ਯੂਕਰੇਨ ਦੇ ਹੱਕ ਵਿੱਚ ਡਟੇ ਗੁਆਂਢੀ ਮੁਲਕ

ਕੀਵ (ਸਮਾਜ ਵੀਕਲੀ): ਚਾਰ ਮੁਲਕਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦੀ ਰਾਜਧਾਨੀ ਨੇੜੇ ਰੂਸੀ ਹਮਲਿਆਂ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕੀਤਾ ਤੇ ਉਨ੍ਹਾਂ ਜੰਗੀ ਅਪਰਾਧਾਂ ਲਈ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ। ਬੀਤੇ ਦਿਨ ਪੋਲੈਂਡ, ਲਿਥੁਆਨੀਆ, ਲਾਤਵੀਆ ਤੇ ਐਸਟੋਨੀਆ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕਰਦਿਆਂ ਯੂਕਰੇਨ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ’ਚੋਂ ਤਿੰਨ ਮੁਲਕ ਇੱਕ ਸਮੇਂ ਸੋਵੀਅਤ ਯੂਨੀਅਨ ਦਾ ਹਿੱਸਾ ਸਨ।

ਇਹ ਆਗੂ ਰੇਲ ਗੱਡੀ ਰਾਹੀਂ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਤੇ ਇੱਥੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਇਹ ਨੇੜਲੇ ਸ਼ਹਿਰ ਬੋਰੋਦਿੰਕਾ ਪੁੱਜੇ ਜਿੱਥੇ ਰੂਸੀ ਫੌਜਾਂ ਨੇ ਭਿਆਨਕ ਤਬਾਹੀ ਮਚਾਈ ਸੀ। ਲਿਥੁਆਨੀਆ ਦੇ ਰਾਸ਼ਟਰਪਤੀ ਗਿਟਾਨਸ ਨੌਸੇਦਾ ਨੇ ਕਿਹਾ ਕਿ ਯੂਰੋਪ ਦੇ ਭਵਿੱਖ ਦੀ ਜੰਗ ਇੱਥੇ ਲੜੀ ਜਾ ਰਹੀ ਹੈ। ਉਨ੍ਹਾਂ ਰੂਸੀ ਤੇਲ ਤੇ ਗੈਸ ਦੀ ਦਰਾਮਦ ਅਤੇ ਦੇਸ਼ ਦੀਆਂ ਬੈਂਕਾਂ ਸਮੇਤ ਹੋਰ ਸਖਤ ਪਾਬੰਦੀਆਂ ਲਾਏ ਜਾਣ ਦੀ ਮੰਗ ਕੀਤੀ। ਇਸੇ ਦੌਰਾਨ ਕੀਵ ਦੇ ਇਤਿਹਾਸਕ ਮੈਰੀਨਸਕੀ ਪੈਲੇਸ ’ਚ ਲਿਥੁਆਨੀਆ ਦੇ ਰਾਸ਼ਟਰਪਤੀ ਨੌਸੇਦਾ, ਐਸਟੋਨੀਆ ਦੇ ਰਾਸ਼ਟਰਪਤੀ ਐਲਰ ਕੈਰਿਸ, ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਦੂਦਾ ਅਤੇ ਲਾਤਵੀਆ ਦੇ ਰਾਸ਼ਟਰਪਤੀ ਐਗਿਲਜ਼ ਲੈਵਿਤਜ਼ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਸਾਂਝੇ ਤੌਰ ’ਤੇ ਸਮਾਗਮ ਨੂੰ ਸੰਬੋਧਨ ਕੀਤਾ।

ਪੋਲੈਂਡ ਦੇ ਰਾਸ਼ਟਰਪਤੀ ਨੇ ਕਿਹਾ, ‘ਸਾਨੂੰ ਇਤਿਹਾਸ ਪਤਾ ਹੈ। ਅਸੀਂ ਰੂਸੀ ਕਬਜ਼ੇ ਤੇ ਰੂਸੀ ਅਤਿਵਾਦ ਦਾ ਮਤਲਬ ਸਮਝਦੇ ਹਾਂ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦਾ ਸਬੰਧ ਜੰਗੀ ਅਪਰਾਧਾਂ ਨਾਲ ਹੈ ਅਤੇ ਜੋ ਇਸ ਲਈ ਹੁਕਮ ਦਿੰਦਾ ਹੈ ਉਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsrael successfully tests new laser-based air defence system
Next articleFrance, Algeria working on reviving bilateral ties: French FM