਮਾਂ ਨੇ ਸਿਰਫ ਆਪਣੀ ਧਰਤੀ ਨੂੰ ਹੀ ਨਹੀਂ, ਸਗੋਂ ਆਸਪਾਸ ਦੇ ਦੇਸ਼ਾਂ ਨੂੰ ਵੀ ਅਸ਼ਾਂਤੀ ਅਤੇ ਖ਼ਤਰੇ ਦੀ ਘਿਨੌਣੀ ਝਲਕ ਵਿਖਾਈ ਹੈ। ਜੋ ਕਿ ਖ਼ਾਸ ਕਰਕੇ ਭਾਰਤ ਦੇ ਖਿਲਾਫ ਚਲਾਈ ਜਾਂਦੀ ਹੈ। ਇਹ ਤਸਵੀਰ ਸਾਨੂੰ ਦੱਸਦੀ ਹੈ ਕਿ ਜਿੱਥੇ ਲੋਕ ਭੁੱਖ, ਬੇਰੋਜ਼ਗਾਰੀ ਅਤੇ ਅਗਿਆਨਤਾ ਨਾਲ ਲੜ ਰਹੇ ਹਨ, ਉੱਥੇ ਹਕੂਮਤਾਂ ਆਪਣੀਆਂ ਨਾਕਾਮੀਆਂ ਨੂੰ ਓਹਨਾ ਮੁਹਿੰਮਾਂ ਰਾਹੀਂ ਢੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਮਨੁੱਖਤਾ ਲਈ ਇੱਕ ਖ਼ਤਰਾ ਬਣ ਰਹੀਆਂ ਹਨ। ਇਨ੍ਹਾਂ ਹਾਲਾਤਾਂ ਵਿੱਚ ਸੰਤੁਲਨ ਤੇ ਸੱਚਾਈ ਨੂੰ ਸਮਝਣਾ, ਅਤੇ ਅਮਨ ਨੂੰ ਸਿਰਮੌਰ ਥਾਂ ਰੱਖਣ ਦੀ ਸਭ ਤੋਂ ਵੱਡੀ ਲੋੜ ਹੈ।
ਤੱਤਸਾਰ :–
ਇਹ ਲੇਖ ਲਿਖਣ ਦਾ ਮੇਰਾ ਮਕਸਦ , ਕਦੇ ਵੀ ,ਕੇਵਲ ਤੇ ਕੇਵਲ ਪਾਕਿਸਤਾਨੀ ਜਨਤਾ ਦੀ ਨਿਖੇਦੀ ਕਰਨਾ ਨਹੀਂ ਹੈ , ਸਗੋਂ, ਉਥੇ ਦੇ ਅਸਲੀ ਹਾਲਾਤਾਂ ਨੂੰ ਉਜਾਗਰ ਕਰਕੇ , ਦੁਨੀਆਂ ਨੂੰ,ਇਸ ਮੁਲਕ ਦੀ ਸਿਆਸੀ ਤੇ ਜਨਤਕ ਹਕੀਕਤ ਵਿਚਲੇ ਵੱਡੇ ਪਾੜੇ ਦੀ ਤਸਵੀਰ ਪੇਸ਼ ਕਰਨਾ ਹੈ। ਇਥੇ ਮੈਂ ,ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੇਲੇ ਦੀ ਪਾਕਿਸਤਾਨ ਫੇਰੀ ਤੇ ਉਥੋਂ ਦੇ ਆਮ ਲੋਕਾਂ ਵੱਲੋਂ ਮਿਲੇ ਨਿੱਘੇ ਅਪਣੱਤ ਦਾ ਜ਼ਿਕਰ ਜ਼ਰੂਰ ਕਰਾਂਗੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਗੁਰੂਘਰ, ਪਹੁੰਚੇ ਤਾਂ ਇੰਮੀਗ੍ਰੇਸ਼ਨ ਕਲੀਅਰ ਕਰਵਾਉਣ ਵੇਲੇ ਹੀ , ਡਿਊਟੀ ਤੇ ਤੈਨਾਤ ਵੀਰਾਂ ਭੈਣਾਂ ਨੇ ਬੜੇ ਹੀ ਸਤਿਕਾਰ ਹਿਤ ਪੇਸ਼ ਆ ਕੇ ਸਾਡੀ ਪੂਰੇ ਦਿਲੋਂ ,ਮੁਸਕੁਰਾਹਟ ਨਾਲ ਮਦਦ ਕੀਤੀ। ਇਸੇ ਤਰਾਂ ਗੁਰੂ ਘਰ ਵਿੱਚ ਕੰਮ ਕਰ ਰਹੇ ਹਰ ਬਾਸ਼ਿੰਦੇ ਨੇ ਅੱਗੇ ਵਧ ਵਧ ਕੇ ਸਾਡੇ ਨਾਲ ਗੱਲਾਂ ਕਰਨੀਆਂ ਚਾਹੀਆਂ, ਬਹੁਤ ਕੁਝ ਜਾਨਣਾ ਚਾਹਿਆ ਤੇ ਕਈ ਤਾਂ ਆਪਣੇ ਭਾਰਤੀ ਪਿਛੋਕੜ ਨੂੰ ਯਾਦ ਕਰ, ਸਾਡੇ ਗਲ ਲੱਗ ਰੋਣ ਹੀ ਲੱਗ ਪਏ। ਉਨਾਂ ਦੇ ਇਸ ਨਿਰਛਲ ਪਿਆਰ ਤੇ ਆਪਣੇਪਣ ਨੂੰ ਵੇਖਕੇ ਸਾਡੀਆਂ ਅੱਖਾਂ ਵੀ ਸੇਜਲ ਹੋ ਗਈਆਂ।ਇਸ ਸਭ ਕੁਝ ਤੋਂ ਇਹੋ ਤੱਤ ਨਿਕਲਦਾ ਹੈ ਕਿ ਚੰਦ ਸਿਆਸੀ,ਧਾਰਮਿਕ ਕੱਟੜਪੰਥੀਆਂ ਤੇ ਨਫਾਖੋਰੀਆਂ ਨੂੰ ਛੱਡ ਕੇ ,ਬਾਕੀ ਸਾਰੇ, ਧਰਤੀ ਦੇ ਸੀਨੇ ਤੇ ਵੱਜੀ ਲਕੀਰ ਨੂੰ ਦਿਲਾਂ ਤੇ ਵੱਜੀ ਉਹ ਲਕੀਰ ਮਹਿਸੂਸ ਦੇ ਹਨ ਜੋ ਪਿਛਲੇ 75 ਸਾਲਾਂ ਤੋਂ ਰਿਸ ਰਹੀ ਹੈ।।
ਨਰੇਸ਼ ਕੁਮਾਰੀ ਸ਼ਰਮਾ
ਨਿਊਜ਼ੀਲੈਂਡ, ਆਕਲੈਂਡ
006401755894
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



